ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਮਿਆਦ ਪੁਗਾ ਚੁੱਕੇ ਅੱਗ ਬਝਾਊ ਸਿਲੰਡਰ

-ਪ੍ਰਬੰਧਕੀ ਕੰਪਲੈਕਸ ’ਚ ਡੀਸੀ ਤੋਂ ਲੈ ਕੇ ਹਰ ਵੱਡੇ ਅਧਿਕਾਰੀ ਦੇ ਹਨ ਦਫ਼ਤਰ
22, 23, 24) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਲੱਗੇ ਹੋਏ ਆਪਣੀ ਮਿਆਦ ਪੁਗਾ ਚੁੱਕੇ ਅੱਗ ਬੁਝਾਊ ਸਿਲੰਡਰ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਕਰੋੜਾਂ ਦੀ ਲਾਗਤ ਨਾਲ ਬਣੀ ਇਸ ਸਰਕਾਰੀ ਇਮਾਰਤ ਵਿੱਚ ਲੱਗੇ ਫਾਇਰ ਸੇਫਟੀ ਯੰਤਰਾਂ ਅਤੇ ਅੱਗ ਬਝਾਊ ਸਿਲੰਡਰਾਂ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਬਦਲਿਆ ਗਿਆ ਹੈ ਅਤੇ ਨਾ ਹੀ ਰੀਫ਼ਿਲ ਕਰਵਾਇਆ ਗਿਆ ਹੈ। ਇਸ ਮਾਮਲੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਉਥੇ ਹੀ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਦੋਂ ਇਮਾਰਤ ਦੀਆਂ ਦੀਵਾਰਾਂ ‘ਤੇ ਲੱਗੇ ਫਾਇਰ ਸੇਫਟੀ ਯੰਤਰਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਈ ਅੱਗ ਬਝਾਊ ਸਿਲੰਡਰਾਂ ਦੀ ਮਿਆਦ ਖਤਮ ਹੋ ਚੁੱਕੀ ਹੈ।
ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਨਾ ਤਾਂ ਇਨ੍ਹਾਂ ਦੀ ਜਾਂਚ ਕਰਵਾਈ ਗਈ ਅਤੇ ਨਾ ਹੀ ਰੀਫ਼ਿਲਿੰਗ ਦੀ ਲੋੜ ਸਮਝੀ ਗਈ। ਗੌਰਤਲਬ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਈ ਮਹੱਤਵਪੂਰਨ ਸਰਕਾਰੀ ਦਫ਼ਤਰ ਅਤੇ ਅਦਾਲਤਾਂ ਸਥਤ ਹਨ। ਇਨ੍ਹਾਂ ਵਿੱਚ ਡੀਸੀ ਦਫ਼ਤਰ, ਡੀਆਈਜੀ ਪੁਲਿਸ ਰੇਂਜ, ਐੱਸਐੱਸਪੀ ਦਫ਼ਤਰ, ਵਿਜੀਲੈਂਸ ਬਿਊਰੋ, ਏਡੀਸੀ ਦਫ਼ਤਰ, ਐੱਸਡੀਐੱਮ ਦਫ਼ਤਰ, ਤਹਿਸੀਲ, ਖਾਦ ਤੇ ਸਪਲਾਈ ਵਿਭਾਗ, ਆਰਟੀਓ ਦਫ਼ਤਰ, ਸਿੱਖਿਆ ਵਿਭਾਗ, ਜੀਐੱਸਟੀ ਵਿਭਾਗ, ਖਜ਼ਾਨਾ ਦਫ਼ਤਰ ਅਤੇ ਹੋਰ ਕਈ ਸਰਕਾਰੀ ਵਿਭਾਗ ਸ਼ਾਮਲ ਹਨ।
ਇਸ ਤੋਂ ਇਲਾਵਾ ਇਮਾਰਤ ਵਿੱਚ ਕਈ ਵਿਭਾਗਾਂ ਦੇ ਰਿਕਾਰਡ ਰੂਮ ਵੀ ਮੌਜੂਦ ਹਨ, ਜਿੱਥੇ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਰੱਖੇ ਗਏ ਹਨ। ਅਜਿਹੇ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਆਪਣੀ ਮਿਆਦ ਪੁਗਾ ਚੁੱਕੇ ਅੱਗ ਬਝਾਊ ਸਿਲੰਡਰ ਕਿਸੇ ਕੰਮ ਨਹੀਂ ਆਉਣਗੇ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਅਤੇ ਸਰਕਾਰੀ ਰਿਕਾਰਡ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਕੀ ਇਮਾਰਤਾਂ ਵਿੱਚ ਸੁਰੱਖਿਆ ਉਪਕਰਣਾਂ ਦੀ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ, ਪਰ ਇੱਥੇ ਇਸ ਮਾਮਲੇ ਵਿੱਚ ਗੰਭੀਰ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹਿ ਚੁੱਕਾ ਹੈ। ਕਦੇ ਇਮਾਰਤ ਦੀ ਸਫ਼ਾਈ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈਆਂ ਤਾਂ ਕਦੇ ਇਮਾਰਤ ਵਿੱਚ ਲੱਗੇ ਲੋਹੇ ਦੇ ਭਾਰੀ ਜਾਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹੁਣ ਫਾਇਰ ਸੇਫਟੀ ਉਪਕਰਨਾਂ ਦੀ ਮਿਆਦ ਖਤਮ ਹੋਣ ਦੇ ਮਾਮਲੇ ਨੇ ਪ੍ਰਸ਼ਾਸਕੀ ਪ੍ਰਬੰਧਾਂ ‘ਤੇ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਆਰਟੀਆਈ ਐਕਟਿਵਿਸਟ ਸੰਜੀਵ ਗੋਹਿਲ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ ਸਮੇਂ ਵਿੱਚ ਸਰਕਾਰੀ ਇਮਾਰਤਾਂ, ਸਕੂਲਾਂ, ਹਸਪਤਾਲਾਂ ਅਤੇ ਜਨਤਕ ਥਾਵਾਂ ‘ਤੇ ਲੱਗੇ ਫਾਇਰ ਸੇਫਟੀ ਉਪਕਰਨਾਂ ਦੀ ਨਿਯਮਿਤ ਜਾਂਚ ਅਤੇ ਸਮੇਂ-ਸਮੇਂ ‘ਤੇ ਰੀਫ਼ਿਲਿੰਗ ਲਾਜ਼ਮੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਸਰਕਾਰੀ ਇਮਾਰਤਾਂ ਵਿੱਚ ਅੱਗ ਬਝਾਊ ਯੰਤਰ ਨਹੀਂ ਲੱਗੇ, ਉੱਥੇ ਤੁਰੰਤ ਲਗਾਏ ਜਾਣ ਅਤੇ ਜਿੱਥੇ ਲੱਗੇ ਹੋਏ ਹਨ ਉਨ੍ਹਾਂ ਦੀ ਨਿਯਮਿਤ ਜਾਂਚ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਫਾਇਰ ਸੇਫਟੀ ਉਪਕਰਣਾਂ ਦੀ ਵਰਤੋਂ ਬਾਰੇ ਸਿਖਲਾਈ ਦੇਣ ਦੀ ਮੰਗ ਵੀ ਉਠਾਈ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸਮੇਂ ਸਿਰ ਬਚਾਅ ਕਾਰਜ ਕੀਤਾ ਜਾ ਸਕੇ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਿਕਾਇਤਕਰਤਾ ਨੇ ਇਸ ਸਬੰਧੀ ਮੁੱਖ ਮੰਤਰੀ, ਮੁੱਖ ਸਕੱਤਰ, ਡੀਸੀ ਬਠਿੰਡਾ ਸਮੇਤ ਕਈ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗੇ ਸਾਰੇ ਆਪਣੀ ਮਿਆਦ ਪੁਗਾ ਚੁੱਕੇ ਫਾਇਰ ਸਿਲੰਡਰ ਤੁਰੰਤ ਬਦਲੇ ਜਾਣ ਜਾਂ ਰੀਫ਼ਿਲ ਕਰਵਾਏ ਜਾਣ ਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।