ਸਨਮਾਨ ਯੋਗ ਕੰਮ ਦੀਆਂ ਹਾਲਤਾਂ ਅਤੇ ਉਜਰਤਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਜ਼ਦੂਰਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਜੀਦਾ ਵਿਖੇ ਸਪੋਰਟਸਕਿੰਗ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਆਪਣੀ ਉਜਰਤਾਂ ਦੇ ਵਾਧੇ ਤੇ ਕੰਮ ਦੀਆਂ ਚੰਗੀ ਹਾਲਤ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਫੈਕਟਰੀ ਦੀ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਅਤੇ ਧਮਕਾਉਣ ਸਬੰਧੀ ਡੈਮੋਕ੍ਰੇਟਿਕ ਟੀਚਰ ਫਰੰਟ ਇਕਾਈ ਬਠਿੰਡਾ ਵੱਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਨੇ ਦੱਸਿਆ ਕਿ ਸਪੋਰਟਸਕਿੰਗ ਫੈਕਟਰੀ ਜੀਦਾ ਦੇ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਅੱਤ ਦੀ ਗਰਮੀ ਦੇ ਵਿਚ ਉਨ੍ਹਾਂ ਨੂੰ ਬੇਹੱਦ ਮਾੜੀ ਹਾਲਤ ’ਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਤੋਂ 12-12 ਘੰਟੇ ਕੰਮ ਲੈ ਕੇ ਬੇਹਦ ਨਿਗੂਣਾ ਮਿਹਨਤਾਨਾ ਦਿੱਤਾ ਜਾਂਦਾ ਹੈ। ਇਸ ਤੋਂ ਬਿਨਾਂ ਓਵਰਟਾਈਮ ਲਈ ਜਬਰੀ ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾਲ ਹੋ ਰਹੇ ਇਨ੍ਹਾਂ ਵਿਤਕਰਿਆਂ ਦੇ ਖਿਲਾਫ਼ ਮਜ਼ਦੂਰਾਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਤਾਂ ਫੈਕਟਰੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣਨ ਦੀ ਬਜਾਏ ਸੰਘਰਸ਼ ਕਰ ਰਹੇ ਮਜ਼ਦੂਰ ਆਗੂਆਂ ਅਤੇ ਕਾਰਕੁੰਨਾਂ ਦੀ ਏਕਤਾ ਨੂੰ ਜ਼ਬਰੀ ਤੋੜਨ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਹੱਕੀ ਸੰਘਰਸ਼ ਕਰਦੇ ਮਜ਼ਦੂਰਾਂ ਨੂੰ ਨੌਕਰੀ ਤੋਂ ਬਾਹਰ ਕਰਨ ਦੀਆਂ ਧਮਕੀਆਂ ਦਿੱਤੀਆਂ। ਪਿੰਡਾਂ ਦੇ ਸਰਪੰਚਾਂ ਅਤੇ ਆਮ ਵਿਅਕਤੀਆਂ ਨੂੰ ਪਿੰਡਾਂ ਵਿਚ ਮੀਟਿੰਗਾਂ ਕਰਨ ਤੋਂ ਰੋਕਿਆ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਜਦੋਂ ਆਪਣੇ ਕੰਮ ਤੋਂ ਬਾਹਰ ਆ ਰਹੇ ਮਜ਼ਦੂਰ ਆਪਣੀਆਂ ਮੰਗਾਂ ਲਈ ਧਰਨੇ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਜਬਰੀ ਗ੍ਰਿਫ਼ਤਾਰ ਕਰਕੇ ਵੱਖ ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਖਬੀਰ ਸਿੰਘ ਖੇਮੂਆਣਾ ਆਗੂ ਲੋਕ ਮੋਰਚਾ ਪੰਜਾਬ, ਮੰਗਾ ਸਿੰਘ ਆਜ਼ਾਦ ਨੌਜਵਾਨ ਭਾਰਤ ਸਭਾ ਦੇ ਆਗੂ ਸਮੇਤ ਸੈਂਕੜੇ ਸੰਘਰਸ਼ ਕਰਦੇ ਮਜ਼ਦੂਰ ਆਗੂਆਂ ਦੇ ਨਾਲ ਗ੍ਰਿਫਤਾਰ ਕਰਕੇ ਜਬਰੀ ਵੱਖ ਵੱਖ ਪੁਲਿਸ ਥਾਣਿਆਂ ਵਿਚ ਬੰਦ ਕੀਤਾ ਹੋਇਆ ਹੈ ।ਡੈਮੋਕਰੇਟਿਕ ਟੀਚਰਜ਼ ਫਰੰਟ ਪ੍ਰਸ਼ਾਸਨ ਅਤੇ ਫੈਕਟਰੀ ਮੈਨੇਜਮੈਂਟ ਦੀ ਇਸ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਹੋਇਆ ਗ੍ਰਿਫ਼ਤਾਰ ਕੀਤੇ ਆਗੂਆਂ ਅਤੇ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਸਮੇਂ ਹੋਰਾਂ ਤੋਂ ਇਲਾਵਾ ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ , ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖਮੋਆਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।