ਪੀਐਸਈਬੀ ਬਾਰਵੀਂ ਜਮਾਤ ਦਾ ਨਤੀਜਾ : ਸੂਬਾ ਮੈਰਿਟ ’ਚ ਨਾਮ ਦਰਜ ਕਰਵਾਉਣ ਵਾਲੇ 16 ਵਿਦਿਆਰਥੀਆਂ ’ਚੋਂ 14 ਕੁੜੀਆਂ

-ਪੀਐੱਸਈਬੀ 12ਵੀਂ ਦਾ ਨਤੀਜਾ : 16 ਵਿਦਿਆਰਥੀਆਂ ’ਚੋਂ 14 ਕੁੜੀਆਂ ਨੇ ਖੱਟਿਆ ਨਾਮਣਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਦੀ ਮੈਰਿਟ ਸੂਚੀ ’ਚ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਜ਼ਿਲ੍ਹੇ ਦੇ ਕੁੱਲ 16 ਵਿਦਿਆਰਥੀਆਂ ਨੇ ਸੂਬਾ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਮੈਰਿਟ ’ਚ 14 ਵਿਦਿਆਰਥਣਾਂ ਸ਼ਾਮਲ ਹਨ। ਇਨ੍ਹਾਂ ਹੀ ਨਹੀਂ ਮੈਰਿਟ ’ਚ ਸਭ ਤੋਂ ਵਧੀਆ ਸਥਾਨ ਹਾਸਲ ਕਰਨ ਵਾਲੇ ਪਹਿਲੇ ਤਿੰਨ ਰੈਂਕਾਂ ਵਿੱਚੋਂ ਪਹਿਲੇ ਦੋ ਸਥਾਨਾਂ ‘ਤੇ ਵੀ ਕੁੜੀਆਂ ਦਾ ਕਬਜ਼ਾ ਰਿਹਾ। ਸਰਕਾਰੀ ਤੇ ਨਿੱਜੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਹ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਲਗਨ ਦੇ ਬਲ ‘ਤੇ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਸਵਪਨਦੀਪ ਕੌਰ ਸਿੱਧੂ ਨੇ ਕੀਤਾ। ਉਨ੍ਹਾਂ ਨੇ 496 ਅੰਕ ਹਾਸਲ ਕਰਕੇ ਪੰਜਾਬ ਮੈਰਿਟ ’ਚ 7ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਹੈ ਅਤੇ ਉਸ ਨੇ 98.80 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਸ ਤੋਂ ਬਾਅਦ ਗੁਰਲੀਨ ਕੌਰ ਨੇ 492 ਅੰਕ ਲੈ ਕੇ ਸੂਬਾ ਮੈਰਿਟ ’ਚ 9ਵਾਂ ਤੇ ਜ਼ਿਲ੍ਹੇ ’ਚ ਦੂਜਾ ਸਥਾਨ ਹਾਸਲ ਕੀਤਾ। ਉਹ ਮਾਸਟਰ ਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗੀ ਰੂਘੂ ਦੀ ਵਿਦਿਆਰਥਣ ਹੈ ਅਤੇ ਉਸ ਨੇ 98.40 ਫੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਵਰੁਣ ਕੁਮਾਰ ਨੇ 491 ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਵਿੱਚ 10ਵਾਂ ਅਤੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਹ ਸਕੂਲ ਆਫ ਐਮੀਨੈਂਸ ਮੰਡੀ ਫੂਲ ਦਾ ਵਿਦਿਆਰਥੀ ਹੈ, ਜਿਸ ਨੇ 98.20 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਵਾਰ ਦੀ ਮੈਰਿਟ ਸੂਚੀ ਦੀ ਇਕ ਹੋਰ ਖਾਸ ਗੱਲ ਇਹ ਰਹੀ ਕਿ ਪਿੰਡਾਂ ਦੇ ਸਕੂਲਾਂ ਨੇ ਸ਼ਹਿਰੀ ਸਕੂਲਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ। ਜ਼ਿਲ੍ਹੇ ਦੀ ਮੈਰਿਟ ਸੂਚੀ ਵਿਚ ਲੜਕੀਆਂ ਦਾ ਦਬਦਬਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਲ 16 ਵਿੱਚੋਂ 14 ਵਿਦਿਆਰਥਣਾਂ ਦਾ ਮੈਰਿਟ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਧੀਆਂ ਹੁਣ ਸਿੱਖਿਆ ਦੇ ਖੇਤਰ ’ਚ ਲਗਾਤਾਰ ਅੱਗੇ ਵੱਧ ਰਹੀਆਂ ਹਨ। ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥਣਾਂ ਦੀ ਇਸ ਉਪਲੱਬਧੀ ਨੂੰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ ਹੈ।
-ਬਾਕਸ-
-ਮੈਰਿਟ ’ਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ
ਵਿਦਿਆਰਥੀ ਰੈਂਕ ਅੰਕ ਫੀਸਦੀ ਸਕੂਲ
ਸਵਪਨਦੀਪ ਕੌਰ ਸਿੱਧੂ 7 496 98.80 ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ
ਗੁਰਲੀਨ ਕੌਰ 9 492 98.40 ਮਾਸਟਰ ਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੰਗੀ ਰੂਘੂ
ਵਰੁਣ ਕੁਮਾਰ 10 491 98.20 ਸਕੂਲ ਆਫ ਐਮੀਨੈਂਸ, ਮੰਡੀ ਫੂਲ
ਹਰਮੀਤ ਕੌਰ 12 489 97.80 ਸ਼ਹੀਦ ਮੇਜਰ ਰਵਿੰਦਰ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਬਠਿੰਡਾ
ਜਸਪ੍ਰੀਤ ਕੌਰ 13 488 97.60 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਨਿਆਣਾ ਮੰਡੀ
ਲਕਸ਼ਮੀ ਕੌਰ 14 487 97.40 ਸ਼ਹੀਦ ਜਸਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਸਰ ਖਾਨਾ
ਸਿਮਰਦੀਪ ਕੌਰ 14 487 97.40 ਸਕੂਲ ਆਫ ਐਮੀਨੈਂਸ, ਮੰਡੀ ਫੂਲ, ਰਾਮਪੁਰਾ
ਖੁਸ਼ਦੀਪ ਕੌਰ 16 485 97.00 ਸੀਨੀਅਰ ਸੈਕੰਡਰੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਬਠਿੰਡਾ
ਖੁਸ਼ਪ੍ਰੀਤ ਕੌਰ 16 485 97.00 ਸ਼ਹੀਦ ਭਗਤ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਮਲਕਾਣਾ
ਜਸਮੀਨ ਕੌਰ 17 484 96.80 ਸ਼ਹੀਦ ਮੇਜਰ ਰਵਿੰਦਰ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਬਠਿੰਡਾ
ਸੁਮਨਦੀਪ ਕੌਰ 17 484 96.80 ਸੀਨੀਅਰ ਸੈਕੰਡਰੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਬਠਿੰਡਾ
ਲੀਨੇਸ਼ਾ ਬਾਂਸਲ 17 484 96.80 ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਿਵਲ ਸਟੇਸ਼ਨ, ਬਠਿੰਡਾ
ਭੂਮਿਕਾ 17 484 96.80 ਸੀਨੀਅਰ ਸੈਕੰਡਰੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਬਠਿੰਡਾ
ਵੀਰਪਾਲ ਕੌਰ 17 484 96.80 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਟੀ
ਗੁਰਵੀਰ ਕੌਰ 17 484 96.80 ਸੀਨੀਅਰ ਸੈਕੰਡਰੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਬਠਿੰਡਾ
ਖੁਸ਼ਦੀਪ ਸਿੰਘ 17 484 96.80 ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਨੰਦਗੜ੍ਹ।