ਕੰਡਕਟਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਗਦੀ ਤੇ ਟਿਕਟ ਮਸ਼ੀਨ ਲੁੱਟ ਕੇ ਫਰਾਰ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਤਲਵੰਡੀ ਸਾਬੋ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ਼ ਦੇ ਇਕ ਕੰਡਕਟਰ ਉੱਪਰ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਜ਼ਖ਼ਮੀ ਹੋਏ ਕੰਡਕਟਰ ਨੂੰ ਇਲਾਜ ਲਈ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖ਼ਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਾਸੀ ਸੰਦੋਹਾ ਪੰਜਾਬ ਰੋਡਵੇਜ਼ ’ਚ ਕੰਡਕਟਰ ਵਜੋਂ ਡਿਊਟੀ ਨਿਭਾਅ ਰਿਹਾ ਹੈ। ਉਹ ਹਰ ਰੋਜ਼ ਬਠਿੰਡਾ ਤੋਂ ਸ਼ਾਮ 6 ਵਜੇ ਬੱਸ ਲੈ ਕੇ ਤਲਵੰਡੀ ਸਾਬੋ ਆਉਂਦਾ ਹੈ। ਮਨਦੀਪ ਸਿੰਘ ਦੇ ਬਿਆਨਾਂ ਮੁਤਾਬਕ 23 ਮਈ ਨੂੰ ਬਠਿੰਡਾ ਤੋਂ ਤਲਵੰਡੀ ਸਾਬੋ ਆ ਰਹੀ ਬੱਸ ਵਿੱਚ ਇਕ ਵਿਅਕਤੀ ਸਫਰ ਕਰ ਰਿਹਾ ਸੀ, ਜਿਸਨੂੰ ਸੀਟ ‘ਤੇ ਸਹੀ ਢੰਗ ਨਾਲ ਬੈਠਣ ਲਈ ਕਿਹਾ ਸੀ, ਕਿਉਂਕਿ ਨੇੜੇ ਕੁੜੀਆਂ ਬੈਠੀਆਂ ਹੋਈਆਂ ਸਨ। ਇਸ ਗੱਲ ਨੂੰ ਲੈ ਕੇ ਉਸ ਵਿਅਕਤੀ ਤੇ ਕੰਡਕਟਰ ਵਿਚਾਲੇ ਤਕਰਾਰ ਹੋ ਗਈ। ਕੰਡਕਟਰ ਨੇ ਦੱਸਿਆ ਕਿ ਉਸ ਵਿਅਕਤੀ ਨੇ 15 ਰੁਪਏ ਦੀ ਟਿਕਟ ਦੇ ਪੈਸੇ ਵਾਪਸ ਮੰਗੇ ਤੇ ਰਸਤੇ ’ਚ ਹੀ ਉਤਰਨ ਦੀ ਗੱਲ ਕਹੀ, ਜਿਸ ‘ਤੇ ਉਸਨੂੰ ਉਥੇ ਹੀ ਉਤਾਰ ਕੇ ਟਿਕਟ ਦੇ ਪੈਸੇ ਵੀ ਵਾਪਸ ਕਰ ਦਿੱਤੇ ਗਏ। ਜਾਂਦੇ ਸਮੇਂ ਉਸ ਵਿਅਕਤੀ ਨੇ ਕੰਡਕਟਰ ਨੂੰ ਧਮਕੀ ਵੀ ਦਿੱਤੀ ਸੀ।
ਇਸ ਤੋਂ ਬਾਅਦ ਮਿਤੀ 25 ਮਈ ਨੂੰ ਸ਼ਾਮ ਕਰੀਬ 6:43 ਵਜੇ ਜਦੋਂ ਬੱਸ ਤਲਵੰਡੀ ਸਾਬੋ ਬੱਸ ਅੱਡੇ ‘ਤੇ ਪਹੁੰਚੀ ਅਤੇ ਮਨਦੀਪ ਸਿੰਘ ਬੱਸ ਨੂੰ ਅੱਗੇ ਧਿੰਗੜ ਰੂਟ ਵੱਲ ਲੈ ਜਾਣ ਲਈ ਕਾਊਂਟਰ ਕੋਲ ਖੜ੍ਹਾ ਸੀ ਤਾਂ ਮੋਟਰਸਾਈਕਲਾਂ/ ਸਕੂਟਰ ‘ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਉੱਪਰ ਅਚਾਨਕ ਹਮਲਾ ਕਰ ਦਿੱਤਾ। ਮਨਦੀਪ ਸਿੰਘ ਦੇ ਅਨੁਸਾਰ ਹਮਲਾਵਰਾਂ ਕੋਲ ਕਿਰਪਾਨ, ਟਕੂਏ ਤੇ ਪਿਸਤੌਲ ਵਰਗੇ ਹਥਿਆਰ ਸਨ। ਹਮਲੇ ਦੌਰਾਨ ਉਸਦੀ ਛਾਤੀ ‘ਤੇ ਕਿਰਪਾਨ ਨਾਲ ਵਾਰ ਕੀਤਾ ਗਿਆ ਅਤੇ ਉਸਦੀ ਲੱਤ ਵੀ ਜ਼ਖ਼ਮੀ ਹੋ ਗਈ। ਰੌਲਾ ਪੈਣ ‘ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਦੋਸ਼ ਹੈ ਕਿ ਹਮਲਾਵਰ ਟਿਕਟ ਕੱਟਣ ਵਾਲੀ ਮਸ਼ੀਨ ਅਤੇ ਬੈਗ ’ਚ ਪਈ ਨਕਦੀ ਵੀ ਨਾਲ ਲੈ ਗਏ। ਉੱਧਰ ਪੰਜਾਬ ਰੋਡਵੇਜ਼/ਪਨਬੱਸ ਬਠਿੰਡਾ ਡਿਪੂ ਦੇ ਪ੍ਰਧਾਨ ਆਕਾਸ਼ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਸੀ, ਪਰ ਨਗਰ ਕੌਂਸਲ ਚੋਣਾਂ ’ਚ ਰੁੱਝੇ ਹੋਣ ਕਾਰਨ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਨਾ ਹੋਈ ਤਾਂ ਤਲਵੰਡੀ ਸਾਬੋ ਚੌਕ ਜਾਮ ਕੀਤਾ ਜਾਵੇਗਾ ਤੇ ਬਠਿੰਡਾ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਪੰਜਾਬ ਭਰ ’ਚ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਥਾਣਾ ਮੁਖੀ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਜਖਮੀ ਮਨਦੀਪ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜਲਦ ਅਮਲ ’ਚ ਲਿਆਂਦੀ ਜਾਵੇਗੀ।