ਟਰਾਂਸਫਾਰਮਰਾਂ ’ਚੋਂ ਤਾਂਬਾ ਤੇ ਲੋਹਾ ਚੋਰੀ ਕਰਨ ਵਾਲੇ 4 ਕਾਬੂ
ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਲੋਹਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Publish Date: Wed, 27 May 2026 05:29 PM (IST)
Updated Date: Thu, 28 May 2026 04:02 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਤਲਵੰਡੀ ਸਾਬੋ ਪੁਲਿਸ ਨੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਤੇ ਲੋਹਾ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਵਿੱਚ ਵਰਤੇ ਜਾਂਦੇ ਔਜ਼ਾਰ, ਟਰਾਂਸਫਾਰਮਰਾਂ ਦੇ ਲੋਹੇ ਦੇ ਪਾਰਟਸ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਐੱਸਪੀ (ਹੈੱਡਕੁਆਰਟਰ) ਜਗਦੀਸ਼ ਕੁਮਾਰ, ਡੀਐੱਸਪੀ ਜਸਜੋਤ ਸਿੰਘ ਤੇ ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਚੌਕੀ ਸਿੰਗੋ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ। ਇਸ ਸਬੰਧੀ ਥਾਣਾ ਤਲਵੰਡੀ ਸਾਬੋ ’ਚ 23 ਮਈ 2026 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਕਾਰਵਾਈ ਦੌਰਾਨ ਪੁਲਿਸ ਨੇ ਪਿੰਡ ਬੁਰਜ ਵਾਸੀ ਪਲਵਿੰਦਰ ਸਿੰਘ ਉਰਫ਼ ਕੁਲਵਿੰਦਰ, ਪਿੰਡ ਬਹਿਮਣ ਜੱਸਾ ਸਿੰਘ ਵਾਲਾ ਵਾਸੀ ਜਗਮੋਹਨ ਸਿੰਘ ਉਰਫ਼ ਮੋਹਣੀ ਤੇ ਪਿੰਡ ਗੁਰੂਸਰ ਵਾਸੀ ਗਗਨਦੀਪ ਸਿੰਘ ਉਰਫ਼ ਗੱਗੀ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਹੁਣ ਤਕ ਕਰੀਬ 32 ਟਰਾਂਸਫਾਰਮਰ ਤੋੜ ਕੇ ਉਨ੍ਹਾਂ ਵਿੱਚੋਂ ਤਾਂਬਾ ਅਤੇ ਲੋਹਾ ਚੋਰੀ ਕਰ ਚੁੱਕੇ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਕੀਤਾ ਤਾਂਬਾ ਅਤੇ ਲੋਹਾ ਮੌੜ ਮੰਡੀ ਦੇ ਵਾਰਡ ਨੰਬਰ 14 ਦੇ ਰਹਿਣ ਵਾਲੇ ਮੀਆਂ ਨਾਂ ਦੇ ਕਬਾੜੀਏ ਨੂੰ ਵੇਚਦੇ ਸਨ। ਪੁਲਿਸ ਨੇ ਕਬਾੜੀ ਮੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕਰਨ ਲਈ ਵਰਤੀਆਂ ਜਾਣ ਵਾਲੀਆਂ ਚਾਬੀਆਂ, ਪਾਨੇ, ਪਲਾਸ, ਪੇਚਕੱਸ ਤੇ ਲੋਹਾ ਕੱਟਣ ਵਾਲੇ ਤਿੰਨ ਬਲੇਡ ਬਰਾਮਦ ਕੀਤੇ। ਟਰਾਂਸਫਾਰਮਰਾਂ ਦੀ ਬਾਡੀ, ਤਿੰਨ ਜੰਪ ਸੈੱਟ, ਲੋਹੇ ਦੇ ਚੈਨਲ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਚੋਰੀ ਕੀਤੇ ਗਏ ਦੋ ਟਰਾਂਸਫਾਰਮਰਾਂ ਦੀਆਂ ਬਾਡੀਆਂ ਅਤੇ ਜੰਪ ਸੈੱਟ ਵੀ ਖੇਤਾਂ ਵਿੱਚੋਂ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮ ਪਲਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਦੋ ਮਾਮਲੇ ਦਰਜ ਹਨ, ਜਦਕਿ ਗਗਨਦੀਪ ਸਿੰਘ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ’ਚ ਅਗਵਾ ਨਾਲ ਸਬੰਧਤ ਮਾਮਲਾ ਦਰਜ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਿਰੋਹ ਨੇ ਹੋਰ ਕਿਹੜੇ-ਕਿਹੜੇ ਇਲਾਕਿਆਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।