ਧਾਗਾ ਮਿਲ ’ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ
ਧਾਗਾ ਮਿਲ ਵਿੱਚ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
Publish Date: Mon, 27 Apr 2026 05:58 PM (IST)
Updated Date: Tue, 28 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੌੜ ਮੰਡੀ
ਸਥਾਨਕ ਮੌੜ ਮੰਡੀ ਵਿੱਚ ਸਥਿਤ ਪ੍ਰਤਾਪ ਸਪਿੰਟੈਕਸ ਧਾਗਾ ਮਿਲ ਵਿੱਚ ਐਤਵਾਰ ਦੁਪਹਿਰ ਸਮੇਂ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦੀ ਖ਼ਬਰ ਹੈ। ਅੱਗ ਲੱਗਣ ਨਾਲ ਮਿਲ ਦਾ ਇਕ ਯੂਨਿਟ ਪੂਰੀ ਤਰ੍ਹਾਂ ਲਪੇਟ ਵਿੱਚ ਆ ਗਿਆ। ਘਟਨਾ ਦੌਰਾਨ ਮਿੱਲ ਵਿੱਚ ਕੰਮ ਕਰ ਰਹੇ ਵਰਕਰਾਂ ਨੇ ਸੂਝਬੂਝ ਅਤੇ ਮੁਸਤੈਦੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਅਚਾਨਕ ਫੈਕਟਰੀ ਦੇ ਇੱਕ ਹਿੱਸੇ ਵਿੱਚ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਪੂਰੀ ਇੱਕ ਯੂਨਿਟ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫੈਕਟਰੀ ਵਿੱਚ ਮੌਜੂਦ ਕਰਮਚਾਰੀਆਂ ਨੇ ਤੁਰੰਤ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫੈਕਟਰੀ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਪਰ ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਦੋ ਗੱਡੀਆਂ ਕਾਫ਼ੀ ਸਾਬਤ ਨਹੀਂ ਹੋਈਆਂ, ਜਿਸ ਤੋਂ ਬਾਅਦ ਫੈਕਟਰੀ ਮਾਲਕਾਂ ਵੱਲੋਂ ਬਠਿੰਡਾ ਤੋਂ ਹੋਰ ਫਾਇਰ ਬ੍ਰਿਗੇਡ ਗੱਡੀਆਂ ਮੰਗਵਾਈਆਂ ਗਈਆਂ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਫੈਕਟਰੀ ਅੰਦਰ ਪਿਆ ਤਿਆਰ ਧਾਗਾ, ਕੱਚਾ ਮਾਲ, ਮਸ਼ੀਨਰੀ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਈ। ਮੁੱਢਲੇ ਅੰਦਾਜ਼ੇ ਅਨੁਸਾਰ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਹਾਲੇ ਤੱਕ ਕੁਝ ਸਪੱਸ਼ਟ ਨਹੀਂ ਹੋ ਸਕਿਆ। ਸੰਭਾਵਨਾ ਹੈ ਕਿ ਸ਼ਾਰਟ ਸਰਕਟ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੋਵੇ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ। ਇੱਥੇ ਜ਼ਿਕਰਯੋਗ ਹੈ ਕਿ ਪ੍ਰਤਾਪ ਸਪਿੰਟੈਕਸ ਮੌੜ ਮੰਡੀ ਦੀ ਪ੍ਰਮੁੱਖ ਉਦਯੋਗਿਕ ਇਕਾਈਆਂ ਵਿੱਚੋਂ ਇੱਕ ਹੈ, ਜੋ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਇੱਥੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਘਟਨਾ ਕਾਰਨ ਨਾ ਸਿਰਫ਼ ਫੈਕਟਰੀ ਮਾਲਕਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਸਗੋਂ ਕਰਮਚਾਰੀਆਂ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਅੱਗ ਬੁਝਾਉ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।