ਹਰ ਵਿਧਾਨ ਸਭਾ ਹਲਕੇ ਤੋਂ 40 ਤੋਂ ਵੱਧ ਬੱਸਾਂ ਜਾਣਗੀਆਂ: ਪਰਮਪਾਲ ਕੌਰ
ਮੋਗਾ ਰੈਲੀ ਲਈ ਲੋਕ ਸਭਾ ਹਲਕਾ ਬਠਿੰਡਾ ਦੀਆਂ ਤਿਆਰੀਆਂ ਮੁਕੰਮਲ
Publish Date: Fri, 13 Mar 2026 05:54 PM (IST)
Updated Date: Sat, 14 Mar 2026 04:13 AM (IST)
-ਅੱਜ ਦੀ ਮੋਗਾ ਰੈਲੀ ਲਈ ਲੋਕ ਸਭਾ ਹਲਕਾ ਦੀਆਂ ਤਿਆਰੀਆਂ ਮੁਕੰਮਲ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ਦੇ ਕੰਨਵੀਨਰ ਪਰਮਪਾਲ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਇਕੱਠ ਪੱਖੋਂ ਇਤਿਹਾਸਿਕ ਹੋਵੇਗੀ ਜੋ ਕਿ ਮੋਗਾ ’ਚ ਪਿਛਲੇ ਕਈ ਦਹਾਕਿਆ ’ਚ ਹੋਈਆਂ ਸਿਆਸੀ ਰੈਲੀਆਂ ਦੇ ਰਿਕਾਰਡ ਤੋੜ ਦੇਵੇਗੀ। ਉਨ੍ਹਾਂ ਰੈਲੀ ਦੀਆਂ ਤਿਆਰੀਆਂ ਵਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਲੋਕ ਸਭਾ ਹਲਕਾ ਬਠਿੰਡਾ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਤੋਂ ਹਰ ਹਲਕੇ ਤੋਂ ਘਟੋ ਘੱਟ 40 ਬੱਸਾਂ ਤੇ ਕੁੱਲ 400 ਦੇ ਕਰੀਬ ਬੱਸਾਂ ਰਾਹੀਂ ਲੋਕ ਮੋਗਾ ਰੈਲੀ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਲਈ ਵਿਜੈ ਸਿੰਗਲਾ, ਮਾਨਸਾ ਲਈ ਜਗਦੀਪ ਸਿੰਘ ਨਕਈ, ਬੁਢਲਾਡਾ ਲਈ ਵਿਨੋਦ ਕੁਮਾਰ ਵਿੰਟਾ, ਮੌੜ ਲਈ ਮੱਖਣ ਜਿੰਦਲ, ਲੰਬੀ ਲਈ ਮੋਹਨ ਲਾਲ ਗਰਗ, ਬਠਿੰਡਾ ਸ਼ਹਿਰੀ ਲਈ ਸਰੂਪ ਚੰਦ ਸਿੰਗਲਾ, ਭੁੱਚੋ ਲਈ ਭੂਸ਼ਨ ਕੁਮਾਰ ਅਤੇ ਬਠਿੰਡਾ ਦਿਹਾਤੀ ਲਈ ਗੁਰਚਰਨ ਸਿੰਘ ਸੰਧੂ ਨੂੰ ਇੰਚਾਰਜ ਲਗਾਇਆ ਗਿਆ ਹੈ। ਤਲਵੰਡੀ ਹਲਕੇ ’ਚ ਉਹ ਖੁਦ ਜਿੰਮੇਵਾਰੀ ਨਿਭਾ ਰਹੇ ਹਨ। ਸਾਰੇ ਹੀ ਇੰਚਾਰਜਾਂ ਵੱਲੋਂ ਰੈਲੀ ਦੀ ਸਫਲਤਾ ਲਈ ਸਖਤ ਮਿਹਨਤ ਕੀਤੀ ਹੈ। ਇੰਚਾਰਜਾਂ ਵੱਲੋਂ ਤਕਰੀਬਨ ਹਰ ਪਿੰਡ ’ਚ ਵਰਕਰ ਤੇ ਆਮ ਲੋਕਾਂ ਨਾਲ ਇਕੱਤਰਤਾ ਰਾਹੀਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਹੈ। ਭਾਜਪਾ ਦੇ ਪੰਜਾਬ ਏਜੰਡੇ ਵਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਲੋਕ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਆਪ ਮੁਹਾਰੇ ਮੋਗਾ ਰੈਲੀ ’ਚ ਸ਼ਮੂਲੀਅਤ ਕਰਨਗੇ। ਹਰ ਹਲਕੇ ’ਚੋ 50 ਤੋਂ ਵੱਧ ਬੱਸਾਂ ਦੀ ਮੰਗ ਕੀਤੀ ਗਈ ਹੈ। ਪਾਰਟੀ ਵੱਲੋਂ ਪੰਜਾਬ ਤੇ ਗੁਆਂਢੀ ਰਾਜਾਂ ਤੋਂ ਬੱਸਾਂ ਦੀ ਬੁਕਿੰਗ ਕੀਤੀ ਗਈ ਹੈ। ਭਾਜਪਾ ਦੇ ਸੀਨਿਅਰ ਆਗੂ ਵਰਕਰ ਅਤੇ ਲੋਕ ਆਪਣੇ ਪੱਧਰ ’ਤੇ ਟਰਾਂਸਪੋਰਟ ਦੇ ਵੀ ਇੰਤਜਾਮ ਕਰਨ ਲਈ ਅੱਗੇ ਆ ਰਹੇ ਹਨ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਮੋਗਾ ਰੈਲੀ ਤੋਂ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਹਨ। ਮੋਗਾ ਰੈਲੀ ਪੰਜਾਬ ਦੀ ਸਿਆਸੀ ਹਵਾ ਤੇ ਸਮੀਕਰਨ ਬਦਲ ਦੇਵੇਗੀ। ਇਤਿਹਾਸ ਗਵਾਹ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਸਿਆਸੀ ਰੈਲੀਆਂ ਹਮੇਸ਼ਾ ਵਿਰੋਧੀਆਂ ਤੇ ਭਾਰੂ ਪੈਂਦੀਆਂ ਹਨ । ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਡੱਬਲ ਇੰਜ਼ਨ ਦੀ ਸਰਕਾਰ ਦੀ ਲੋੜ ਹੈ ਤੇ ਮੋਗਾ ਰੈਲੀ ਇਸ ਦੀ ਨੀਂਹ ਰੱਖੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਦਿੱਤੀ।