ਗੈਸ ਏਜੰਸੀ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ, ਬਜ਼ਾਰ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ, ਗੈਸ ਏਜੰਸੀ ਸੰਚਾਲਕ ਸਮੇਤ ਦੋ ’ਤੇ ਪਰਚਾ

-ਸਿਲੰਡਰਾਂ ਨਾਲ ਭਰੀ ਗੱਡੀ ਘੇਰ ਕੇ ਕੀਤਾ ਹੰਗਾਮਾ, ਰਾਤ 8 ਵਜੇ ਗੁਪਤ ਢੰਗ ਨਾਲ ਹੋ ਰਹੀ ਸੀ ਸਪਲਾਈ, ਰਿਕਾਰਡ ਮੰਗਣ ’ਤੇ ਨਹੀਂ ਮਿਲਿਆ ਜਵਾਬ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਜ਼ਿਲ੍ਹੇ ਦੇ ਵੱਡੇ ਕਸਬੇ ਸੰਗਤ ਮੰਡੀ ਵਿੱਚ ਸ਼ੁੱਕਰਵਾਰ ਦੀ ਰਾਤ ਉਸ ਵੇਲੇ ਸਥਿਤੀ ਤਨਾਅ ਪੂਰਨ ਬਣ ਗਈ ਜਦੋਂ ਇਕ ਗੈਸ ਏਜੰਸੀ ਦੀ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਸਥਾਨਕ ਲੋਕਾਂ ਨੇ ਘੇਰ ਲਿਆ। ਲੋਕਾਂ ਦਾ ਦੋਸ਼ ਹੈ ਕਿ ਏਜੰਸੀ ਵੱਲੋਂ ਰਾਤ ਦੇ ਸਮੇਂ ਗੁਪਤ ਤਰੀਕੇ ਨਾਲ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਜਾ ਰਹੀ ਸੀ, ਜਦਕਿ ਆਮ ਖਪਤਕਾਰ ਕਾਫ਼ੀ ਸਮੇਂ ਤੋਂ ਗੈਸ ਨਾ ਮਿਲਣਤੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਗੈਸ ਏਜੰਸੀ ਸੰਚਾਲਕਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਵਪਾਰੀਆਂ ਨੇ ਸੰਗਤ ਮੰਡੀ ਦੇ ਬਾਜ਼ਾਰ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਤੇ ਗੈਸ ਏਜੰਸੀ ਅੱਗੇ ਧਰਨਾ ਲਗਾ ਦਿੱਤਾ। ਲੋਕ ਮੰਗ ਕਰ ਰਹੇ ਸਨ ਕਿ ਗੈਸ ਸਿਲੰਡਰਾਂ ਦੀ ਹੋਰ ਰਹੀ ਕਾਲਾਬਜ਼ਾਰੀ ਦੀ ਜਾਂਚ ਕਰਕੇ ਏਜੰਸੀ ਮਾਲਕਾਂ ਤੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 10 ਵਜੇ ਇਕ ਵਾਹਨ ਸਿਲੰਡਰਾਂ ਦੀ ਸਪਲਾਈ ਲਈ ਕਸਬੇ ਵਿੱਚ ਪਹੁੰਚਿਆ। ਇਸ ਗੱਲ ‘ਤੇ ਸ਼ੱਕ ਹੋਣ ’ਤੇ ਇਲਾਕੇ ਦੇ ਲੋਕਾਂ ਨੇ ਤੁਰੰਤ ਗੱਡੀ ਨੂੰ ਰੋਕ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੈਸ ਏਜੰਸੀ ਦੇ ਮਾਲਕ ਅਤੇ ਕਰਮਚਾਰੀ ਮੌਕੇ ਤੋਂ ਖਿਸਕ ਗਏ, ਜਿਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ। ਮਾਮਲਾ ਵਧਦਾ ਦੇਖ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿਚ ਕੀਤਾ। ਪੁਲਿਸ ਵੱਲੋਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਜ਼ਿਲ੍ਹਾ ਖਾਦ ਅਤੇ ਸਪਲਾਈ ਵਿਭਾਗ ਦੇ ਏਐਫਐਸਓ ਗੁਰਤੇਜ ਸਿੰਘ ਅਤੇ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਵੱਲੋਂ ਸੰਗਤ ਇੰਡੇਨ ਸਰਵਿਸ ਏਜੰਸੀ ਦੇ ਮਾਲਕਾਂ ਕੋਲੋਂ ਗੱਡੀ ਅਤੇ ਸਿਲੰਡਰਾਂ ਨਾਲ ਸਬੰਧਤ ਰਿਕਾਰਡ ਮੰਗਿਆ ਗਿਆ, ਪਰ ਏਜੰਸੀ ਵੱਲੋਂ ਕੋਈ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਇਸ ਕਾਰਨ ਸ਼ੱਕ ਹੋਰ ਡੂੰਘਾ ਹੋ ਗਿਆ ਹੈ ਕਿ ਸਿਲੰਡਰਾਂ ਦੀ ਸਪਲਾਈ ਵਿੱਚ ਕੋਈ ਗੜਬੜ ਹੋ ਸਕਦੀ ਹੈ।
ਏਐਫਐਸਓ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਸਬੰਧਤ ਕੰਪਨੀ ਨੂੰ ਭੇਜ ਦਿੱਤੀ ਗਈ ਹੈ ਅਤੇ ਹੁਣ ਅਗਲੀ ਕਾਰਵਾਈ ਕੰਪਨੀ ਦੇ ਪੱਧਰ ‘ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਗਲਤ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਏਜੰਸੀ ਸੰਚਾਲਕ ਅੰਜੂ ਬਾਲਾ ਅਤੇ ਸਿਲੰਡਰਾਂ ਵਾਲੀ ਗੱਡੀ ਦੇ ਚਾਲਕ ਨਿਰਮਲ ਸਿੰਘ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੁੱਕਰਵਾਰ ਦੇਰ ਰਾਤ ਪੁਲਿਸ ਨੇ ਏਜੰਸੀ ਮਾਲਕਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇ ਮਾਮਲਾ ਇਕ ਵਾਰ ਸ਼ਾਂਤ ਕਰ ਲਿਆ, ਪਰ ਸ਼ਨੀਵਾਰ ਨੂੰ ਵਪਾਰੀਆਂ ਨੇ ਗੈਸ ਏਜੰਸੀ ਤੇ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ। ਸ੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸ਼ੁਸੀਲ ਗੋਲਡੀ ਨੇ ਦੱਸਿਆ ਕਿ ਇਸ ਗੈਸ ਏਜੰਸੀ ਖ਼ਿਲਾਫ਼ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਏਜੰਸੀ ਵੱਲੋਂ ਸਮੇਂ ’ਤੇ ਗੈਸ ਸਪਲਾਈ ਨਹੀਂ ਕੀਤੀ ਜਾਂਦੀ, ਮਨਮਾਨੀ ਕੀਮਤਾਂ ‘ਤੇ ਸਿਲੰਡਰ ਵੇਚੇ ਜਾਂਦੇ ਹਨ ਤੇ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ। ਇਨ੍ਹਾਂ ਲਗਾਤਾਰ ਸ਼ਿਕਾਇਤਾਂ ਕਾਰਨ ਲੋਕਾਂ ਵਿਚ ਕਾਫ਼ੀ ਸਮੇਂ ਤੋਂ ਨਾਰਾਜ਼ਗੀ ਪੈਦਾ ਹੋ ਰਹੀ ਸੀ, ਜੋ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸ਼ਨੀਵਾਰ ਨੂੰ ਗੁੱਸੇ ਵਿਚ ਆਏ ਸਥਾਨਕ ਵਪਾਰੀਆਂ ਤੇ ਨਿਵਾਸੀਆਂ ਨੇ ਦੁਕਾਨਾਂ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਸੜਕਾਂ ‘ਤੇ ਧਰਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਗੈਸ ਏਜੰਸੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਏਜੰਸੀ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਆਮ ਲੋਕਾਂ ਨੂੰ ਸਮੇਂ ’ਤੇ ਗੈਸ ਸਪਲਾਈ ਯਕੀਨੀ ਬਣਾਈ ਜਾਵੇ। ਠਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਜਲਦੀ ਕਾਰਵਾਈ ਨਾ ਕੀਤੀ, ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।