ਜ਼ਿਲ੍ਹੇ ਵਿੱਚ ਜਨਗਣਨਾ ਦੀਆਂ ਤਿਆਰੀਆਂ ਮੁਕੰਮਲ, ਅੱਜ ਤੋਂ ਸ਼ੁਰੂ ਹੋਵੇਗਾ ਜਨਗਣਨਾ ਦਾ ਪਹਿਲਾ ਚਰਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ ਆਉਣ ਵਾਲੀ ਜਨਗਣਨਾ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅਧਿਕਾਰੀਆਂ ਮੁਤਾਬਕ ਜਨਗਣਨਾ ਦਾ ਪਹਿਲਾ ਚਰਨ 30 ਅਪ੍ਰੈਲ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਵਿੱਚ ਘਰਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਪ੍ਰਕਿਰਿਆ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕਰਨ ਲਈ ਸਟਾਫ ਦੀ ਡਿਊਟੀ ਤੈਅ ਕੀਤੀ ਹੈ ਤੇ ਟ੍ਰੇਨਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ। ਪਹਿਲੇ ਚਰਨ ਤਹਿਤ ਜ਼ਿਲ੍ਹੇ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਘਰਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ ਹਰ ਘਰ ਦੀ ਜਾਣਕਾਰੀ ਡਿਜ਼ੀਟਲ ਮਾਧਿਅਮ ਰਾਹੀਂ ਦਰਜ ਕੀਤੀ ਜਾਵੇਗੀ। ਇਸ ਲਈ ਵੈੱਬਸਾਈਟ ਅਤੇ ਮੋਬਾਈਲ ਐਪ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਡਾਟਾ ਇਕੱਠਾ ਕਰਨ ਵਿੱਚ ਪਾਰਦਰਸ਼ਤ ਯਕੀਨੀ ਬਣਾਈ ਜਾਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੰਮ ਹਰ ਹਾਲਤ ’ਚ 15 ਮਈ ਤਕ ਪੂਰਾ ਕਰਨਾ ਲਾਜ਼ਮੀ ਹੈ।
-ਬਾਕਸ-
-2 ਮਾਸਟਰ ਤੇ 50 ਫੀਲਡ ਟ੍ਰੇਨਰ ਵੀ ਲਗਾਏ
ਜਨਗਣਨਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਨਾਲ ਅਧਿਆਪਕਾਂ ਦੀ ਵੀ ਡਿਊਟੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਖੇਤਰ ਦੇ ਮੁਤਾਬਕ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਜਨਗਣਨਾ ਕੰਮ ਨੂੰ ਕਾਮਯਾਬ ਬਣਾਉਣ ਲਈ ਟ੍ਰੇਨਿੰਗ ‘ਤੇ ਵੀ ਖਾਸ ਧਿਆਨ ਦਿੱਤਾ ਹੈ। ਇਸ ਲਈ ਜ਼ਿਲ੍ਹੇ ਵਿੱਚ 2 ਮਾਸਟਰ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੇ ਨਾਲ 50 ਫੀਲਡ ਟ੍ਰੇਨਰ ਵੀ ਲਗਾਏ ਗਏ ਹਨ, ਜੋ ਅੱਗੇ ਸੁਪਰਵਾਈਜ਼ਰ ਅਤੇ ਐਨਿਊਮਰੇਟਰ (ਗਿਣਤੀ ਕਰਤਾ) ਨੂੰ ਟ੍ਰੇਨਿੰਗ ਦੇਣਗੇ। ਇਹ ਟ੍ਰੇਨਿੰਗ ਚਰਨਬੱਧ ਢੰਗ ਨਾਲ ਕਰਵਾਈ ਜਾਵੇਗੀ ਤਾਂ ਜੋ ਸਾਰੇ ਕਰਮਚਾਰੀ ਤਕਨੀਕੀ ਅਤੇ ਵਿਹਾਰਕ ਤੌਰ ‘ਤੇ ਤਿਆਰ ਰਹਿਣ।
-ਬਾਕਸ-
-ਸਤੰਬਰ ਮਹੀਨੇ ਸ਼ੁਰੂ ਹੋਵੇਗਾ ਦੂਜਾ ਪੜਾਅ
ਜੇਕਰ ਜਨਗਨਣਾ ਦੇ ਦੂਜੇ ਪੜਾਅ ਦੀ ਗੱਲ ਕਰੀਏ ਤਾਂ ਇਹ ਸਤੰਬਰ ਮਹੀਨੇ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਅਸਲੀ ਜਨਗਣਨਾ ਕੀਤੀ ਜਾਵੇਗੀ, ਜਿਸ ਵਿੱਚ ਹਰ ਵਿਅਕਤੀ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਸਮਾਜਿਕ-ਆਰਥਿਕ ਸਥਿਤੀ ਅਤੇ ਹੋਰ ਜ਼ਰੂਰੀ ਅੰਕੜੇ ਸ਼ਾਮਲ ਹੋਣਗੇ। ਪ੍ਰਸ਼ਾਸਨ ਦਾ ਟੀਚਾ ਹੈ ਕਿ ਦੋਵੇਂ ਪੜਾਅ ਨਿਰਧਾਰਤ ਸਮੇਂ ਵਿੱਚ ਪੂਰੇ ਕਰ ਲਏ ਜਾਣ। ਅਧਿਕਾਰੀਆਂ ਨੇ ਦੱਸਿਆ ਕਿ ਪੂਰਾ ਜਨਗਣਨਾ ਕੰਮ ਫਰਵਰੀ 2027 ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਇਸ ਲਈ ਸਮੇਂ-ਸਮੇਂ ‘ਤੇ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ, ਤਾਂ ਜੋ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕੰਮ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਅਤੇ ਨੀਤੀ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ।
-ਬਾਕਸ-
-ਜਨਗਣਨਾ ਸਮੇਂ ਮੁੱਖ ਬਿੰਦੂ
-ਪਹਿਲੇ ਚਰਨ ਵਿੱਚ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿੱਚ ਘਰਾਂ ਦੀ ਗਿਣਤੀ ਕੀਤੀ ਜਾਵੇਗੀ। ਹਰ ਘਰ ਦੀ ਜਾਣਕਾਰੀ ਡਿਜ਼ੀਟਲ ਮਾਧਿਅਮ ਰਾਹੀਂ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ਅਪਲੋਡ ਕੀਤੀ ਜਾਵੇਗੀ। ਇਹ ਕੰਮ 30 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਹੋ ਕੇ 15 ਮਈ ਤਕ ਪੂਰਾ ਕੀਤਾ ਜਾਵੇਗਾ।
-ਜਨਗਣਨਾ ਲਈ 2 ਮਾਸਟਰ ਟ੍ਰੇਨਰ ਅਤੇ 50 ਫੀਲਡ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਇਹ ਟ੍ਰੇਨਰ ਸੁਪਰਵਾਈਜ਼ਰ ਅਤੇ ਐਨਿਊਮਰੇਟਰ ਨੂੰ ਟ੍ਰੇਨਿੰਗ ਦੇਣਗੇ, ਜਿਸ ਨਾਲ ਕੰਮ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਨਾ ਹੋਵੇ ਅਤੇ ਪੂਰੀ ਪ੍ਰਕਿਰਿਆ ਸੁਚਾਰੂ ਰਹੇ।
-ਪ੍ਰਸ਼ਾਸਨ ਦੇ ਅਨੁਸਾਰ ਜਨਗਣਨਾ ਦੌਰਾਨ ਇਕ ਕਰਮਚਾਰੀ ਨੂੰ ਘੱਟੋ-ਘੱਟ 600 ਅਤੇ ਵੱਧ ਤੋਂ ਵੱਧ 900 ਲੋਕਾਂ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜਿਸ ਨਾਲ ਕੰਮ ਦਾ ਸੰਤੁਲਨ ਬਣਿਆ ਰਹੇਗਾ ਅਤੇ ਸਮੇਂ ‘ਤੇ ਪੂਰਾ ਹੋ ਸਕੇਗਾ।
-ਬਾਕਸ-
-ਲੋਕ ਆਪਣੀ ਜਾਣਕਾਰੀ ਖੁਦ ਦਰਜ ਕਰਨ
ਡੀਸੀ ਕਮ ਸੈਂਸਸ ਅਫਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਾਗਰਿਕ ਅਧਿਕਾਰਕ ਪੋਰਟਲ ’ਤੇ ਲਾਗ ਇਨ ਕਰਕੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਦਰਜ ਕਰ ਸਕਦੇ ਹਨ। ਇਸ ਸਹੂਲਤ ਨਾਲ ਲੋਕ ਘਰ ਬੈਠੇ ਆਪਣੀ ਸੁਵਿਧਾ ਅਨੁਸਾਰ ਜਨਗਣਨਾ ਵਿੱਚ ਭਾਗ ਲੈ ਸਕਣਗੇ ਤੇ ਸਮੇਂ ਦੀ ਬੱਚਤ ਹੋਵੇਗੀ। ਸਰਕਾਰ ਨੇ ਪ੍ਰਕਿਰਿਆ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਓਟੀਪੀ ਆਧਾਰਿਤ ਲਾਗ ਇਨ ਤੇ ਡਿਜੀਟਲ ਫਾਰਮ ਦੀ ਸਹੂਲਤ ਦਿੱਤੀ ਹੈ। ਜਾਣਕਾਰੀ ਜਮ੍ਹਾਂ ਕਰਨ ਤੋਂ ਬਾਅਦ ਇਕ ਯੂਨੀਕ ਆਈਡੀ ਮਿਲੇਗੀ, ਜਿਸ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਬਾਅਦ ਵਿੱਚ ਜਦੋਂ ਗਿਣਤੀ ਕਰਤਾ ਘਰ ਆਉਣਗੇ, ਤਾਂ ਇਸੇ ਆਈਡੀ ਦੇ ਆਧਾਰ ‘ਤੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇਗੀ। ਡੀਸੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਖੁਦ ਜਨਗਣਨਾ ਨਹੀਂ ਕਰ ਸਕਦਾ ਤਾਂ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਗਿਣਤੀ ਕਰਤਾ ਨਿਰਧਾਰਤ ਸਮੇਂ ‘ਤੇ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ। ਇਸ ਤੋਂ ਇਲਾਵਾ ਘਰਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ ਤਕ ਚੱਲੇਗੀ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਹੀ ਜਾਣਕਾਰੀ ਦੇ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
-ਬਾਕਸ-
-ਸਵੈ-ਜਨਗਣਨਾ ਕਰਨ ਦੇ ਆਸਾਨ ਕਦਮ
-ਅਧਿਕਾਰਕ ਪੋਰਟਲ ‘ਤੇ ਜਾਓ।
-ਮੋਬਾਈਲ ਨੰਬਰ ਨਾਲ ਓਟੀਪੀ ਰਾਹੀਂ ਲਾਗ-ਇਨ ਕਰੋ।
-ਰਾਜ, ਜ਼ਿਲ੍ਹਾ ਅਤੇ ਸਥਾਨਕ ਜਾਣਕਾਰੀ ਚੁਣੋ।
-ਡਿਜੀਟਲ ਮੈਪ ‘ਤੇ ਆਪਣੇ ਘਰ ਦੀ ਲੋਕੇਸ਼ਨ ਦਰਜ ਕਰੋ।
-ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ।