ਸੀਐੱਮ ਦੀ ਯੋਗਸ਼ਾਲਾ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਬਲਾਕ ਮੌੜ ਮੰਡੀ ਵਿੱਚ ਸੀਐਮ ਦੀ ਯੋਗਸ਼ਾਲਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Publish Date: Tue, 12 May 2026 05:10 PM (IST)
Updated Date: Wed, 13 May 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੌੜ ਮੰਡੀ ; ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਯੋਗ ਸਰਗਰਮੀਆਂ ਨੂੰ ਪਿੰਡ ਪੱਧਰ ਤੱਕ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਨੂੰ ਬਲਾਕ ਮੌੜ ਮੰਡੀ ਵਿੱਚ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਯੋਗਸ਼ਾਲਾਵਾਂ ਰਾਹੀਂ ਲੋਕਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਕੁੱਲ 444 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ’ਚ 62 ਟ੍ਰੇਨਰ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਹ ਟ੍ਰੇਨਰ ਪਿੰਡਾਂ ਤੇ ਵੱਖ-ਵੱਖ ਬਲਾਕਾਂ ’ਚ ਜਾ ਕੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਮੌੜ ਮੰਡੀ ਵਿੱਚ ਚੱਲ ਰਹੀਆਂ ਛੇ ਯੋਗ ਕਲਾਸਾਂ ਨੂੰ ਲੋਕਾਂ ਵੱਲੋਂ ਬੇਹੱਦ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਯੋਗ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਿੱਠ ਦਰਦ, ਸਰਵਾਈਕਲ, ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਅਤੇ ਮਾਈਗਰੇਨ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਸਨ, ਪਰ ਨਿਯਮਿਤ ਯੋਗ ਕਰਨ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਯੋਗ ਕਲਾਸ ਦੀ ਮੈਂਬਰ ਰਜਨਾ ਮਿੱਤਲ ਨੇ ਦੱਸਿਆ ਕਿ ਉਹ ਪਹਿਲਾਂ ਥਾਇਰਾਇਡ ਦੀ ਸਮੱਸਿਆ ਨਾਲ ਪਰੇਸ਼ਾਨ ਸੀ । ਜਦੋਂ ਤੋਂ ਉਸਨੇ ਯੋਗ ਕਰਨਾ ਸ਼ੁਰੂ ਕੀਤਾ ਹੈ ਉਸਦੀ ਸਿਹਤ ’ਚ ਕਾਫ਼ੀ ਸੁਧਾਰ ਆਇਆ ਹੈ ਤੇ ਦਵਾਈਆਂ ਦੀ ਮਾਤਰਾ ਵੀ ਘੱਟ ਹੋ ਗਈ ਹੈ। ਯੋਗ ਨੇ ਉਸਦੀ ਜੀਵਨ ਸ਼ੈਲੀ ਨੂੰ ਸਕਾਰਾਤਮਕ ਢੰਗ ਨਾਲ ਬਦਲ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਮੈਂਬਰ ਨਿਸ਼ਾ ਗਰਗ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਗੋਡਿਆਂ ਦੇ ਦਰਦ ਨਾਲ ਜੂਝ ਰਹੀ ਸੀ, ਪਰ ਯੋਗ ਨਾਲ ਜੁੜਨ ਤੋਂ ਬਾਅਦ ਉਸਨੂੰ ਕਾਫ਼ੀ ਆਰਾਮ ਮਿਲਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਸੀਐੱਮ ਦੀ ਯੋਗਸ਼ਾਲਾ ਨਾ ਸਿਰਫ਼ ਸਰੀਰਕ ਤੰਦਰੁਸਤੀ ਵਧਾ ਰਹੀ ਹੈ ਸਗੋਂ ਲੋਕਾਂ ਨੂੰ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾ ਰਹੀ ਹੈ। ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਜੇਕਰ ਕਿਸੇ ਮੁਹੱਲੇ ’ਚ 25 ਲੋਕ ਹਨ, ਜੋ ਯੋਗ ਸਿੱਖਣਾ ਚਾਹੁੰਦੇ ਹਨ ਤੇ ਉੱਥੇ ਕੋਈ ਅਜਿਹੀ ਜਗ੍ਹਾ ਹੈ, ਜਿੱਥੇ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਸਕਦੀਆਂ ਹਨ ਤਾਂ ਟੋਲ ਫਰੀ ਨੰਬਰ 076694-00500 ਜਾਂ ਵੈੱਬਸਾਈਟ https://cmdiyogshala.punjab.gov.in/public/ ਤੇ ਰਜਿਸਟਰ ਕੀਤਾ ਜਾਵੇ। ਉਸ ਉਪਰੰਤ ਸੂਬਾ ਸਰਕਾਰ ਉਸ ਏਰੀਏ ਵਿੱਚ ਯੋਗ ਸਿਖਾਉਣ ਲਈ ਇੱਕ ਪੇਸ਼ੇਵਰ ਯੋਗ ਇੰਸਟ੍ਰਕਟਰ ਮੁਫ਼ਤ ਪ੍ਰਦਾਨ ਕਰਵਾਇਆ ਜਾਵੇਗਾ।