ਖ਼ਰਾਬ ਸੜਕ ਕਾਰਨ ਟਰੈਕਟਰ ਤੇ ਕਾਰ ਦੀ ਟੱਕਰ, ਜਾਨੀ ਬਚਾਅ
ਟਰੈਕਟਰ ਅਤੇ ਕਾਰ ਦੀ ਭਿਆਨਕ ਟੱਕਰ, ਖਰਾਬ ਸੜਕ ਬਣੀ ਹਾਦਸੇ ਦਾ ਕਾਰਨ
Publish Date: Sun, 17 May 2026 05:33 PM (IST)
Updated Date: Mon, 18 May 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਭਾਗੀਵਾਂਦਰ ਤੋਂ ਬਠਿੰਡਾ ਜਾਣ ਵਾਲੀ ਸੜਕ ’ਤੇ ਇਕ ਟਰੈਕਟਰ ਤੇ ਕਾਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਇਲਾਕੇ ’ਚ ਹੜਕੰਪ ਮਚ ਗਿਆ। ਟੱਕਰ ਇਨ੍ਹੀ ਤੇਜ਼ ਸੀ ਕਿ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਹਾਲਾਂਕਿ ਸਵਾਰ ਕਿਸੇ ਵੱਡੇ ਹਾਦਸੇ ਤੋਂ ਬਚ ਗਏ। ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਨਵੀਂ ਬਣ ਰਹੀ ਸੜਕ ਉੱਪਰ ਕਈ ਥਾਵਾਂ ‘ਤੇ ਅਧੂਰਾ ਕੰਮ ਛੱਡਿਆ ਹੋਇਆ ਹੈ। ਸੜਕ ਦੇ ਵਿਚਕਾਰ ਬਣੇ ਉਭਾਰ ਤੇ ਪਏ ਹੋਏ ਟੋਏ ਵਾਹਨ ਚਾਲਕਾਂ ਲਈ ਖਤਰਾ ਬਣੇ ਹੋਏ ਹਨ। ਖਾਸ ਕਰਕੇ ਰਾਤ ਸਮੇਂ ਇਹ ਟੁੱਟੇ ਹਿੱਸੇ ਸਪੱਸ਼ਟ ਨਾ ਦਿਖਾਈ ਦੇਣ ਕਾਰਨ ਵਾਹਨ ਅਚਾਨਕ ਬੇਕਾਬੂ ਹੋ ਜਾਂਦੇ ਹਨ। ਟਰੈਕਟਰ ਸਵਾਰ ਦੇ ਪਿਤਾ ਜੀਤ ਸਿੰਘ ਨੇ ਦੋਸ਼ ਲਾਇਆ ਕਿ ਸੜਕ ਦੀ ਮਾੜੀ ਹਾਲਤ ਕਾਰਨ ਇਲਾਕੇ ਵਿੱਚ ਲਗਾਤਾਰ ਹਾਦਸੇ ਵੱਧ ਰਹੇ ਹਨ ਪਰ ਸਬੰਧਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਟੋਇਆਂ ਤੇ ਰੈਂਪਾਂ ਨੂੰ ਸਮਾਨ ਕੀਤਾ ਜਾਵੇ ਤਾਂ ਜੋ ਹੋਰ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਹਾਦਸੇ ਵਿੱਚ ਸੱਟਾਂ ਲੱਗਣ ਕਾਰਨ ਜਖਮੀਆਂ ਨੂੰ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਕਰਨ ਉਪਰੰਤ ਕੁਝ ਸਮੇਂ ਬਾਅਦ ਛੁੱਟੀ ਦੇ ਦਿੱਤੀ ਗਈ। ਪੀੜਤ ਪਰਿਵਾਰ ਨੇ ਸਰਕਾਰ ਅਤੇ ਸੜਕ ਨਿਰਮਾਣ ਵਿਭਾਗ ਕੋਲੋਂ ਵਾਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਵੀ ਮੰਗ ਕੀਤੀ ਹੈ।