ਗਗਨਦੀਪ ਜੰਮੂ ’ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ
ਗਗਨਦੀਪ ਜੰਮੂ ਉਪਰ ਹੋਏ ਜਾਨ ਲੇਵਾ ਹਮਲੇ ਦੀ ਨਿੰਦਾ
Publish Date: Wed, 20 May 2026 04:33 PM (IST)
Updated Date: Thu, 21 May 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਦੇ ਸਪੁੱਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਗਗਨਦੀਪ ਜੰਮੂ ਉਪਰ ਹੋਏ ਜਾਨਲੇਵਾ ਹਮਲੇ ਦੀ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖ਼ਤ ਨਿਖੇਧੀ ਕੀਤੀ ਹੈ। ਯੂਨੀਅਨ ਵੱਲੋਂ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਸੰਤੋਖ ਗਿੱਲ, ਜਥੇਬੰਦਕ ਸਕੱਤਰ ਦਵਿੰਦਰ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਨੇ ਇਸ ਘਟਨਾ ਉਪਰ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਇਸ ਨੂੰ ਕਾਨੂੰਨੀ ਭਾਈਚਾਰੇ ਉਪਰ ਇੱਕ ਸਿੱਧਾ ਹਮਲਾ ਦੱਸਿਆ। ਆਗੂਆਂ ਨੇ ਕਿਹਾ ਕਿ ਗਗਨਦੀਪ ਜੰਮੂ ਉਪਰ ਕੁਰਾਲੀ ਖਰੜ ਮਾਰਗ ’ਤੇ ਜਾਨਲੇਵਾ ਹਮਲਾ ਕੀਤਾ ਸੀ, ਹਾਲਾਂਕਿ ਉਹ ਸੁਰੱਖਿਅਤ ਹਨ। ਪਰ ਅਜਿਹੀਆਂ ਅਪਰਾਧਿਕ ਘਟਨਾਵਾਂ ਵਕੀਲ ਭਾਈਚਾਰੇ ਦੀ ਆਜ਼ਾਦੀ, ਮਾਣ-ਸਨਮਾਨ ਉਪਰ ਹਮਲਾ ਹੈ। ਇਸ ਮੁਸੀਬਤ ਦੀ ਘੜੀ ’ਚ ਗਗਨਦੀਪ ਜੰਮੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਹੈ। ਜਥੇਬੰਦੀ ਨੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਕਾਨੂੰਨੀ ਭਾਈਚਾਰੇ ਨੂੰ ਉਚਿਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਪੇਸ਼ਾਵਰ ਜ਼ਿੰਮੇਵਾਰੀਆਂ ਨਿਭਾਅ ਸਕਣ। ਜਥੇਬੰਦੀ ਨੇ ਅਜਿਹੀਆਂ ਹਿੰਸਕ ਅਤੇ ਗੈਰ-ਕਾਨੂੰਨੀ ਘਟਨਾਵਾਂ ਉਪਰ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ, ਸੂਬਾ ਸਕੱਤਰ ਵੀਰਪਾਲ ਭਗਤਾ, ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਰਾਜੂ ਤੇ ਰਾਜਿੰਦਰ ਮਰਾਹੜ੍ਵ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈਸ ਕਲੱਬ ਭਗਤਾ, ਪਰਵੀਨ ਗਰਗ, ਬਿੰਦਰ ਜਲਾਲ, ਸਵਰਨ ਸਿੰਘ ਭਗਤਾ ਆਦਿ ਨੇ ਵੀ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।