ਲਾਪਰਵਾਹੀ: ਬਕਸਿਆਂ ਦੇ ਬਾਹਰ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋਡ਼ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

-ਸ਼ਹਿਰ ’ਚ ਬਿਜਲੀ ਦਾ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਚੁੱਕੇ ਨੇ ਕਈ ਲੋਕ, ਡਿਵਾਈਡਰ ਪਾਰ ਕਰਦਿਆਂ ਲੱਗ ਸਕਦੈ ਕਰੰਟ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਦੀ ਲਾਪਰਵਾਹੀ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਿੱਚ ਲੱਗੀਆਂ ਹਜ਼ਾਰਾਂ ਸਟਰੀਟ ਲਾਈਟਾਂ ਦੇ ਜ਼ਿਆਦਾਤਰ ਬਿਜਲੀ ਬਕਸੇ ਖੁੱਲ੍ਹੇ ਪਏ ਹਨ ਤੇ ਉਨ੍ਹਾਂ ਵਿੱਚੋਂ ਨੰਗੀਆਂ ਤਾਰਾਂ ਦੇ ਜੋੜ ਬਾਹਰ ਲਟਕ ਰਹੇ ਹਨ, ਜੋ ਆਮ ਲੋਕਾਂ ਲਈ ਗੰਭੀਰ ਖਤਰਾ ਬਣੇ ਹੋਏ ਹਨ। ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਤੇ ਡਿਵਾਈਡਰਾਂ ’ਤੇ ਲੱਗੇ ਇਹ ਖੁੱਲ੍ਹੇ ਬਕਸੇ ਹਰ ਸਮੇਂ ਹਾਦਸੇ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਤਾਰਾਂ ਬਿਲਕੁਲ ਸੜਕ ਦੇ ਨੇੜੇ ਹਨ, ਜਿਸ ਕਾਰਨ ਮੀਂਹ ਜਾਂ ਨਮੀ ਦੇ ਦੌਰਾਨ ਕਰੰਟ ਫੈਲਣ ਦਾ ਖਤਰਾ ਹੋਰ ਵੱਧ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਬਿਜਲੀ ਦੇ ਖੰਭਿਆਂ ਤੇ ਸਟਰੀਟ ਲਾਈਟਾਂ ਵਿਚ ਕਰੰਟ ਆਉਣ ਕਾਰਨ ਕਈ ਲੋਕ ਤੇ ਪਸ਼ੂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸੜਕ ਪਾਰ ਕਰਦੇ ਸਮੇਂ ਜਾਂ ਡਿਵਾਈਡਰ ਤੋਂ ਲੰਘਦਿਆਂ ਲੋਕਾਂ ਨੂੰ ਕਰੰਟ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ। ਇੱਥੇ ਦੱਸਣਾ ਬਣਦਾ ਹੈ ਕਿ ਅਕਸਰ ਲੋਕ ਸੜਕ ਪਾਰ ਕਰਨ ਲੱਗੇ ਲੰਬਾ ਚੱਕਰ ਲਗਾ ਕੇ ਕੱਟ ਰਾਹੀ ਆਉਣ ਦੀ ਬਜਾਏ, ਉਹ ਡਿਵਾਈਡਰ ਉੱਪਰੋਂ ਦੀ ਲੰਘ ਕੇ ਜਾਂਦੇ ਹਨ। ਇਨ੍ਹਾਂ ਡਿਵਾਈਡਰਾਂ ’ਤੇ ਹੀ ਸਟਰੀਟ ਲਾਈਟਾਂ ਵਾਲੇ ਖੰਭੇ ਲਗਾਏ ਹੋਏ ਹਨ। ਖੰਭਰਿਆਂ ’ਤੇ ਲੱਗੇ ਬਕਸਿਆਂ ਦੇ ਢੱਕਣ ਨਹੀਂ ਹੈ ,ਜਿਸ ਕਾਰਨ ਨੰਗੀਆਂ ਤਾਰਾਂ ਦੇ ਜੋਡ਼ ਬਾਹਰ ਲਮਕਦੇ ਰਹਿੰਦੇ ਹਨ। ਕਾਹਲੀ ਨਾਲ ਡਿਵਾਈਡਰ ਦੇ ਉਪਰੋਂ ਦੀ ਲੰਘਣ ਸਮੇਂ ਇਨ੍ਹਾਂ ਜੋੜਾਂ ਦੇ ਸੰਪਰਕ ਵਿਚ ਆ ਕੇ ਕਈ ਲੋਕ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਚੁੱਕੇ ਹਨ।
ਜਾਣਕਾਰੀ ਅਨੁਸਾਰ ਨਿਗਮ ਦਾ ਐੱਲਈਡੀ ਲਾਈਟਾਂ ਦਾ ਪ੍ਰਾਜੈਕਟ 16.60 ਕਰੋੜ ਦਾ ਹੈ। ਇਹ 15 ਅਗਸਤ 2020 ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀ। ਨਗਰ ਨਿਗਮ ਵੱਲੋਂ ਲਾਈਟਾਂ ਨਾਲ ਸਬੰਧਤ ਪ੍ਰਾਜੈਕਟ ਦਾ ਠੇਕਾ ਪੈਨਾਸੋਨਿਕ ਕੰਪਨੀ ਨਾਲ ਕੀਤਾ ਗਿਆ ਸੀ। ਕਰੋੜਾਂ ਰੁਪਏ ਦਾ ਪ੍ਰਾਜੈਕਟ ਹੋਣ ਤੋਂ ਬਾਅਦ ਵੀ ਲਾਪਰਵਾਹੀ ਦਾ ਆਲਮ ਇਹ ਹੈ ਕਿ ਕਈ ਸਟਰੀਟ ਲਾਈਟਾਂ ਦੇ ਖੰਭਿਆਂ ਤੋਂ ਤਾਰਾਂ ਨਿਕਲ ਚੁੱਕੀਆਂ ਹਨ। ਨਿਗਮ ਦੇ ਸਬੰਧਤ ਅਧਿਕਾਰੀ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ ਕਿਉਂਕਿ ਸ਼ਾਇਦ ਉਹ ਵੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਕੋਈ ਹਾਦਸਾ ਵਾਪਰ ਜਾਵੇ ਤੇ ਉਸ ਤੋਂ ਬਾਅਦ ਉਹ ਸਭ ਕੁਝ ਠੀਕ ਕਰਵਾ ਲੈਣ। ਇਸ ਸਬੰਧੀ ਸਮਾਜ ਸੇਵੀ ਤੇ ਆਰਟੀਆਈ ਕਾਰਕੁੰਨ ਹਰਮਿਲਾਪ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਇਸ ਸਬੰਧੀ ਠੋਸ ਕਦਮ ਚੁੱਕੇ ਜਾਣ। ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਸ਼ਹੀਦ ਨੰਦ ਸਿੰਘ ਚੌਕ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਨੰਗੀਆਂ ਤਾਰਾਂ ਲਟਕ ਰਹੀਆਂ ਹਨ।ਸ਼ਹਿਰ ਦੇ ਇਕ-ਦੋ ਇਲਾਕੇ ਹੀ ਨਹੀਂ ਸਗੋਂ ਕਈ ਇਲਾਕਿਆਂ, ਸੜਕਾਂ, ਨੈਸ਼ਨਲ ਹਾਈਵੇ ਦੀ ਵੀ ਇਹੀ ਹਾਲਤ ਹੈ, ਜਿਵੇਂ 350 ਦੇ ਕਰੀਬ ਲਾਈਟਾਂ ਵਾਲੀ ਜੀਟੀ.ਰੋਡ, 100 ਦੇ ਕਰੀਬ ਲਾਈਟਾਂ ਵਾਲੀ ਮਾਲ ਰੋਡ, ਭੱਟੀ ਰੋਡ, ਪਰਸ ਰਾਮ ਨਗਰ ਅੰਡਰ ਬ੍ਰਿਜ ਵਾਲੇ ਖੇਤਰ ਵਿਚ ਬਕਸਿਆਂ ਢੱਕਣ ਹੀ ਨਹੀਂ ਹਨ ਜਿਸ ਕਾਰਨ ਨੰਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਸਮੇਂ ਮੌਤ ਦਾ ਕਹਿਰ ਬਣ ਸਕਦੀਆਂ ਹਨ। ਦੂਜੇ ਪਾਸੇ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਕੰਪਨੀ ਦੇ ਕਰਮਚਾਰੀਆਂ ਨਾਲ ਗੱਲ ਕਰਕੇ ਸ਼ਹਿਰ ਵਿੱਚ ਸਟਰੀਟ ਲਾਈਟਾਂ ਦੇ ਖੰਭਿਆਂ ਦੇ ਖੁੱਲ੍ਹੇ ਪੁਆਇੰਟ ਨੂੰ ਬੰਦ ਕਰਵਾਇਆ ਜਾਵੇਗਾ।