ਗੈਸ ਏਜੰਸੀ ਮਾਲਕ ਦੀਆਂ ਮਨਮਾਨੀਆਂ ਤੋਂ ਦੁੱਖੀ

-ਗੈਸ ਏਜੰਸੀ ਦੇ ਮਾਲਕ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ, 15 ਦਿਨਾਂ ਬਾਅਦ ਲੋਕਾਂ ਨੇ ਮੁੜ ਘੇਰੀ ਗੈਸ ਏਜੰਸੀ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਸੰਗਤ ਮੰਡੀ ਵਿਖੇ ਬਣੀ ਇੰਡੇਨ ਗੈਸ ਏਜੰਸੀ ਵੱਲੋ ਬੁੱਕ ਹੋਏ ਗੈਸ ਸਿਲੰਡਰ ਨਾ ਦੇਣ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਅਗਵਾਈ ਹੇਠ ਲੋਕਾਂ ਵੱਲੋਂ ਤੇਜ਼ ਗ਼ਰਮੀ 'ਚ ਗੈਸ ਏਜੰਸੀ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਕਾਰੀਆਂ ਵੱਲੋਂ ਗੈਸ ਏਜੰਸੀ ਮਾਲਕ ’ਤੇ ਦੋਸ਼ ਲਗਾਇਆ ਕਿ ਇਲਾਕੇ 'ਚ ਇਕਲੌਤੀ ਗੈਸ ਏਜੰਸੀ ਹੋਣ ਕਾਰਨ ਉਨ੍ਹਾਂ ਵੱਲੋਂ ਲੋਕਾਂ ਨੂੰ ਬੁੱਕ ਕੀਤੇ ਹੋਏ ਗੈਸ ਸਿਲੰਡਰ ਦੇਣ ਦੀ ਬਜਾਏ ਜਾਣ ਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿਚ ਇਕ ਹੋਰ ਗੈਸ ਏਜੰਸੀ ਅਲਾਟ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਦਿਕਤਾਂ ਦੂਰ ਹੋ ਸਕਣ। ਜ਼ਿਕਰਯੋਗ ਹੈ ਕਿ ਲੋਕਾਂ ਨੇ ਦੁੱਖੀ ਹੋ ਕੇ 15 ਦਿਨਾਂ ਬਾਅਦ ਮੁੜ ਗੈਸ ਏਜੰਸੀ ਨੂੰ ਘੇਰਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗਹਿਰੀ ਬੁੱਟਰ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਇੰਡੇਨ ਗੈਸ ਏਜੰਸੀ ਦੇ ਮਾਲਕ ਵੱਲੋਂ ਬੁੱਕ ਹੋਏ ਗੈਸ ਸਿਲੰਡਰ ਨਾ ਦੇ ਕੇ ਲੋਕਾਂ ਨੂੰ ਲਗਾਤਾਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਉਨ੍ਹਾਂ ਨੂੰ ਤੇਜ਼ ਗਰਮੀ 'ਚ ਅਣਮਿਥੇ ਸਮੇਂ ਲਈ ਲਗਾਤਾਰ ਦੂਸਰੀ ਵਾਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਹਰ ਕਿਸੇ ਨੂੰ ਗੈਸ ਸਿਲੰਡਰ ਦੀ ਲੋੜ ਹੈ ਪ੍ਰੰਤੂ ਉਨ੍ਹਾਂ ਨੂੰ ਬੁੱਕ ਕਰਨ ਤੋਂ ਬਾਅਦ ਵੀਂ ਸਿਲੰਡਰ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਕੋਈ ਉਪਭੋਗਤਾ ਸਿਲੰਡਰ ਬੁੱਕ ਕਰਵਾਉਣ ਲਈ ਗੈਸ ਏਜੰਸੀ ਆਉਂਦਾ ਹੈ ਤਾਂ ਉਸ ਨੂੰ ਏਜੰਸੀ ਦੇ ਬਾਹਰ ਤੇਜ਼ ਧੁੱਪ ’ਚ ਹੀ ਖੜ੍ਹੇ ਹੋ ਕੇ ਸਿਲੰਡਰ ਬੁੱਕ ਕਰਵਾਉਣਾ ਪੈਂਦਾ ਹੈ, ਜਿਥੇ ਗਰਮੀ ਦੇ ਮੌਸਮ ’ਚ ਵੀ ਇੰਡੇਨ ਸਰਵਿਸ ਗੈਸ ਏਜੰਸੀ ਵੱਲੋਂ ਛਾਂ ਜਾਂ ਪੀਣ ਦੇ ਪਾਣੀ ਤਕ ਦਾ ਕੋਈ ਵੀ ਪ੍ਰਬੰਧ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇੰਡੇਨ ਗੈਸ ਕੰਪਨੀ ਦੇ ਸੇਵਾ ਮੁਕਤ ਅਫ਼ਸਰ ਵੱਲੋਂ ਚਾਰ ਮਹੀਨੇ ਪਹਿਲਾਂ ਉਕਤ ਗੈਸ ਏਜੰਸੀ ਖ਼ਰੀਦੀ ਗਈ ਸੀ ਪ੍ਰੰਤੂ ਸਾਰਾ ਕੁੱਝ ਜਾਣਦੇ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਨਿਯਮਾ ਦੀ ਪਾਲਣਾ ਨਾ ਕਰਦੇ ਹੋਏ ਏਜੰਸੀ ਅਤੇ ਗੋਦਾਮ ਦੇ ਬਾਹਰ ਸਟਾਕ ਬੋਰਡ ਜਾਣ-ਬੁੱਝ ਕੇ ਨਹੀਂ ਲਗਾਏ ਗਏ ਤਾਂ ਜੋ ਏਜੰਸੀ ਕੋਲ ਗੈਸ ਸਿਲੰਡਰਾਂ ਦੀ ਜਾਣਕਾਰੀ ਲੋਕਾਂ ਨੂੰ ਪਤਾ ਨਾ ਲੱਗ ਸਕੇ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੈਸ ਏਜੰਸੀਆਂ ਦੇ ਮਾਲਕ ਵੱਲੋ ਖੁਦ ਹੀ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਕਰਵਾਈ ਜਾ ਰਹੀ ਹੈ, ਇਸੇ ਕਾਰਨ ਹੀ ਗੈਸ ਸਿਲੰਡਰਾਂ ਦੀ ਕਿੱਲਤ ਪਿਛਲੇ ਚਾਰ ਮਹੀਨੇ ਤੋਂ ਪੈਦਾ ਹੋਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਗੈਸ ਦੀ ਸਪਲਾਈ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਦਾ ਮਾਲਕ ਗੈਸ ਕੰਪਨੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ’ਚ ਅਸਰ ਰਸੂਖ਼ ਰੱਖਦੇ ਹੋਣ ਕਾਰਨ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਨਹੀਂ ਮੰਨਦੇ ਅਤੇ ਮਨਮਾਨੀਆਂ ਕਰਦੇ ਹਨ। ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਧਰਨਾਕਾਰੀਆਂ ਤੇ ਉਨ੍ਹਾਂ ਗੈਸ ਏਜੰਸੀ ਦੇ ਮਾਲਕ ਹਰਸਵਰੂਪ ਚੌਧਰੀ ਨਾਲ ਗੱਲਬਾਤ ਕਰਨ ਲਈ ਥਾਣੇ ’ਚ ਆਹਮੋ ਸਾਹਮਣੇ ਮੀਟਿੰਗ ਕਾਰਵਾਈ ਪ੍ਰੰਤੂ ਕੋਈ ਸਿੱਟਾ ਨਹੀਂ ਨਿਕਲ ਸਕਿਆ। ਧਰਨਾਕਾਰੀਆਂ ਨੇ ਇਹ ਐਲਾਨ ਕੀਤਾ ਕੇ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕੱਲ੍ਹ ਨੂੰ ਮੰਡੀ ਦਾ ਬਜ਼ਾਰ ਬੰਦ ਕਰਕੇ ਗੈਸ ਏਜੰਸੀ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ। ਜਦ ਇਸ ਸਬੰਧੀ ਇੰਡੇਨ ਗੈਸ ਏਜੰਸੀ ਦੇ ਮਾਲਕ ਹਰਸਵਰੂਪ ਚੌਧਰੀ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਗੱਡੀ ਚਲਾ ਰਹੇ ਹਨ ਤੁਸੀਂ ਇੱਥੇ ਆ ਜਾਓ ਤੁਹਾਨੂੰ ਸਭ ਕੁੱਝ ਦੱਸ ਦਿੱਤਾ ਜਾਵੇਗਾ।