ਡੀਐੱਸਪੀ ਤੇ ਰੀਡਰ ’ਤੇ ਪਰਚਾ ਦਰਜ ਕਰਨ ਲਈ ਅੜਿਆ ਪੀੜਤ ਪਰਿਵਾਰ
ਰੇਤ-ਬੱਜਰੀ ਕਾਰੋਬਾਰੀ ਦੀ ਖ਼ੁਦਕੁਸ਼ੀ ਦਾ ਮਾਮਲਾ: ਤੀਜੇ ਦਿਨ ਵੀ ਨਹੀਂ ਹੋ ਸਕਿਆ ਪੋਸਟਮਾਰਟਮ
Publish Date: Sun, 26 Apr 2026 05:34 PM (IST)
Updated Date: Mon, 27 Apr 2026 04:10 AM (IST)

-ਵਪਾਰੀ ਦੀ ਖ਼ੁਦਕੁਸ਼ੀ ਦਾ ਮਾਮਲਾ, ਤੀਜੇ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਰੇਤ-ਬੱਜਰੀ ਅਤੇ ਸੀਮਿੰਟ ਕਾਰੋਬਾਰੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਤੀਜੇ ਦਿਨ ਵੀ ਪਰਿਵਾਰਕ ਮੈਂਬਰਾਂ ਦਾ ਰੋਸ ਜਾਰੀ ਰਿਹਾ। ਪਰਿਵਾਰ ਮੈਂਬਰਾਂ ਨੇ ਕਿਹਾ ਕਿ ਜਦੋਂ ਤਕ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨਗੇ। ਜ਼ਿਕਰਯੋਗ ਹੈ ਕਿ ਨਵੀਂ ਬਸਤੀ ਦੇ ਰਹਿਣ ਵਾਲੇ 33 ਸਾਲਾ ਸੰਦੀਪ ਕੁਮਾਰ ਉਰਫ਼ ਸੋਨੂੰ ਬਾਂਸਲ, ਜੋ ਕਿ ‘ਡੀਐੱਲ ਐਂਡ ਕੰਪਨੀ’ ਦੇ ਨਾਂ ਹੇਠ ਕਾਰੋਬਾਰ ਕਰਦਾ ਸੀ, ਨੇ ਤਿੰਨ ਦਿਨ ਪਹਿਲਾਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਸੋਨੂੰ ਬਾਂਸਲ ਨੇ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਕਰੀਬ 10 ਮਿੰਟ ਦੀ ਵੀਡੀਓ ਸਾਂਝੀ ਕੀਤੀ ਸੀ ਅਤੇ ਇਕ ਖ਼ੁਦਕੁਸ਼ੀ ਨੋਟ ਵੀ ਛੱਡਿਆ ਸੀ। ਇਸ ਵਿਚ ਉਸ ਨੇ ਕਈ ਲੋਕਾਂ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਹੁਣ ਤਕ ਇਕ ਅਦਾਲਤੀ ਰੀਡਰ, ਉਸਦੇ ਟਾਈਪਿਸਟ ਪਤੀ ਅਤੇ ਇਕ ਵਕੀਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਨੇ ਰੀਡਰ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਹੈ, ਜਦਕਿ ਫਰਾਰ ਵਕੀਲ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਦੋਸ਼ ਲਗਾਇਆ ਹੈ ਕਿ ਸੋਨੂੰ ਨੇ ਵੀਡੀਓ ਅਤੇ ਖ਼ੁਦਕੁਸ਼ੀ ਨੋਟ ਵਿਚ ਇਕ ਡੀਐੱਸਪੀ ਦਾ ਨਾਮ ਸਾਫ ਤੌਰ ’ਤੇ ਲਿਆ ਸੀ ਪਰ ਪੁਲਿਸ ਨੇ ਉਸ ਦਾ ਨਾਂ ਮਾਮਲੇ ਵਿਚ ਸ਼ਾਮਲ ਨਹੀਂ ਕੀਤਾ। ਪਰਿਵਾਰ ਮੁਤਾਬਕ ਪੁਲਿਸ ਨੇ ਉਨ੍ਹਾਂ ਨਾਲ ਧੋਖਾ ਕਰਦਿਆਂ ਕਾਹਲੀ ਵਿਚ ਦਸਤਖ਼ਤ ਕਰਵਾ ਲਏ। ਉਹ ਹੁਣ ਡੀਐੱਸਪੀ ਤੇ ਉਸਦੇ ਰੀਡਰ ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਨੂੰ ਨੇ ਇਕ ਪਾਸ਼ ਕਾਲੋਨੀ ਵਿਚ ਬਣ ਰਹੇ ਮਕਾਨ ਲਈ ਉਕਤ ਮੁਲਜ਼ਮ ਜੋੜੇ ਨੂੰ ਨਿਰਮਾਣ ਸਮੱਗਰੀ ਸਪਲਾਈ ਕੀਤੀ ਸੀ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਪੀੜਤ ਨੂੰ ਧਮਕਾਇਆ ਜਾਣ ਲੱਗਾ। ਸੋਨੂੰ ਨੇ ਆਪਣੀ ਆਖਰੀ ਵੀਡੀਓ ਵਿਚ ਕਿਹਾ ਸੀ ਕਿ ਬਿਨਾਂ ਪੱਕੀ ਰਸੀਦ ਦੇ ਸਾਮਾਨ ਦੇਣਾ ਉਸਦੀ ਵੱਡੀ ਗਲਤੀ ਰਹੀ, ਜਿਸ ਦਾ ਫ਼ਾਇਦਾ ਚੁੱਕ ਕੇ ਮੁਲਜ਼ਮ ਪੱਖ ਨੇ ਉਸ ਨੂੰ ਕਾਨੂੰਨੀ ਉਲਝਣਾਂ ਵਿਚ ਫਸਾ ਦਿੱਤਾ। ਫਿਲਹਾਲ ਸ਼ਹਿਰ ਵਿਚ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਪੁਲਿਸ ਵੱਲੋਂ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।