ਵੱਖ-ਵੱਖ ਸਰਕਾਰੀ ਹਸਪਤਾਲਾਂ ਅੰਦਰ ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ

-ਰਾਮਪੁਰਾ ਫੂਲ ਦੇ 50 ਬੈੱਡ ਵਾਲੇ ਸਿਵਲ ਹਸਪਤਾਲ ’ਚ ਸਿਰਫ਼ ਦੋ ਹੀ ਹਨ ਵਾਟਰ ਕੂਲਰ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਜਿਲ੍ਹੇ ਦੇ ਵਿੱਚ ਸਥਿਤ ਵੱਖ-ਵੱਖ ਸਰਕਾਰੀ ਹਸਪਤਾਲਾਂ ਅੰਦਰ ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਕਾਰਨ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਤ ਦੀ ਪੈ ਰਹੀ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਸਮੱਸਿਆ ਹੋਰ ਗੰਭੀਰ ਹੋ ਗਈ ਹੈ, ਜਿਸ ਨਾਲ ਸਰਕਾਰੀ ਸਿਹਤ ਸੇਵਾਵਾਂ ਦੇ ਦਾਅਵਿਆਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਦੇ ਪੱਕੇ ਪ੍ਰਬੰਧ ਨਾ ਹੋਣ ਕਾਰਨ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਧ ਮੁਸ਼ਕਲ ਹਸਪਤਾਲ ਦੇ ਓਪੀਡੀ ਬਲਾਕ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਝੱਲਣੀ ਪੈਂਦੀ ਹੈ। 50 ਬੈੱਡ ਵਾਲੇ ਇਸ ਸਿਵਲ ਹਸਪਤਾਲ ਵਿੱਚ ਇਸ ਸਮੇਂ ਸਿਰਫ਼ ਦੋ ਵਾਟਰ ਕੂਲਰਾਂ ਨਾਲ ਹੀ ਕੰਮ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਦੇ ਓਪੀਡੀ ਬਲਾਕ ਵਿਚ ਇਕ ਵੀ ਵਾਟਰ ਕੂਲਰ ਨਹੀਂ ਲਗਾਇਆ ਗਿਆ। ਓਪੀਡੀ ਵਿੱਚ ਪਾਣੀ ਦੀ ਸਹੂਲਤ ਨਾ ਹੋਣ ਕਰਕੇ ਮਰੀਜ਼ਾਂ ਨੂੰ ਆਪਣੀ ਪਿਆਸ ਬੁਝਾਉਣ ਲਈ ਐਮਰਜੈਂਸੀ ਬਲਾਕ ਵੱਲ ਜਾਣਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਮਜਬੂਰਨ ਪਾਣੀ ਦੀਆਂ ਬੋਤਲਾਂ ਖ਼ਰੀਦਣੀਆਂ ਪੈਂਦੀਆਂ ਹਨ। ਐਮਰਜੈਂਸੀ ਵਾਰਡ ਵਿੱਚ ਵੀ ਪਾਣੀ ਦੀ ਸਹੂਲਤ ਕੋਈ ਖਾਸ ਸੰਤੋਸ਼ਜਨਕ ਨਹੀਂ ਹੈ। ਤਿੰਨ ਮੰਜ਼ਿਲਾ ਐਮਰਜੈਂਸੀ ਬਲਾਕ ਵਿੱਚ ਸਿਰਫ਼ ਗਰਾਊਂਡ ਫਲੋਰ ‘ਤੇ ਹੀ ਦੋ ਵਾਟਰ ਕੂਲਰ ਲਗੇ ਹੋਏ ਹਨ। ਸੋਮਵਾਰ ਨੂੰ ਜਦੋਂ “ਪੰਜਾਬੀ ਜਾਗਰਣ” ਦੀ ਟੀਮ ਵੱਲੋਂ ਹਸਪਤਾਲ ਵਿੱਚ ਮੌਕੇ ‘ਤੇ ਜਾ ਕੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਦੋਵੇਂ ਵਾਟਰ ਕੂਲਰਾਂ ਵਿੱਚ ਗਰਮ ਪਾਣੀ ਆ ਰਿਹਾ ਸੀ, ਜਿਸ ਨਾਲ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਹੋਈ।
ਇਸ ਸਬੰਧੀ ਹਸਪਤਾਲ ਦੇ ਕਰਮਚਾਰੀ ਨਾਲ ਗੱਲਬਾਤ ਕਰਨ ’ਤੇ ਉਸ ਨੇ ਦੱਸਿਆ ਕਿ ਅੱਜ ਸਵੇਰੇ ਤਕਨੀਕੀ ਖਰਾਬੀ ਕਾਰਨ ਵਾਟਰ ਕੂਲਰਾਂ ਵਿੱਚ ਗਰਮ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਮਕੈਨਿਕ ਨੂੰ ਬੁਲਾਇਆ ਗਿਆ ਹੈ ਅਤੇ ਜਲਦੀ ਹੀ ਮਰੀਜ਼ਾਂ ਨੂੰ ਠੰਢਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
-ਬਾਕਸ-
-ਜਲਦ ਲਗਾਏ ਜਾਣਗੇ ਦੋ ਹੋਰ ਨਵੇਂ ਵਾਟਰ ਕੂਲਰ : ਐੱਸਐੱਮਓ
ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਹਸਪਤਾਲ ਦੇ ਐਸਐਮਓ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਕਿਹਾ ਕਿ ਮਈ ਮਹੀਨੇ ਵਿੱਚ ਹਸਪਤਾਲ ਵਿੱਚ ਦੋ ਨਵੇਂ ਵਾਟਰ ਕੂਲਰ ਲਗਾਏ ਜਾਣਗੇ। ਹਸਪਤਾਲ ਪ੍ਰਬੰਧਕਾਂ ਵੱਲੋਂ ਇਸ ਲਈ ਫੰਡਾਂ ਦੀ ਵਿਵਸਥਾ ਕਰ ਲਈ ਗਈ ਹੈ ਤੇ ਜਲਦ ਹੀ ਆਰਡਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਵਾਟਰ ਕੂਲਰ ਲੱਗਣ ਤੋਂ ਬਾਅਦ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।