ਜ਼ਿਲ੍ਹੇ ਦੇ 80 ਫੀਸਦੀ ਪੋਲਿੰਗ ਬੂਥ ਸੰਵੇਦਨਸ਼ੀਲ , ਬੂਥਾਂ ’ਤੇ ਸੁਰੱਖਿਆ ਦੇ ਕੀਤੇ ਜਾਣਗੇ ਸਖਤ ਪ੍ਰਬੰਧ

--ਨਿਗਮ ਤੇ ਕੌਂਸਲ ਚੋਣਾਂ : 406 ’ਚੋਂ 330 ਬੂਥ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਸ਼੍ਰੇਣੀ ’ਚ ਸ਼ਾਮਲ
--ਵਾਧੂ ਪੁਲਿਸ ਤਾਇਨਾਤ ਕਰਨ ਦੀਆਂ ਤਿਆਰੀ, ਸ਼ਹਿਰੀ ਖੇਤਰ ਦੇ ਜ਼ਿਆਦਾਤਰ ਬੂਥ ਰਹਿਣਗੇ ਨਿਗਰਾਨੀ ’ਚ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
26 ਮਈ ਨੂੰ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੇ ਵਿਆਪਕ ਤਿਆਰੀਆਂ ਸ਼ੁਰੂ ਕੀਤੀਆਂ ਹਨ। ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਨੂੰ ਸੁਰੱਖਿਆ ਦੇ ਆਧਾਰ 'ਤੇ ਸ੍ਰੇਣੀਬੱਧ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਸੂਚੀ ਅਨੁਸਾਰ ਜ਼ਿਲ੍ਹੇ ਦੇ ਕੁੱਲ 406 ਪੋਲਿੰਗ ਬੂਥਾਂ ਵਿੱਚੋਂ 330 ਨੂੰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਨ। ਇਹ ਅੰਕੜਾ ਕੁੱਲ ਬੂਥਾਂ ਦਾ ਲਗਭਗ 80 ਫੀਸਦੀ ਹੈ। ਇਸ ਤਰ੍ਹਾਂ ਜ਼ਿਲ੍ਹੇ ਅੰਦਰ 80 ਫੀਸਦੀ ਬੂਥ ਸੰਵੇਦਨਸ਼ੀਲ ਤੇ ਅਤੀ ਸੰਵੇਦਨਸ਼ੀਲ ਹਨ। ਜ਼ਿਲ੍ਹੇ ਅੰਦਰ ਇੰਨੇ ਬੂਥਾਂ ਦਾ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਹੋਣ ਕਾਰਨ ਪ੍ਰਸ਼ਾਸਨ ਦੀ ਚਿੰਤਾ ਹੋਰ ਵਧ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਜ਼ਿਲ੍ਹੇ ਦੇ 190 ਬੂਥਾਂ ਨੂੰ ਸੰਵੇਦਨਸ਼ੀਲ ਅਤੇ 140 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਐਲਾਨ ਕੀਤਾ ਹੈ। ਇਨ੍ਹਾਂ ਬੂਥਾਂ 'ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਤਣਾਅ, ਝੜਪਾਂ, ਝਗੜੇ ਜਾਂ ਕਾਨੂੰਨ ਵਿਵਸਥਾ ਦੀਆਂ ਘਟਨਾਵਾਂ ਦੇਖਣ ਵਾਲੇ ਬੂਥਾਂ ਨੂੰ ਇਸ ਵਾਰ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਬਠਿੰਡਾ ਸ਼ਹਿਰੀ ਖੇਤਰ ਸਭ ਤੋਂ ਸੰਵੇਦਨਸ਼ੀਲ ਹੈ। ਇੱਥੇ ਕੁੱਲ 216 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 174 ਨੂੰ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਵਜੋਂ ਰੱਖਿਆ ਗਿਆ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸ਼ਹਿਰੀ ਖੇਤਰ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰਦਾ ਹੈ। ਚੋਣਾਂ ਦੌਰਾਨ ਇੱਥੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਬਠਿੰਡਾ ਸ਼ਹਿਰੀ ਖੇਤਰ ਵਿਚ ਅਤਿ ਸੰਵੇਦਨਸ਼ੀਲ ਬੂਥਾਂ ਸਭ ਤੋਂ ਵੱਧ 78 ਬੂਥ ਹਨ। ਨਗਰ ਕੌਂਸਲ ਕੋਟਫੱਤਾ ’ਚ 11, ਨਗਰ ਕੌਂਸਲ ਸੰਗਤ ਵਿੱਚ 2, ਨਗਰ ਪੰਚਾਇਤ ਕੋਟਸ਼ਮੀਰ ’ਚ 13, ਨਗਰ ਪੰਚਾਇਤ ਮਹਿਰਾਜ ’ਚ 13, ਨਗਰ ਪੰਚਾਇਤ ਭਾਈਰੂਪਾ ਵਿੱਚ 6, ਨਗਰ ਕੌਂਸਲ ਰਾਮਾ ਵਿੱਚ 15 ਅਤੇ ਨਗਰ ਕੌਂਸਲ ਮੌੜ ਵਿੱਚ 2 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਖੇਤਰਾਂ ’ਚ ਵਿਸ਼ੇਸ਼ ਚੌਕਸੀ ਰੱਖੇਗੀ ਤੇ ਗਸ਼ਤ ਵਧਾਈ ਜਾਵੇਗੀ। ਅਜਿਹੇ ਬੂਥਾਂ ’ਤੇ ਪ੍ਰਸ਼ਾਸ਼ਨ ਵੱਲੋਂ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਸੰਵੇਦਨਸ਼ੀਲ ਬੂਥਾਂ ਵਿੱਚ ਬਠਿੰਡਾ ਸ਼ਹਿਰ ਦੇ 96 ਬੂਥ ਸ਼ਾਮਲ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਭੁੱਚੋ ਵਿੱਚ 13, ਨਗਰ ਕੌਂਸਲ ਗੋਨਿਆਣਾ ਵਿੱਚ 13, ਸੰਗਤ ’ਚ 3, ਲਹਿਰਾ ਮੁਹੱਬਤ ’ਚ 11, ਕੋਠਾਗੁਰੂ ਵਿੱਚ 11, ਮਲੂਕਾ ਵਿੱਚ 11, ਭਾਈਰੂਪਾ ਵਿੱਚ 6, ਰਾਮਾ ’ਚ 3, ਮੌੜ ’ਚ 10 ਤੇ ਭਗਤਾ ਵਿੱਚ 13 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਪ੍ਰਸ਼ਾਸਨ ਚੋਣਾਂ ਸਬੰਧੀ ਸੁਰੱਖਿਆ ਏਜੰਸੀਆਂ ਨਾਲ ਨਿਯਮਤ ਮੀਟਿੰਗਾਂ ਕਰ ਰਿਹਾ ਹੈ। ਪੁਲਿਸ ਵਿਭਾਗ ਨੇ ਪੋਲਿੰਗ ਖੇਤਰਾਂ ’ਚ ਫਲੈਗ ਮਾਰਚ ਤੇ ਨਾਕਾਬੰਦੀ ਵਧਾਉਣ ਦੀ ਵੀ ਯੋਜਨਾ ਬਣਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਕੋਈ ਵੀ ਗੜਬੜ ਪੈਦਾ ਕਰਨ ਜਾਂ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ 'ਤੇ ਵੀਡੀਓਗ੍ਰਾਫੀ ਕਰਵਾਈ ਜਾਣ ਹੈ ਤੇ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਤੇ ਮਾਈਕ੍ਰੋ-ਆਬਜ਼ਰਵਰਾਂ ਦੀ ਨਿਯੁਕਤੀ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜ਼ਿਲ੍ਹੇ ’ਚ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।