ਬਿਜਲੀ ਦੀ ਮੰਗ ਨਾਲ ਸ਼ਿਕਾਇਤਾਂ ’ਚ ਵਾਧਾ, ਲੰਬੇ ਕੱਟਾਂ ਤੋਂ ਲੋਕ ਪਰੇਸ਼ਾਨ
ਬਿਜਲੀ ਦੀ ਮੰਗ ਦੇ ਨਾਲ ਸ਼ਿਕਾਇਤਾਂ ਵੀ ਵਧੀਆਂ, ਪਾਵਰ ਕਾਮ ਕੋਲ ਸਟਾਫ ਦੀ ਵੱਡੀ ਘਾਟ, ਲੰਬੇ ਕੱਟਾਂ ਤੋਂ ਲੋਕ ਪਰੇਸ਼ਾਨ
Publish Date: Mon, 04 May 2026 05:02 PM (IST)
Updated Date: Tue, 05 May 2026 04:05 AM (IST)

-ਸਟਾਫ਼ ਦੀ ਘਾਟ, ਪਾਵਰਕਾਮ ਕੋਲ ਬਠਿੰਡਾ ਚ 197 ਪੋਸਟਾਂ ਖਾਲੀ, 139 ਲਾਇਨਮੈਨਾਂ ਦੀਆਂ ਪੋਸਟਾਂ ’ਚੋਂ 69 ਪੋਸਟਾਂ ਖ਼ਾਲੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਗਰਮੀ ਦਾ ਪ੍ਰਕੋਪ ਵਧਣ ਦੇ ਨਾਲ ਜ਼ਿਲ੍ਹੇ ਅੰਦਰ ਬਿਜਲੀ ਦੀ ਮੰਗ ਹੋਰ ਵੱਧ ਗਈ ਹੈ। ਦੂਜੇ ਪਾਸੇ ਤੇਜ਼ ਗਰਮੀ ਕਾਰਨ ਬਿਜਲੀ ਸਪਲਾਈ ਵਿੱਚ ਲਗਾਤਾਰ ਨੁਕਸ ਪੈ ਰਹੇ ਹਨ। ਹਰ ਰੋਜ਼ ਬਠਿੰਡਾ ਅੰਦਰ 200 ਤੋਂ 250 ਸ਼ਿਕਾਇਤਾਂ ਬਿਜਲੀ ਸਪਲਾਈ ਸਬੰਧੀ ਪਾਵਰਕਾਮ ਨੂੰ ਮਿਲ ਰਹੀਆਂ ਹਨ, ਪਰ ਬਿਜਲੀ ਸਪਲਾਈ ਠੀਕ ਕਰਨ ਲਈ ਪਾਵਰਕਾਮ ਕੋਲ ਸਟਾਫ ਦੀ ਵੱਡੀ ਘਾਟ ਹੈ। ਇਹੀ ਕਾਰਨ ਹੈ ਕਿ ਕਈ ਕਈ ਘੰਟੇ ਬਿਜਲੀ ਸਪਲਾਈ ਮੁੜ ਚਾਲੂ ਨਹੀਂ ਹੁੰਦੀ, ਜਿਸ ਕਾਰਨ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟ ਸਹਿਣੇ ਪੈ ਰਹੇ ਹਨ। ਪਿਛਲੇ ਦਿਨਾਂ ਵਿੱਚ ਝੱਖੜ ਅਤੇ ਹਨੇਰੀਆਂ ਕਾਰਨ 10-10 ਘੰਟੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਉਡੀਕ ਕਰਨੀ ਪਈ ਸੀ, ਜਿਸ ਦਾ ਕਾਰਨ ਸੀ ਕਿ ਤੇਜ਼ ਹਨੇਰੀ ਕਾਰਨ ਜ਼ਿਲ੍ਹੇ ਅੰਦਰ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਵਿੱਚ ਨੁਕਸ ਪੈ ਗਿਆ ਸੀ ਪਰ ਪਾਵਰਕਾਮ ਕੋਲ ਇੱਕਦਮ ਸਾਰੇ ਥਾਵਾਂ ’ਤੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਮੁਲਾਜ਼ਮ ਨਹੀਂ ਸਨ। ਹਾਲਾਤ ਇਹ ਹਨ ਕਿ ਬਠਿੰਡਾ ਵਿੱਚ ਹੀ ਪਾਵਰ ਕੰਮ ਦੇ ਫੀਲਡ ਵਿੱਚ ਕੰਮ ਕਰਨ ਵਾਲੇ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਵਾਲੇ ਕਾਮਿਆਂ ਦੀ ਵੱਡੀ ਘਾਟ ਹੈ। ਬਠਿੰਡਾ ਵਿੱਚ ਅਜਿਹੇ ਮੁਲਾਜ਼ਮਾਂ ਦੀਆਂ 452 ਪੋਸਟਾਂ ਮਨਜ਼ੂਰ ਸੁਦਾ ਹਨ, ਜਿਸ ਵਿੱਚੋਂ 197 ਪੋਸਟਾਂ ਖਾਲੀ ਚੱਲ ਰਹੀਆਂ ਹਨ। ਬਿਜਲੀ ਸਪਲਾਈ ਨੂੰ ਠੀਕ ਕਰਨ ਵਿੱਚ ਸਭ ਤੋਂ ਵੱਡਾ ਰੋਲ ਇੰਜੀਨੀਅਰ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦਾ ਮੰਨਿਆ ਜਾਂਦਾ ਹੈ। ਪਰ ਜੇਕਰ ਨਜ਼ਰ ਮਾਰੀ ਜਾਵੇ ਤਾਂ ਬਠਿੰਡਾ ਵਿੱਚ ਲਾਈਨਮੈਨਾਂ ਦੀਆਂ 139 ਅਸਾਮੀਆਂ ਮਨਜ਼ੂਰ ਸੁਦਾ ਹਨ, ਜਿਸ ਵਿੱਚੋਂ 69 ਅਸਾਮੀਆਂ ਖਾਲੀ ਚੱਲ ਰਹੀਆਂ ਹਨ। ਬਠਿੰਡਾ ਦੀ ਬਿਜਲੀ ਸਪਲਾਈ ਸਿਰਫ 70 ਲਾਈਨਮੈਨਾਂ ਦੇ ਸਹਾਰੇ ਚੱਲ ਰਹੀ ਹੈ। ਇਸ ਤੋਂ ਇਲਾਵਾ ਸਹਾਇਕ ਲਾਇਨਮੈਨ ਦੀਆਂ 250 ਪੋਸਟਾਂ ਮਨਜ਼ੂਰ ਸ਼ੁਦਾ ਹਨ ਜਿਸ ਵਿੱਚੋਂ ਸਿਰਫ 100 ਅਸਾਮੀਆਂ ਹੀ ਭਰੀਆਂ ਹੋਈਆਂ ਹਨ। 250 ਸਹਾਇਕ ਲਾਇਨਮੈਨਾਂ ਦਾ ਕੰਮ 150 ਸਹਾਇਕ ਲਾਇਨਮੈਨਾਂ ਉੱਪਰ ਪਿਆ ਹੋਇਆ ਹੈ। ਇਥੋਂ ਤਕ ਹੈ ਕਿ ਬਠਿੰਡਾ ਵਿੱਚ ਪਾਵਰ ਕਾਮ ਕੋਲ ਕੋਈ ਵੀ ਮੀਟਰ ਰੀਡਰ ਨਹੀਂ ਹੈ, ਜਿਸ ਕਾਰਨ ਮੀਟਰਾਂ ਦੇ ਰੀਡਿੰਗ ਲੈਣ ਵਿੱਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਤੋਂ ਇਲਾਵਾ ਗਰਿੱਡ ’ਤੇ ਤੈਨਾਤ ਰਹਿਣ ਵਾਲੇ ਐਸਐਸਏ ਦੀਆਂ 4 ਪੋਸਟਾਂ ਮਨਜ਼ੂਰ ਸ਼ੁਦਾ ਹਨ, ਜਿਸ ਵਿੱਚੋਂ 3 ਪੋਸਟਾਂ ਖਾਲੀ ਚੱਲ ਰਹੀਆਂ ਹਨ। ਬਠਿੰਡਾ ਵਿੱਚ ਸਿਰਫ ਇਕ ਐਸਐਸ ਦੇ ਸਹਾਰੇ ਹੀ ਗਰਿੱਡ ਚੱਲ ਰਹੇ ਹਨ। ਇਸ ਤੋਂ ਇਲਾਵਾ ਆਰਟੀਐਮ ਦੀਆਂ 7 ਵਿੱਚੋਂ 4 ਪੋਸਟਾਂ ਖਾਲੀ ਚੱਲ ਰਹੀਆਂ ਹਨ, ਸਿਰਫ ਤਿੰਨ ਆਰਟੀਐਮ ਹੀ ਬਠਿੰਡਾ ਵਿੱਚ ਕੰਮ ਕਰ ਰਹੇ ਹਨ। ਜੂਨੀਅਨ ਇੰਜਨੀਅਰ ਦੀਆਂ 34 ਅਸਾਮੀਆਂ ਮਨਜ਼ੂਰ ਸ਼ੁਦਾ ਹਨ, ਜਿਸ ਵਿੱਚੋਂ 31 ਅਸਾਮੀਆਂ ਭਾਰੀਆਂ ਹੋਈਆਂ ਹਨ ਅਤੇ 3 ਅਸਾਮੀਆਂ ਖਾਲ੍ਹੀ ਹਨ। ਹਾਲਾਤ ਇਹ ਹਨ ਕਿ ਪਾਵਰਕਾਮ ਦੇ ਮੁਲਾਜ਼ਮਾਂ ਨੂੰ 8 ਘੰਟੇ ਦੀ ਬਜਾਏ 16 ਘੰਟੇ ਕੰਮ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਪਾਵਰਕਾਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਸਪਲਾਈ ਵਿੱਚ ਨੁਕਸ ਪੈਂਦਾ ਹੈ ਤਾਂ ਲੋਕ ਇਸ ਦੀ ਸ਼ਿਕਾਇਤ ਵਿਭਾਗ ਪਾਸ ਦਰਜ ਕਰਵਾਉਂਦੇ ਹਨ, ਜਿਸ ਤੋਂ ਬਾਅਦ ਪਾਵਰਕਾਮ ਤੋਂ ਉਕਤ ਲਾਈਨ ਦਾ ਪਰਮਿਟ ਲੈ ਕੇ ਬਿਜਲੀ ਸਪਲਾਈ ਬੰਦ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਨੁਕਸ ਨੂੰ ਲੱਭ ਕੇ ਉਸ ਨੂੰ ਦੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਮੁਲਾਜ਼ਮਾਂ ਦੀ ਲੋੜ ਹੁੰਦੀ ਹੈ ਪਰ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਮੁਲਾਜ਼ਮਾਂ ਨਾਲ ਹਾਦਸੇ ਵੀ ਕਿਸੇ ਕਾਰਨ ਵਾਪਰ ਰਹੇ ਹਨ, ਕਿਉਂਕਿ ਉਨ੍ਹਾਂ ਤੋਂ ਦੁੱਗਣਾ ਕੰਮ ਲਿਆ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਾਵਰਕਾਾਮ ਪੱਕੇ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਬਜਾਏ ਇਸ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਿਹਾ ਹੈ। ਪਾਵਰਕਾਮ ਦੇ ਐਕਸੀਅਨ ਸੰਦੀਪ ਕੁਮਾਰ ਦਾ ਕਹਿਣਾ ਸੀ ਕਿ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਵਧ ਗਈ ਹੈ। ਗਰਮੀ ਕਾਰਨ ਬਿਜਲੀ ਸਪਲਾਈ ਵਿਚ ਨੁਕਸ ਪੈਣ ਦੀਆਂ ਵੱਡੀ ਗਿਣਤੀ ਸ਼ਿਕਾਇਤਾਂ ਆ ਰਹੀਆਂ ਹਨ ਪਰ ਪਾਵਰਕਾਮ ਕੋਲ ਸਟਾਫ਼ ਦੀ ਵੱਡੀ ਘਾਟ ਹੈ ਜਿਸ ਕਾਰਨ ਬਿਜਲੀ ਸਪਲਾਈ ਠੀਕ ਕਰਨ ਵਿਚ ਕਈ ਸਾਰ ਸਮਾਂ ਲੱਗ ਜਾਂਦਾ ਹੈ, ਪਰ ਫਿਰ ਵੀ ਉਹ ਰਾਤ ਸਮੇਂ ਵੀ ਕੰਮ ਕਰਕੇ ਹਨ। -ਬਾਕਸ- -ਮੋਬਾਈਲ ਰਾਹੀਂ 1912 ’ਤੇ ‘ਨੋ ਸਪਲਾਈ’ ਲਿਖ ਕੇ ਭੇਜੋ ਐੱਸਐੱਮਐੱਸ : ਪਾਵਰਕਾਮ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਜੇਕਰ ਫੋਨ ਲਾਈਨ ਵਿਅਸਤ ਹੋਵੇ ਤਾਂ ਆਪਣੇ ਪੀਐਸਪੀਸੀਐਲ ਰਜਿਸਟਰਡ ਮੋਬਾਈਲ ਤੋਂ 1912 ’ਤੇ “ਨੋ ਸਪਲਾਈ” ਲਿਖ ਕੇ ਐੱਸਐੱਮਐੱਸ ਭੇਜੋ। ਜੇਕਰ ਸ਼ਿਕਾਇਤ ਦੇ ਨਿਪਟਾਰੇ ਨਾਲ ਸੰਤੁਸ਼ਟ ਨਾ ਹੋਵੋ ਤਾਂ ਪੀਐਸਪੀਸੀਐਲ ਦੀ ਮੋਬਾਈਲ ਐਪ ਜਾਂ 1912 ’ਤੇ ਦੁਬਾਰਾ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ 18001801512 ‘ਤੇ ਮਿਸ ਕਾਲ, 9646101912 ‘ਤੇ ਵਟਸਐਪ ਜਾਂ 1912 ‘ਤੇ ਫੋਨ ਕਰਕੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਪਾਵਰਕਾਮ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਬਿਜਲੀ ਬੰਦ ਹੋਣ ਤੋਂ ਬਾਅਦ ਜਦੋਂ ਸਪਲਾਈ ਮੁੜ ਆਵੇ ਤਾਂ ਘਰਾਂ ਵਿੱਚ ਚੱਲ ਰਹੇ ਏਸੀ ਜਾਂ ਹੋਰ ਵੱਧ ਬਿਜਲੀ ਖਪਤ ਵਾਲੇ ਉਪਕਰਣਾਂ ਦੇ ਸਵਿੱਚ ਬੰਦ ਰੱਖਣ, ਕਿਉਂਕਿ ਬਿਜਲੀ ਆਉਣ ਸਮੇਂ ਏਸੀ ਆਮ ਤੋਂ ਲਗਭਗ ਢਾਈ ਗੁਣਾ ਵੱਧ ਬਿਜਲੀ ਖਿੱਚਦਾ ਹੈ, ਜੋ ਨੁਕਸਾਨਦਾਇਕ ਹੋ ਸਕਦਾ ਹੈ।