ਪਿੰਡ ਢੀਂਡਸਾ ਦੇ ਦਰਦਮੰਦਾਂ ਨੇ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ 700 ਤੋਂ ਵੱਧ ਕਣਕ ਦੇ ਗੱਟੇ ਵੰਡੇ

-ਗੜੇਮਾਰੀ ਕਾਰਨ ਨੁਕਸਾਨੀਆਂ ਫਸਲਾਂ ਦੇ ਪੀੜਤ ਕਿਸਾਨਾਂ ਦੀ ਮਦਦ ਜਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਦੇ ਲੋਕਾਂ ਉੱਪਰ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਹੀ ਇੱਕ-ਦੂਜੇ ਦੇ ਨਾਲ ਖੜ੍ਹਦੇ ਹਨ। ਜਿਵੇਂ ਪਿਛਲੇ ਸਾਲ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਅਤੇ ਨੁਕਸਾਨੇ ਘਰਾਂ ਲਈ ਲੋਕਾਂ ਨੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਸੀ, ਉਸੇ ਤਰ੍ਹਾਂ ਬਠਿੰਡਾ ਦੇ ਆਲੇ-ਦੁਆਲੇ ਦਰਜਨਾਂ ਪਿੰਡਾਂ ਵਿੱਚ 4 ਅਪ੍ਰੈਲ ਨੂੰ ਹੋਈ ਗੜੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਕਾਰਨ ਕੋਠੇ ਸੰਧੂਆਂ ਅਤੇ ਕੋਠੇ ਲਾਲ ਸਿੰਘ ਵਾਲਾ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪੰਜਾਬੀ ਜਾਗਰਣ ਨੇ ਕਿਸਾਨਾਂ ਦੇ ਇਸ ਦਰਦ ਨੂੰ ਮੁੱਦਾ ਪੇਜ ਪ੍ਰਕਸ਼ਿਤ ਕਰਕੇ ਲੋਕਾਂ ਸਾਹਮਣੇ ਰੱਖਿਆ ਸੀ ਅਤੇ ਮਦਦ ਦੀ ਅਪੀਲ ਵੀ ਕੀਤੀ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਦਾਨੀ ਸੱਜਣਾ ਨੇ ਮਦਦ ਲਈ ਆਪਣੇ ਹੱਥ ਵਧਾਏ ਸਨ। ਸ਼ਨਿੱਚਰਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਢੀਂਡਸਾ ਦੀ ਸੰਗਤ ਨੇ ਪੀੜਤ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਿੰਡ ਢੀਂਡਸਾ ਤੋਂ ਕਣਕ ਇਕੱਠੀ ਕਰਕੇ ਅੱਜ ਦੋ ਟਰਾਲੀਆਂ ਰਾਹੀਂ 700 ਮਣ ਤੋਂ ਵੱਧ ਕਣਕ ਦੇ ਗੱਟੇ ਕੋਠੇ ਸੰਧੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਏ ਗਏ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਦਾਨੀ ਸੱਜਣਾਂ ਲਈ ਗੁਰੂ ਦਾ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਕਣਕ ਦੀ ਵੰਡ ਤੋਂ ਪਹਿਲਾਂ ਨਗਰ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਢੀਂਡਸਾ ਪਿੰਡ ਤੋਂ ਆਏ ਮੋਹਤਬਰਾਂ ਦਾ ਗੁਰਦੁਆਰਾ ਕਮੇਟੀ, ਨਗਰ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਕਣਕ ਦੀ ਵੰਡ ਕਰਨ ਤੋਂ ਪਹਿਲਾਂ ਢੀਂਡਸਾ ਪਿੰਡ ਦੇ ਦਾਨੀ ਸੱਜਣ ਖੇਤਾਂ ਵਿੱਚ ਵੀ ਗਏ, ਜਿੱਥੇ ਕਿਸਾਨਾਂ ਨੇ ਬੁਰੀ ਤਰ੍ਹਾਂ ਤਬਾਹ ਹੋਈ ਕਣਕ ਦੀ ਕਟਾਈ ਵੀ ਨਹੀਂ ਕੀਤੀ ਸੀ। ਇਸ ਤੋਂ ਅੰਦਾਜ਼ਾ ਲੱਗਦਾ ਸੀ ਕਿ ਕੋਠੇ ਸੰਧੂਆਂ ਦੇ ਕਿਸਾਨਾਂ ਦਾ ਕਿੰਨ੍ਹਾ ਵੱਡਾ ਨੁਕਸਾਨ ਹੋਇਆ ਹੈ। ਇਸ ਸਬੰਧੀ ਢੀਂਡਸਾ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਵਿੱਚ ਕੋਠੇ ਸੰਧੂਆਂ ਆਏ ਸਨ।
ਉਸ ਵੇਲੇ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨਾਲ ਮਿਲ ਕੇ ਸਭ ਤੋਂ ਵੱਧ ਨੁਕਸਾਨੀ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਸੀ। ਅੱਜ ਉਸੇ ਆਧਾਰ ’ਤੇ ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਨੁਕਸਾਨੀ ਹੋਈ, ਉਨ੍ਹਾਂ ਨੂੰ ਪ੍ਰਤੀ ਏਕੜ ਡੇਢ ਗੱਟਾ ਕਣਕ ਦਿੱਤੀ ਗਈ, ਜਦਕਿ ਘੱਟ ਨੁਕਸਾਨ ਵਾਲੇ ਕਿਸਾਨਾਂ ਨੂੰ ਵੀ ਸਹਾਇਤਾ ਦਿੱਤੀ ਗਈ। ਇਸ ਦੇ ਨਾਲ ਹੀ ਪਿੰਡ ਦੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਪ੍ਰਤੀ ਘਰ ਦੋ ਗੱਟੇ ਕਣਕ ਦੇ ਵੰਡੇ ਗਏ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਅਤੇ ਗੁਰਪਾਲ ਸਿੰਘ ਨੇ ਢੀਂਡਸਾ ਪਿੰਡ ਤੋਂ ਆਏ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਵੱਡੀ ਮਦਦ ਕੀਤੀ ਹੈ ਅਤੇ ਪਿੰਡ ਦੇ ਪਰਿਵਾਰਾਂ ਲਈ ਰੋਟੀ ਦਾ ਸਹਾਰਾ ਬਣੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਮੀਦਾਰਾਂ ਨੇ ਜਮੀਨਾਂ ਦਾ ਅੱਧਾ ਠੇਕਾ ਮਾਫ਼ ਕਰ ਦਿੱਤਾ ਸੀ ਅਤੇ ਕਣਕ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਦੋਰਾਹਾ ਤੋਂ ਜ਼ੋਰਾ ਐਗਰੀਕਲਚਰ ਫਰਮ ਨੇ ਇਕ ਟਰਾਲੀ ਹਰੇ ਚਾਰੇ ਦਾ ਬੀਜ ਕਿਸਾਨਾਂ ਲਈ ਭੇਜਿਆ ਗਿਆ ਸੀ।