ਭਾਜਪਾ ਅਤੇ ਆਪ ਵਰਕਰ ਆਹਮੋ-ਸਾਹਮਣੇ, ਦਫ਼ਤਰ ਬਾਹਰ ਮਾਹੌਲ ਬਣਿਆ ਤਣਾਅਪੂਰਨ

-ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਮੁਜ਼ਾਹਰਾ, ਪੁਲਿਸ ਨੇ ਦਖ਼ਲ ਦੇ ਕੇ ਦੋਵੇਂ ਧਿਰਾਂ ਨੂੰ ਕੀਤਾ ਵੱਖ-ਵੱਖ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਐਤਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਫ਼ਤਰ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਦੌਰਾਨ ਭਾਜਪਾ ਅਤੇ ਆਪ ਵਰਕਰ ਆਹਮੋ-ਸਾਹਮਣੇ ਆ ਗਏ। ਦੋਵੇਂ ਧਿਰਾਂ ਵਿਚਾਲੇ ਤਿੱਖੀ ਨਾਅਨਰੇਬਾਜ਼ੀ ਅਤੇ ਧੱਕਾ-ਮੁੱਕੀ ਹੋਈ, ਜਿਸ ਕਾਰਨ ਭਾਜਪਾ ਦਫ਼ਤਰ ਦੇ ਬਾਹਰ ਮਾਹੌਲ ਤਣਾਅਪੂਰਨ ਬਣ ਗਿਆ। ਹਾਲਾਤ ਵਿਗੜਦੇ ਦੇਖ ਪੁਲਿਸ ਨੂੰ ਦਖ਼ਲ ਦੇਣਾ ਪਿਆ ਅਤੇ ਦੋਵੇਂ ਪੱਖਾਂ ਵਿਚਕਾਰ ਸੁਰੱਖਿਆ ਘੇਰਾ ਬਣਾਕੇ ਉਨ੍ਹਾਂ ਨੂੰ ਵੱਖ ਵੱਖ ਕੀਤਾ। ‘ਆਪ’ ਦੇ ਆਗੂ ਅਤੇ ਵਰਕਰ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਸਨ। ਆਪ ਵਰਕਰ ਹੱਥਾਂ ਵਿੱਚ ਪਾਰਟੀ ਦੇ ਝੰਡੇ ਅਤੇ ਬੈਨਰ ਲੈ ਕੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਦੂਜੇ ਪਾਸੇ ਭਾਜਪਾ ਵਰਕਰ ਵੀ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿਚ ਦੋਵੇਂ ਧਿਰਾਂ ਇਕ ਦੂਜੇ ਦੇ ਸਾਹਮਣੇ ਆ ਗਈਆਂ, ਜਿਸ ਕਾਰਨ ਮੌਕੇ ’ਤੇ ਤਣਾਅਪੂਰਨ ਸਥਿਤੀ ਬਣ ਗਈ। ਸਥਿਤੀ ਉਸ ਵੇਲੇ ਹੋਰ ਗਰਮਾ ਗਈ ਜਦੋਂ ਆਪ ਵਰਕਰ ਭਾਜਪਾ ਦਫ਼ਤਰ ਵੱਲ ਵਧਣ ਲੱਗੇ। ਭਾਜਪਾ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਵੇਂ ਪੱਖਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਪੁਲਿਸ ਕਰਮਚਾਰੀਆਂ ਨੇ ਤੁਰੰਤ ਦੋਵੇਂ ਗਰੁੱਪਾਂ ਵਿਚਕਾਰ ਮਨੁੱਖੀ ਚੇਨ ਬਣਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧੱਕਾ-ਮੁੱਕੀ ਵੀ ਹੋਈ ਅਤੇ ਕੁਝ ਸਮੇਂ ਲਈ ਮੌਕੇ ’ਤੇ ਅਫ਼ਰਾ-ਤਫ਼ਰੀ ਵਰਗਾ ਮਾਹੌਲ ਬਣਿਆ ਰਿਹਾ। ਹਾਲਾਂਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਦਿਆਂ ਦੋਵੇਂ ਧਿਰਾਂ ਨੂੰ ਵੱਖ-ਵੱਖ ਕਰ ਦਿੱਤਾ। ਰੋਸ ਮੁਜ਼ਾਹਰੇ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਰਹੀ। ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਦੋਵੇਂ ਪੱਖਾਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਕੁਝ ਸਮੇਂ ਲਈ ਮਾਹੌਲ ਕਾਫ਼ੀ ਤਣਾਅਪੂਰਨ ਰਿਹਾ, ਪਰ ਪੁਲਿਸ ਦੀ ਚੌਕਸੀ ਕਾਰਨ ਸਥਿਤੀ ਕਾਬੂ ਵਿੱਚ ਰਹੀ ਅਤੇ ਕਿਸੇ ਵੱਡੇ ਟਕਰਾਅ ਤੋਂ ਬਚਾਅ ਹੋ ਗਿਆ।
-ਬਾਕਸ-
-‘ਆਪ’ ਨੇ ਕੇਂਦਰ ਸਰਕਾਰ ’ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਲਗਾਏ ਦੋਸ਼
ਰੋਸ ਮੁਜ਼ਾਹਰੇ ਦੌਰਾਨ ‘ਆਪ’ ਆਗੂਆਂ ਨੇ ਕੇਂਦਰ ਸਰਕਾਰ ’ਤੇ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਦੋਸ਼ ਲਗਾਏ। ਆਗੂਆਂ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਦਬਾਉਣ ਲਈ ਈਡੀ, ਸੀਬੀਆਈ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਦੁਰਪਯੋਗ ਕਰ ਰਹੀ ਹੈ। ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਭਾਜਪਾ ਈਡੀ ਦਾ ਇਸਤੇਮਾਲ ਕਰਕੇ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਡਰਾਉਣ ਅਤੇ ਦਬਾਅ ਬਣਾ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਸੱਤਾ ਹਾਸਲ ਕਰਨ ਦੀ ਰਾਜਨੀਤੀ ਦਾ ਹਿੱਸਾ ਹੈ। ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਈਡੀ ਰਾਹੀਂ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ “ਜਦੋਂ-ਜਦੋਂ ਮੋਦੀ ਡਰਦਾ ਹੈ, ਈਡੀ ਅੱਗੇ ਕਰਦਾ ਹੈ” ਵਰਗੇ ਨਾਅਰੇ ਵੀ ਲਗਾਏ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਰ ਤਰ੍ਹਾਂ ਦੇ ਦਬਾਅ ਅਤੇ ਅਨਿਆਇ ਦਾ ਮੁਕਾਬਲਾ ਕਰਨਾ ਜਾਣਦੇ ਹਨ। ਰੋਸ ਮੁਜ਼ਾਹਰੇ ਵਿਚ ਵਿਧਾਇਕ ਮਾਸਟਰ ਜਗਸੀਰ ਸਿੰਘ, ਵਿਧਾਇਕ ਬਲਕਾਰ ਸਿੱਧੂ, ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਕੇਸ਼ ਪੁਰੀ, ਸਾਬਕਾ ਮੇਅਰ ਪਦਮਜੀਤ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਮੌਜੂਦ ਰਹੇ।
-ਬਾਕਸ-
-ਭਾਜਪਾ ਨੇ ਵੀ ‘ਆਪ’ ’ਤੇ ਕੀਤਾ ਪਲਟਵਾਰ
ਦੂਜੇ ਪਾਸੇ ਭਾਜਪਾ ਵਰਕਰਾਂ ਨੇ ਵੀ ਆਮ ਆਦਮੀ ਪਾਰਟੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਜਪਾ ਵਰਕਰਾਂ ਨੇ “ਸ਼ਰਾਬੀ ਮੁੱਖ ਮੰਤਰੀ” ਵਰਗੇ ਨਾਰੇ ਲਗਾਉਂਦਿਆਂ ‘ਆਪ’ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਅਤੇ ਹੁਣ ਆਪਣੇ ਨੇਤਾਵਾਂ ’ਤੇ ਹੋ ਰਹੀ ਕਾਰਵਾਈ ਤੋਂ ਬਚਣ ਲਈ ਰਾਜਨੀਤਿਕ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਕਾਰਵਾਈ ਕਾਨੂੰਨ ਅਨੁਸਾਰ ਹੋ ਰਹੀ ਹੈ, ਪਰ ‘ਆਪ’ ਇਸ ਨੂੰ ਰਾਜਨੀਤਿਕ ਰੰਗ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਨੇਤਾਵਾਂ ’ਤੇ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗ ਰਹੇ ਹਨ, ਉਨ੍ਹਾਂ ਦੇ ਸਮਰਥਨ ਵਿੱਚ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਨਾ ਇਹ ਸਾਬਤ ਕਰਦਾ ਹੈ ਕਿ ‘ਆਪ’ ਸੱਚਾਈ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਦੇ ਆਗੂ ਜਾਂਚ ਏਜੰਸੀਆਂ ’ਤੇ ਦਬਾਅ ਬਣਾਉਣ ਅਤੇ ਹਮਦਰਦੀ ਹਾਸਲ ਕਰਨ ਲਈ ਰੋਸ ਮੁਜ਼ਾਹਰਾ ਕਰ ਰਹੇ ਹਨ।