ਸਫ਼ਾਈ ਸੇਵਕਾਂ ਦੀ 7ਵੇਂ ਦਿਨ ਵੀ ਰਹੀ ਹੜਤਾਲ, ਲੱਗੇ ਕੂੜੇ ਦੇ ਢੇਰ
ਸਫ਼ਾਈ ਸੇਵਕਾਂ ਦੀ 7 ਵੇਂ ਦਿਨ ਵੀ ਹੜਤਾਲ ਜਾਰੀ ਰਹੀ, ਸਹਿਰ 'ਚ ਗੰਦਗੀ ਦੇ ਢੇਰ ਲੱਗੇ
Publish Date: Tue, 19 May 2026 04:55 PM (IST)
Updated Date: Wed, 20 May 2026 04:01 AM (IST)
-ਮੰਗਾਂ ਪੂਰੀਆਂ ਨਾ ਹੋਣ ’ਤੇ ਮੁਲਾਜ਼ਮਾਂ ’ਚ ਪਾਇਆ ਜਾ ਰਿਹੈ ਭਾਰੀ ਰੋਸ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਲੰਮੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ ਸਫ਼ਾਈ ਸੇਵਕ ਯੂਨੀਅਨ ਨਗਰ ਪੰਚਾਇਤ ਭਗਤਾ ਭਾਈਕਾ ਦੇ ਕਾਮਿਆਂ ਵੱਲੋਂ ਅੱਜ 7ਵੇਂ ਦਿਨ ਵੀ ਅਣਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕਾਂ ਹੜਤਾਲ ਕੀਤੇ ਜਾਣ ਕਾਰਨ ਸ਼ਹਿਰ ’ਚ ਥਾਂ-ਥਾਂ ਗੰਦਗੀ ਦੇ ਢੇਰ ਲੱਗ ਰਹੇ ਹਨ, ਗਰਮੀ ਦੇ ਮੌਸਮ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ, ਪਰ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀ ਜਾਪਦੀ।
ਹੁਣ ਵੇਖਣਾ ਹੋਵੇਗਾ ਕਿ ਆਖ਼ਰ ਕਦੋਂ ਸਰਕਾਰ ਦਾ ਧਿਆਨ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਕਦੋਂ ਆਉਦਾ ਹੈ ਤੇ ਮੁੜ ਸਫਾਈ ਦਾ ਕੰਮ ਕਦੋਂ ਸ਼ੁਰੂ ਹੁੰਦਾ ਹੈ। ਸਫ਼ਾਈ ਸੇਵਕ ਯੂਨੀਅਨ ਭਗਤਾ ਭਾਈ ਦੇ ਪ੍ਰਧਾਨ ਸੁਖਦੀਪ ਕੁਮਾਰ ਭਗਤਾ ਨੇ ਦੱਸਿਆ ਕਿ ਪੰਜਾਬ ਭਰ ਦੇ ਮਿਉਂਸਪਲ ਮੁਲਾਜ਼ਮ, ਸਫ਼ਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲ ਰਿਹਾ, ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਨੂੰ ਕੰਟਰੈਕਟ ’ਤੇ ਭਰਤੀ ਕਰਨ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਨੂੰ ਤੁਰੰਤ ਬਹਾਲ ਕੀਤਾ ਜਾਵੇ, ਕੰਟਰੈਕਟ ਮੁਲਾਜ਼ਮਾਂ ਦਾ ਬਕਾਇਆ ਈਪੀਐੱਫ ਤੁਰੰਤ ਜਮ੍ਹਾਂ ਕਰਵਾਇਆ ਜਾਵੇ, ਰੈਗੂਲਰ ਮੁਲਾਜ਼ਮਾਂ ਨੂੰ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕੀਤੀਆਂ ਜਾਣ, 2016 ਦੇ ਐਕਟ ਤਹਿਤ 3 ਸਾਲਾ ਪਾਲਿਸੀ ਲਾਗੂ ਕੀਤੀ ਜਾਵੇ ਅਤੇ 10 ਸਾਲਾ ਪਾਲਿਸੀ ਨੂੰ ਤੁਰੰਤ ਰੱਦ ਕੀਤਾ ਜਾਵੇ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦਾ, ਇਹ ਹੜਤਾਲ ਜਾਰੀ ਰਹੇਗੀ ਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਮੁਕੰਮਲ ਤੌਰ 'ਤੇ ਬੰਦ ਰੱਖੀ ਜਾਵੇਗੀ। ਇਸ ਦੌਰਾਨ ਹੋਣ ਵਾਲੀ ਕਿਸੇ ਵੀ ਪਰੇਸ਼ਾਨੀ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਚੇਅਰਮੈਨ ਸਨੀ, ਕ੍ਰਿਸ਼ਨ ਕੁਮਾਰ ਜਰਨਲ ਸੈਕਟਰੀ, ਰਾਜੇਸ਼ ਲਾਲ ਮੀਤ ਪ੍ਰਧਾਨ, ਬਲਜਿੰਦਰ ਖ਼ਜ਼ਾਨਚੀ, ਰੂਪ ਭਗਤਾ ਆਦਿ ਹਾਜ਼ਰ ਸਨ।