ਕੋਲਡ ਸਟੋਰ ਵਿੱਚ ਗੈਸ ਲੀਕ ਕਾਰਨ ਭਿਆਨਕ ਧਮਾਕਾ, ਸਟੋਰ ਦੀ ਪੂਰੀ ਇਮਾਰਤ ਢਹਿ ਢੇਰੀ

-ਬਚਾਅ ਕਾਰਜ ਜਾਰੀ, ਦੋ ਮਜ਼ਦੂਰ ਸੁਰੱਖਿਅਤ ਕੱਢੇ, ਇਕ ਦੇ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ
ਵੀਰਪਾਲ ਭਗਤਾ, ਭਗਤਾ ਭਾਈਕਾ, ਭਗਤਾ ਭਾਈਕਾ
ਕਸਬੇ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ ਜਦੋਂ ਇੱਕ ਕੋਲਡ ਸਟੋਰ ਵਿੱਚ ਗੈਸ ਲੀਕ ਹੋਣ ਕਾਰਨ ਭਿਆਨਕ ਧਮਾਕਾ ਹੋ ਗਿਆ। ਇਹ ਹਾਦਸਾ ਪ੍ਰਸਿੱਧ ਕਾਰੋਬਾਰੀ ਰੂਪ ਲਾਲ ਬਾਂਸਲ ਦੇ ਮਲਕੀਅਤ ਵਾਲੇ ਸਿੰਗਲਾ ਕੋਲਡ ਸਟੋਰ ਵਿੱਚ ਵਾਪਰਿਆ, ਜਿੱਥੇ ਧਮਾਕੇ ਤੋਂ ਬਾਅਦ ਪੂਰੀ ਇਮਾਰਤ ਢਹਿ ਗਈ ਅਤੇ ਦੇਖਦੇ ਹੀ ਦੇਖਦੇ ਮਲਬੇ ਵਿੱਚ ਤਬਦੀਲ ਹੋ ਗਈ। ਪ੍ਰਤੱਖ ਦਰਸ਼ੀਆਂ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਇਸ ਦੀ ਗੂੰਜ ਸੁਣੀ ਗਈ ਅਤੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ। ਸਟੋਰ ਦੀ ਗੈਸ ਲੀਕ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਗੈਸ ਦੀ ਬਦਬੂ ਦੂਰ-ਦੂਰ ਤਕ ਪੰਹੁਚ ਗਈ। ਹਾਦਸੇ ਸਮੇਂ ਕੋਲਡ ਸਟੋਰ ਦੇ ਅੰਦਰ ਤਿੰਨ ਮਜ਼ਦੂਰ ਕੰਮ ਕਰ ਰਹੇ ਸਨ। ਰਾਹਤ ਦੀ ਗੱਲ ਇਹ ਰਹੀ ਕਿ ਕੋਲਡ ਸਟੋਰ ਦੇ ਮਾਲਕ ਰੂਪ ਲਾਲ ਬਾਂਸਲ ਨੇ ਸਮੇਂ ਸਿਰ ਖਤਰੇ ਨੂੰ ਭਾਂਪ ਲਿਆ ਅਤੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਅ ਲਈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਦੋ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮਜ਼ਦੂਰ ਕਿਸੇ ਤਰ੍ਹਾਂ ਮਲਬੇ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਦੂਜੇ ਪਾਸੇ ਇਕ ਹੋਰ ਮਜ਼ਦੂਰਾਂ ਦੇ ਹਾਲੇ ਵੀ ਮਲਬੇ ਹੇਠਾਂ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਜੇਸੀਬੀ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਰਾਹਤ ਕਾਰਜ ਵਿੱਚ ਐਂਬੂਲੈਂਸ, ਸਥਾਨਕ ਸਮਾਜ ਸੇਵੀ ਸੰਸਥਾਵਾਂ, ਖੂਹ ਕਮੇਟੀ, ਸਤਿਕਾਰ ਕਮੇਟੀ ਕੋਠਾਗੁਰੂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਐਨਡੀਆਰਐਫ਼ ਟੀਮ ਨੂੰ ਬੁਲਾਇਆ ਗਿਆ ਗਿਆ, ਜਿਸ ’ਤੇ ਤਰੁੰਤ ਰਾਹਤ ਕਾਰਜ ਆਰੰਭ ਦਿੱਤੇ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਭੀੜ ਨੂੰ ਕਾਬੂ ਕੀਤਾ ਤਾਂ ਜੋ ਬਚਾਅ ’ਚ ਰੁਕਾਵਟ ਨਾ ਆਵੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ‘ਤੇ ਧਿਆਨ ਨਾ ਦੇਣ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੋਲਡ ਸਟੋਰ ਵਿੱਚ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ, ਹਾਲਾਂਕਿ ਗੈਸ ਲੀਕ ਹੋਣ ਦੇ ਅਸਲੀ ਕਾਰਨਾਂ ਦੀ ਜਾਂਚ ਜਾਰੀ ਹੈ। ਮਾਹਿਰਾਂ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ ਜੋ ਤਕਨੀਕੀ ਪੱਖਾਂ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਸਨਅਤੀ ਇਕਾਈਆਂ ਵਿੱਚ ਸੁਰੱਖਿਆ ਮਿਆਰਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਇਕਾਈਆਂ ਦੀ ਨਿਯਮਿਤ ਜਾਂਚ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।