ਜ਼ਿਲ੍ਹੇ 'ਚ ਕੁੱਲ ਪ੍ਰਾਪਤ ਅਰਜ਼ੀਆਂ ’ਚੋਂ 65 ਫੀਸਦੀ ਦਾ ਕੀਤਾ ਨਿਤਾਰਾ
ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਕੀਤੀ ਜ਼ਿਲ੍ਹੇ ਦੇ ਵਪਾਰੀ ਵਰਗ ਨਾਲ ਬੈਠਕ ਕੀਤੀ
Publish Date: Tue, 28 Apr 2026 04:41 PM (IST)
Updated Date: Wed, 29 Apr 2026 04:05 AM (IST)
-ਡੀਸੀ ਤੇ ਐੱਸਐੱਸਪੀ ਨੇ ਕੀਤੀ ਜ਼ਿਲ੍ਹੇ ਦੇ ਵਪਾਰੀ ਵਰਗ ਨਾਲ ਮੀਟਿੰਗ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਸਬੰਧੀ ਮੁੱਦਿਆਂ ਨੂੰ ਤਰਜੀਹੀ ਤੌਰ 'ਤੇ ਹੱਲ ਕਰਨ ਲਈ ਕਰਵਾਈਆਂ ਜਾ ਰਹੀਆਂ ਬੈਠਕਾਂ ਦੇ ਸਿਲਸਿਲੇ ’ਚ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਾ. ਜਯੋਤੀ ਯਾਦਵ ਬੈਂਸ ਐੱਸਐੱਸਪੀ ਬਠਿੰਡਾ ਨੇ ਜ਼ਿਲ੍ਹੇ ਦੀਆਂ ਵਪਾਰਕ ਜਥੇਬੰਦੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹਾ ਬਠਿੰਡਾ 'ਚ 201 ਬੇਨਤੀ ਪੱਤਰ ਵਪਾਰੀਆਂ ਤੋਂ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ 65 ਫੀਸਦੀ ਦਾ ਨਿਪਟਾਰਾ ਕੀਤਾ ਗਿਆ ਹੈ। ਬਾਕੀ ਰਹਿੰਦੇ ਬੇਨਤੀ ਪੱਤਰ ਉਹ ਹਨ, ਜਿਹੜੇ ਸੂਬਾ ਸਰਕਾਰ ਪੱਧਰ ਉੱਤੇ ਹੱਲ ਕੀਤੇ ਜਾਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਹਰ ਸੋਮਵਾਰ ਵਪਾਰੀ ਵਰਗ ਨਾਲ ਜ਼ਿਲ੍ਹਾ ਪੱਧਰੀ ਬੈਠਕ ਕੀਤੀ ਜਾਂਦੀ ਹੈ ਤੇ ਹਰ ਵੀਰਵਾਰ ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਵੀ ਸਬ ਡਵੀਜ਼ਨਾਂ 'ਚ ਇਸ ਸਬੰਧੀ ਵਪਾਰੀਆਂ ਨਾਲ ਤਾਲਮੇਲ ਕਰਕੇ ਬੈਠਕ ਕੀਤੀ ਜਾਂਦੀ ਹੈ। ਇਨ੍ਹਾਂ ਯਤਨਾਂ ਸਦਕਾ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਾਰੇ ਮੁੱਦਿਆਂ ਨੂੰ ਸੁਲਝਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਪਾਰੀ ਵਰਗ ਵੱਲੋਂ ਟ੍ਰੈਫ਼ਿਕ ਸਮੱਸਿਆ, ਪਾਰਕਿੰਗ, ਬਿਜਲੀ ਦੀਆਂ ਨੀਵੀਆਂ ਲਟਕਦੀ ਤਾਰਾਂ ਸਬੰਧੀ, ਟਰਾਂਸਫਰਮਰ, ਸਾਫ਼ ਸਫ਼ਾਈ ਆਦਿ ਸਬੰਧੀ ਮੁੱਦੇ ਚੁੱਕੇ ਗਏ ਹਨ। ਬੈਠਕ ਦੌਰਾਨ ਵਪਾਰੀਆਂ ਵੱਲੋਂ ਬਾਜ਼ਾਰਾਂ ਚ ਟ੍ਰੈਫਿਕ, ਸੜਕਾਂ, ਪਾਰਕਿੰਗ ਦੀ ਦਿੱਕਤ, ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਜਯੋਤੀ ਯਾਦਵ ਬੈਂਸ ਐੱਸਐੱਸਪੀ ਬਠਿੰਡਾ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸੁਣਨਾ ਅਤੇ ਤੁਰੰਤ ਪ੍ਰਭਾਵਸ਼ਾਲੀ ਹੱਲ ਕਰਨਾ ਹੈ। ਬਾਜ਼ਾਰਾਂ ’ਚ ਪਾਰਕਿੰਗ ਸਮੱਸਿਆ ਨੂੰ ਹੱਲ ਕਰਨ ਲਈ ਜ਼ਿਲ੍ਹੇ ਦੇ ਸਾਰੇ ਮੁੱਖ ਬਾਜ਼ਾਰਾਂ 'ਚ ਪੁਲਿਸ ਵੱਲੋਂ ਟਰੈਫ਼ਿਕ ਮੈਨੇਜਮੈਂਟ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਿਰੰਤਰ ਵਪਾਰੀਆਂ ਨਾਲ ਬੈਠਕਾਂ ਕਰ ਕੇ ਪਾਰਕਿੰਗ ਤੇ ਪੁਲਿਸ ਨਾਲ ਸਬੰਧਿਤ ਮੁੱਦਿਆਂ ਬਾਰੇ ਤਾਲਮੇਲ ਕੀਤਾ ਜਾਂਦਾ ਹੈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਗੁਰਪ੍ਰੀਤ ਸਿੰਘ ਥਿੰਦ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ ਮਾਹਲ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਰਾਕੇਸ਼ ਕੁਮਾਰ, ਐਕਸਾਈਜ਼ ਐਂਡ ਟੈਕਸੇਸ਼ਨ ਬਠਿੰਡਾ ਦੇ ਚੇਅਰਮੈਨ ਬਿਕਰਮ ਲਵਲੀ, ਚੇਅਰਮੈਨ ਮਾਲਵਾ ਵੈਸਟ ਡਾ. ਤਰਸੇਮ ਗਰਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।