ਬਠਿੰਡਾ ਦੀ ਲੈਂਡ ਮੋਰਗੇਜ ਬੈਂਕ ਅੱਗੇ ਬੀਕੇਯੂ ਸਿੱਧੂਪੁਰ ਨੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ

-ਪੀੜਤ ਕਿਸਾਨਾਂ ਨੂੰ ਨਿਆਂ ਦਿਵਾਉਣ ਲਈ 10 ਜ਼ਿਲ੍ਹਿਆਂ ’ਚ ਲੈਂਡ ਮੋਰਗੇਜ ਬੈਂਕਾਂ ਦੀਆਂ ਮੁੱਖ ਸ਼ਾਖਾਵਾਂ ਬੰਦ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲੈਂਡ ਮੋਰਗੇਜ ਬੈਂਕ ਦੀਆਂ ਕਥਿਤ ਧੱਕੇਸ਼ਾਹੀਆਂ ਤੇ ਕਿਸਾਨਾਂ ਨਾਲ ਹੋਈ ਧੋਖਾਧੜੀ ਦੇ ਵਿਰੋਧ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਲੈਂਡ ਮੋਰਗੇਜ ਬੈਂਕਾਂ ਦੀਆਂ ਮੁੱਖ ਸ਼ਾਖਾਵਾਂ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਬਠਿੰਡਾ ਵਿੱਚ ਇਹ ਧਰਨਾ ਲੈਂਡ ਮੋਰਗੇਜ ਬੈਂਕ ਅੱਗੇ ਲਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਕਿਸਾਨ ਮੌਜੂਦ ਰਹੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਲੈਂਡ ਮੋਰਗੇਜ ਬੈਂਕ ਦੇ ਕੁਝ ਮੁਲਾਜ਼ਮਾਂ ਨੇ ਕਿਸਾਨਾਂ ਤੋਂ ਕਰਜ਼ੇ ਦੀ ਰਕਮ ਪੂਰੀ ਤਰ੍ਹਾਂ ਵਸੂਲ ਕਰਨ ਤੇ ਕਲੀਅਰੈਂਸ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਵੀ ਉਨ੍ਹਾਂ ਤੋਂ ਪਹਿਲਾਂ ਲਏ ਗਏ ਖਾਲੀ ਚੈੱਕਾਂ ਦਾ ਗਲਤ ਇਸਤੇਮਾਲ ਕਰਕੇ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕੀਤਾ।
ਆਗੂਆਂ ਨੇ ਕਿਹਾ ਕਿ ਇਸ ਕਾਰਨ ਕਈ ਕਿਸਾਨ ਮਾਨਸਿਕ ਦਬਾਅ ਹੇਠ ਆ ਗਏ ਅਤੇ ਕੁਝ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਧੋਹਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨਾਲ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਸੀ, ਪਰ ਬਾਅਦ ਵਿੱਚ ਬੈਂਕ ਵੱਲੋਂ ਖਾਲੀ ਚੈੱਕਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਮੁੜ ਨੋਟਿਸ ਭੇਜੇ ਗਏ ਅਤੇ ਜ਼ਮੀਨ ਕੁਰਕ ਕਰਨ ਦੀ ਕਾਰਵਾਈ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਸ ਸਾਰੇ ਮਾਮਲੇ ਵਿੱਚ ਕੁਝ ਰਾਜਨੀਤਿਕ ਆਗੂ ਤੇ ਭ੍ਰਿਸ਼ਟ ਅਫਸਰਸ਼ਾਹੀ ਬੈਂਕ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ 30 ਮਾਰਚ ਤੋਂ ਫਰੀਦਕੋਟ ਵਿਖੇ ਲੈਂਡ ਮੋਰਗੇਜ ਬੈਂਕ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਹੈ। ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਹੁਣ ਬਠਿੰਡਾ, ਪਟਿਆਲਾ, ਮੋਹਾਲੀ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਸੰਗਰੂਰ, ਫਾਜ਼ਿਲਕਾ, ਫਰੀਦਕੋਟ ਅਤੇ ਅੰਮ੍ਰਿਤਸਰ ਵਿੱਚ ਬੈਂਕਾਂ ਦੀਆਂ ਮੁੱਖ ਸ਼ਾਖਾਵਾਂ ਬੰਦ ਕੀਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ‘ਤੇ ਵੀ ਦਬਾਅ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਧਰਨੇ ਵਾਲੀ ਥਾਂ ‘ਤੇ ਲੱਗੇ ਟੈਂਟ ਹਟਾਉਣ ਲਈ ਪੁਲਿਸ ਵੱਲੋਂ ਦਬਾਅ ਬਣਾਇਆ ਗਿਆ ਅਤੇ ਧਰਨਾ ਖਤਮ ਕਰਨ ਲਈ ਕਿਸਾਨਾਂ ਨੂੰ ਘੇਰਿਆ ਗਿਆ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਬਰਦਸਤੀ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਹਰ ਸਮਾਰਟ ਜਾਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦੀ ਹੈ, ਜਦਕਿ ਪੰਜਾਬ ਅੰਦਰ ਲੋਕਾਂ ਦੇ ਘਰਾਂ ਵਿਚ ਇਹ ਮੀਟਰ ਜ਼ਬਰਦਸਤੀ ਲਗਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਚਿੱਪ ਵਾਲੇ ਮੀਟਰ ਲਗਾਉਣ ਬੰਦ ਕਰੇ ਅਤੇ ਪਹਿਲਾਂ ਲੱਗੇ ਮੀਟਰਾਂ ਦੀ ਥਾਂ ਪੁਰਾਣੇ ਮੀਟਰ ਮੁੜ ਲਗਾਏ ਜਾਣ। ਧਰਨੇ ਦੌਰਾਨ ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨੇਹੀਆਂਵਾਲਾ, ਅੰਗਰੇਜ਼ ਸਿੰਘ ਕਲਿਆਣ, ਮਹਿਮਾ ਸਿੰਘ ਚੱਠੇਵਾਲ, ਜਸਵਿੰਦਰ ਸਿੰਘ ਕਲਿਆਣ, ਜਸਵੀਰ ਸਿੰਘ ਗਹਿਰੀ ਭਾਗੀ, ਭੋਲਾ ਸਿੰਘ ਕੋਟੜਾ, ਅਮਰਜੀਤ ਕੌਰ ਮੰਡੀ ਕਲਾਂ, ਅਮਰਜੀਤ ਕੌਰ ਬੁਰਜ ਮਾਨਸਾਹੀਆਂ, ਪਰਮਜੀਤ ਕੌਰ ਅਤੇ ਦਰਸ਼ਨ ਸਿੰਘ ਬੱਜੂਆਣਾ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ।