795 ਉਮੀਦਵਾਰਾਂ ਦੀ ਕਿਸਮਤ ਬਕਸਿਆਂ ’ਚ ਬੰਦ, ਜ਼ਿਲ੍ਹੇ ਦੇ 3.66 ਲੱਖ ਵੋਟਰ ਕਰਨਗੇ ਕਿਸਮਤ ਦਾ ਫੈਸਲਾ

-ਨਿਗਮ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਪੋਲਿੰਗ ਪਾਰਟੀਆਂ ਨੂੰ ਟ੍ਰੇਨਿੰਗ ਦੇਣ ਮਗਰੋਂ ਪੋਲਿੰਗ ਬੂਥਾਂ ਲਈ ਕੀਤਾ ਰਵਾਨਾ
5,6,7) ਸੋਮਵਾਰ ਨੂੰ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਵੱਖ-ਵੱਖ ਪੋਲਿੰਗ ਬੂਥਾਂ ਲਈ ਰਵਾਨਾ ਹੋਣ ਸਮੇਂ ਮੁਲਾਜ਼ਮ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ 26 ਮਈ ਨੂੰ ਹੋਣ ਵਾਲੀਆਂ ਨਿਗਮ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਬਠਿੰਡਾ ਵਿੱਚ ਚੋਣ ਮੈਦਾਨ ’ਚ ਕੁੱਲ 795 ਉਮੀਦਵਾਰ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜ਼ਿਲ੍ਹੇ ਦੇ ਕਰੀਬ 3.66 ਲੱਖ ਵੋਟਰਜ਼ ਕਰਨਗੇ। ਮੰਗਲਵਾਰ ਨੂੰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ’ਚ ਬੰਦ ਹੋ ਜਾਵੇਗੀ ਤੇ 29 ਮਈ ਨੂੰ ਕਿਸਮਤ ਦਾ ਫੈਸਲਾ ਹੋਵੇਗਾ। ਜ਼ਿਲ੍ਹੇ ’ਚ ਚੋਣਾਂ ਲਈ ਕੁੱਲ 225 ਵਾਰਡ ਹਨ, ਜਿਨ੍ਹਾਂ ਵਿੱਚੋਂ 14 ਵਾਰਡਾਂ ’ਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਹਨ। 2021 ’ਚ 79 ਫ਼ੀਸਦੀ ਵੋਟਿੰਗ ਹੋਈ ਸੀ ਪਰ ਇਸ ਵਾਰ ਰਿਕਾਰਡ ਤੋੜਨ ਦੀ ਤਿਆਰੀ ਹੈ। ਹੁਣ ਜ਼ਿਲ੍ਹੇ ਅੰਦਰ 211 ਵਾਰਡਾਂ ’ਚ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਚੋਣਾਂ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਵੱਖ-ਵੱਖ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ।
ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਤਾਇਨਾਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੋਲਿੰਗ ਸਟਾਫ ਨੂੰ ਜ਼ਰੂਰੀ ਜਾਣਕਾਰੀ ਦੇਣ ਦੇ ਨਾਲ ਚੋਣ ਸਮੱਗਰੀ ਵੀ ਸੌਂਪੀ ਗਈ। ਸਮੱਗਰੀ ਦੀ ਜਾਂਚ ਮਗਰੋਂ ਪੋਲਿੰਗ ਟੀਮਾਂ ਨੂੰ ਬੂਥਾਂ ਲਈ ਭੇਜਿਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਵੀ ਚੋਣਾਂ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਪੋਲਿੰਗ ਸਟਾਫ ਨੂੰ ਸਮੱਗਰੀ ਵੰਡਣ ਸਮੇਂ ਡੀਆਈਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸਐੱਸਪੀ ਡਾ. ਜੋਤੀ ਯਾਦਵ ਨੇ ਮੌਕੇ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਵੀ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਵੋਟਿੰਗ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਲਾਪਰਵਾਹੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-ਬਾਕਸ-
-ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਬਠਿੰਡਾ ਵਿੱਚ ਕਰੀਬ ਦੋ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲਿਸ ਫੋਰਸ ਤਾਇਨਾਤ ਰਹੇਗੀ। ਪੁਲਿਸ ਕਰਮਚਾਰੀ ਪੋਲਿੰਗ ਬੂਥਾਂ ’ਤੇ ਡਿਊਟੀ ਦੇਣ ਦੇ ਨਾਲ-ਨਾਲ ਵੱਖ-ਵੱਖ ਟੀਮਾਂ ਰਾਹੀਂ ਗਸ਼ਤ ਵੀ ਕਰਨਗੇ। ਇਸ ਤੋਂ ਇਲਾਵਾ 3 ਐੱਸਪੀ ਅਤੇ 13 ਡੀਐੱਸਪੀ ਵੀ ਸੁਰੱਖਿਆ ਪ੍ਰਬੰਧਾਂ ’ਤੇ ਨਿਗਰਾਨੀ ਰੱਖਣਗੇ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀ ਪੂਰਨ ਨੇਪਰੇ ਚਾੜ੍ਹਨ ਪ੍ਰਬੰਧ ਕੀਤੇ ਗਏ ਹਨ।
-ਬਾਕਸ-
ਚੋਣ ਜਾਣਕਾਰੀ
ਬਠਿੰਡਾ ਜਾਣਕਾਰੀ
ਕੁੱਲ ਵਾਰਡ 225
ਕੁੱਲ ਉਮੀਦਵਾਰ 795
ਪੋਲਿੰਗ ਬੂਥ 406
ਸੰਵੇਦਨਸ਼ੀਲ 190
ਬਹੁਤ ਸੰਵੇਦਨਸ਼ੀਲ 140
ਆਮ ਬੂਥ 276
ਕੁੱਲ ਵੋਟਰ 366,750
ਪੁਰਸ਼ ਵੋਟਰ 190,324
ਔਰਤ ਵੋਟਰ 307,417
ਤੀਜੇ ਲਿੰਗ ਦੇ ਵੋਟਰ 14
ਬਿਨਾਂ ਵਿਰੋਧ ਚੁਣੇ ਗਏ 14
ਪੋਲਿੰਗ ਸਟਾਫ਼ 2150
ਪੁਲਿਸ ਕਰਮਚਾਰੀ 2,000
ਚੋਣ: 26 ਮਈ
ਸਮਾਂ: ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ
ਗਿਣਤੀ: 29 ਮਈ
ਬਾਕਸ
ਸਥਾਨਕ ਸੰਸਥਾ ਵਾਰਡ ਬੂਥ ਪੁਰਸ਼ ਵੋਟਰ ਔਰਤ ਵੋਟਰ ਤੀਜਾ ਲਿੰਗ ਕੁੱਲ ਵੋਟਰ
ਨਗਰ ਨਿਗਮ ਬਠਿੰਡਾ 50 216 1,19,452 1,12,152 7 2,31,611
ਨਗਰ ਕੌਂਸਲ ਭੁੱਚੋ 13 13 6,624 6,008 0 12,632
ਨਗਰ ਕੌਂਸਲ ਗੋਨਿਆਣਾ 13 13 6,519 6,028 0 12,547
ਨਗਰ ਕੌਂਸਲ ਕੋਟਫੱਤਾ 11 11 3,231 2,990 0 6,221
ਨਗਰ ਕੌਂਸਲ ਮੌੜ 17 29 13,013 11,629 2 24,644
ਨਗਰ ਕੌਂਸਲ ਰਾਮਾਂ 15 18 8,604 7,759 2 16,365
ਨਗਰ ਕੌਂਸਲ ਸੰਗਤ 9 9 1,100 965 1 2,066
ਨਗਰ ਪੰਚਾਇਤ ਭਗਤਾ 13 13 5,263 4,801 2 10,066
ਨਗਰ ਪੰਚਾਇਤ ਕੋਟਸ਼ਮੀਰ 13 13 3,906 3,539 0 7,445
ਨਗਰ ਪੰਚਾਇਤ ਨਥਾਣਾ 11 11 3,195 2,927 0 6,122
ਨਗਰ ਪੰਚਾਇਤ ਲਹਿਰ 11 11 2,895 2,659 0 5,554
ਨਗਰ ਪੰਚਾਇਤ ਭਾਈਰੂਪਾ 13 13 5,298 4,732 0 10,030
ਨਗਰ ਪੰਚਾਇਤ ਮਹਿਰਾਜ 13 13 4,789 4,398 0 9,187
ਨਗਰ ਪੰਚਾਇਤ ਕੋਠਾਗੁਰੂ 11 11 3,553 3,236 0 6,789
ਨਗਰ ਪੰਚਾਇਤ ਮਲੂਕਾ 11 11 2,223 2,012 0 4,235
ਕੁੱਲ 225 406 1,90,324 1,76,412 14 3,66,750
ਇਸ ਤੋਂ ਇਲਾਵਾ, ਤਲਵੰਡੀ ਸਾਬੋ ਦੇ ਵਾਰਡ ਨੰਬਰ 13 ਵਿੱਚ ਉਪ ਚੋਣ ਹੋਵੇਗੀ। ਕੁੱਲ 1,236 ਵੋਟਰਾਂ ਹਨ, ਜਿਨ੍ਹਾਂ ਵਿੱਚ 659 ਪੁਰਸ਼ ਅਤੇ 577 ਮਹਿਲਾ ਵੋਟਰ ਸ਼ਾਮਲ ਹਨ।
ਬਾਕਸ
-- ਬਠਿੰਡਾ ਦੇ 50 ਵਾਰਡਾਂ ਲਈ 240 ਉਮੀਦਵਾਰ ਚੋਣ ਲੜ ਰਹੇ ਹਨ, ਜਦੋਂ ਕਿ ਇਕ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।
- ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਲਈ 47 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਕੌਂਸਲ ਗੋਨਿਆਣਾ ਦੇ 13 ਵਾਰਡਾਂ ਵਿੱਚੋਂ ਇੱਕ ਵਿੱਚ ਇੱਕ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਿਆ। ਹੁਣ 42 ਉਮੀਦਵਾਰ ਇੱਥੇ ਚੋਣ ਲੜਨਗੇ।
-- ਨਗਰ ਕੌਂਸਲ ਕੋਟਫੱਤਾ ਦੇ 11 ਵਾਰਡਾਂ ਵਿੱਚ 22 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਕੌਂਸਲ ਮੌੜ ਦੇ 17 ਵਾਰਡਾਂ ਵਿੱਚ 75 ਉਮੀਦਵਾਰ ਚੋਣ ਲੜਨਗੇ।
-- ਨਗਰ ਕੌਂਸਲ ਰਾਮਾਂ ਮੰਡੀ ਦੇ 15 ਵਾਰਡਾਂ ਵਿੱਚੋਂ ਦੋ ਵਿੱਚ ਦੋ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ। ਹੁਣ ਇੱਥੇ 37 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਕੌਂਸਲ ਸੰਗਤ ਮੰਡੀ ਦੇ ਨੌਂ ਵਾਰਡਾਂ ਵਿੱਚੋਂ ਚਾਰ ਬਿਨਾਂ ਮੁਕਾਬਲਾ ਚੁਣੇ ਗਏ। ਹੁਣ ਇੱਥੇ 11 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਪੰਚਾਇਤ ਭਗਤਾ ਭਾਈਕਾ ਦੇ 13 ਵਾਰਡਾਂ ਵਿੱਚ 50 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਪੰਚਾਇਤ ਕੋਟਸ਼ਮੀਰ ਦੇ 13 ਵਾਰਡਾਂ ਵਿੱਚ 32 ਉਮੀਦਵਾਰ ਚੋਣ ਲੜਨਗੇ। ਇੱਥੇ 1 ਉਮੀਦਵਾਰ ਬਿਨਾਂ ਮੁਕਾਬਲਾ ਜਿੱਤਿਆ।
-- ਨਗਰ ਪੰਚਾਇਤ ਨਥਾਣਾ ਦੇ 11 ਵਾਰਡਾਂ ਵਿੱਚ 37 ਉਮੀਦਵਾਰ ਚੋਣ ਲੜ ਰਹੇ ਹਨ। ਇੱਥੇ ਇਕ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ।
-- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਵਿੱਚ 32 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਪੰਚਾਇਤ ਭਾਈ ਰੂਪਾ ਦੇ 13 ਵਾਰਡਾਂ ਵਿੱਚ 53 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਪੰਚਾਇਤ ਮਹਿਰਾਜ ਦੇ 13 ਵਿੱਚੋਂ 3 ਵਾਰਡਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ। ਹੁਣ 46 ਉਮੀਦਵਾਰ ਇੱਥੇ ਚੋਣ ਲੜਨਗੇ।
-- ਨਗਰ ਪੰਚਾਇਤ ਕੋਠਾਗੁਰੂ ਦੇ 11 ਵਾਰਡਾਂ ਵਿੱਚ ਇਕ ਉਮੀਦਵਾਰ ਬਿਨਾਂ ਮੁਕਾਬਲਾ ਜਿੱਤਿਆ। ਹੁਣ ਇੱਥੇ 34 ਉਮੀਦਵਾਰ ਚੋਣ ਲੜ ਰਹੇ ਹਨ।
-- ਨਗਰ ਪੰਚਾਇਤ ਮਲੂਕਾ ਦੇ 11 ਵਾਰਡਾਂ ਵਿੱਚ 37 ਉਮੀਦਵਾਰ ਚੋਣ ਲੜ ਰਹੇ ਹਨ।
ਬਾਕਸ
ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਮੈਡਮ ਕੰਚਨ ਆਈਏਐਸ. ਵੱਲੋਂ 26 ਮਈ 2026 ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਵਿਘਨ ਨੇਪਰੇ ਚਾੜ੍ਹਨ ਲਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੀ ਵਰਤੋਂ ਕਰਦਿਆਂ, ਚੋਣਾਂ ਵਾਲੇ ਦਿਨ ਜ਼ਿਲ੍ਹਾ ਬਠਿੰਡਾ ਅੰਦਰ ਬਣੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵਿਸ਼ੇਸ਼ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਹੁਕਮਾਂ ਤਹਿਤ ਕਿਸੇ ਵੀ ਉਮੀਦਵਾਰ ਜਾਂ ਉਸਦੇ ਸਮਰਥਕ ਵੱਲੋਂ ਪੋਲਿੰਗ ਬੂਥਾਂ ਜਾਂ ਜਨਤਕ/ਨਿੱਜੀ ਜਗ੍ਹਾ ‘ਤੇ ਪ੍ਰਚਾਰ, ਪੋਲਿੰਗ ਬੂਥਾਂ ਦੇ ਨਜ਼ਦੀਕ ਸ਼ੋਰ-ਸ਼ਰਾਬਾ ਜਾਂ ਹੁੱਲੜਬਾਜ਼ੀ ਕਰਨ 'ਤੇ ਮੁਕੰਮਲ ਮਨਾਹੀ ਹੈ। ਇਸ ਦੇ ਨਾਲ ਹੀ 200 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ, ਕੋਰਡਲੈਸ ਫੋਨ, ਵਾਇਰਲੈਸ ਸੈੱਟ, ਲਾਊਡਸਪੀਕਰ ਜਾਂ ਮੈਗਾਫੋਨ ਆਦਿ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ, ਹਾਲਾਂਕਿ ਇਹ ਪਾਬੰਦੀ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗੀ। ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੇ ਪ੍ਰਚਾਰ ਸਬੰਧੀ ਪੋਸਟਰ ਜਾਂ ਬੈਨਰ ਲਗਾਉਣ ਦੀ ਮਨਾਹੀ ਕੀਤੀ ਗਈ ਹੈ। ਕੋਈ ਵੀ ਰਾਜਨੀਤਿਕ ਪਾਰਟੀ ਜਾਂ ਆਜ਼ਾਦ ਉਮੀਦਵਾਰ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ ਜਾਂ ਟੈਂਟ ਨਹੀਂ ਲਗਾ ਸਕੇਗਾ। ਇਸੇ ਘੇਰੇ ਅੰਦਰ ਅਣ-ਅਧਿਕਾਰਤ ਵਿਅਕਤੀਆਂ ਦੁਆਰਾ ਪ੍ਰਾਈਵੇਟ ਵਾਹਨ ਲਿਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ, ਸਿਰਫ਼ ਚੋਣ ਕਮਿਸ਼ਨ ਜਾਂ ਰਿਟਰਨਿੰਗ ਅਫ਼ਸਰ ਵੱਲੋਂ ਅਧਿਕਾਰਤ ਵਿਅਕਤੀ ਹੀ ਵਾਹਨ ਲਿਜਾ ਸਕਣਗੇ।
-ਬਾਕਸ-
-ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ ਵੀ ਕਰ ਸਕਣਗੇ ਵਰਤੋਂ
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ-2026 ਲਈ ਵੋਟਰਾਂ ਦੀ ਪਛਾਣ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਚੋਣਾਂ ਦੌਰਾਨ ਵੋਟਰ ਆਪਣੀ ਪਛਾਣ ਲਈ ਇਲੈਕਟੋਰਲ ਫੋਟੋ ਆਇਡੈਂਟਿਟੀ ਕਾਰਡ ਤੋਂ ਇਲਾਵਾ ਹੋਰ ਵਿਕਲਪਿਕ ਦਸਤਾਵੇਜ਼ ਵੀ ਵਰਤ ਸਕਣਗੇ, ਜਿਨ੍ਹਾਂ ਵੋਟਰਾਂ ਕੋਲ ਫੋਟੋ ਵਾਲੇ ਵੋਟਰ ਆਈ ਕਾਰਡ ਕਾਰਡ ਉਪਲਬਧ ਹੈ, ਉਹ ਆਪਣੇ ਕਾਰਡ ਰਾਹੀਂ ਵੋਟ ਪਾ ਸਕਣਗੇ। ਜਿਨ੍ਹਾਂ ਵੋਟਰਾਂ ਕੋਲ ਇਹ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਵਾਲਾ ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਸਮੇਤ ਆਰਮਜ਼ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਆਜ਼ਾਦੀ ਘੁਲਾਟੀਏ ਪਛਾਣ ਪੱਤਰ, ਬੈਂਕ ਜਾਂ ਡਾਕਖਾਨੇ ਦੀ ਫੋਟੋ ਵਾਲੀ ਪਾਸਬੁੱਕ, ਮਜ਼ਦੂਰੀ ਮੰਤਰਾਲੇ ਵੱਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਾਰੀ ਸਰਕਾਰੀ ਪਛਾਣ ਪੱਤਰ, ਯੂਨੀਕ ਡਿਸਏਬਿਲਟੀ ਆਈਡੀ ਕਾਰਡ, ਕੇਂਦਰ/ਰਾਜ ਸਰਕਾਰ, ਪੀਐੱਸਯੂ ਜਾਂ ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਸਰਵਿਸ ਆਈਡੀ ਕਾਰਡ ਤੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵੱਲੋਂ ਜਾਰੀ ਵਿਦਿਆਰਥੀ ਪਛਾਣ ਪੱਤਰ ਦੀ ਵਰਤੋਂ ਕਰ ਸਕਦੇ ਹਨ। ਡੀਸੀ ਅਨੁਸਾਰ ਕਿ ਜੇਕਰ ਕੋਈ ਦਸਤਾਵੇਜ਼ ਪਰਿਵਾਰ ਦੇ ਮੁਖੀ ਦੇ ਨਾਮ ’ਤੇ ਹੈ ਤਾਂ ਉਸ ਦੇ ਆਧਾਰ ’ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਪਛਾਣ ਸਪੱਸ਼ਟ ਹੋਵੇ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਵਾਲੇ ਦਿਨ ਆਪਣੇ ਨਾਲ ਲਾਜ਼ਮੀ ਪਛਾਣ ਦਸਤਾਵੇਜ਼ ਜ਼ਰੂਰ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।