-ਜਲਦ ਹੀ ਸੈਰਗਾਹ ਬਣਾ
-ਜਲਦ ਹੀ ਸੈਰਗਾਹ ਬਣਾ ਕੇ ਕਰਾਂਗੇ ਲੋਕ ਅਰਪਣ : ਭੱਲਾ, ਵਿਧਾਇਕ ਗਿੱਲ ਅਨੁਸਾਰ ਲੋਕਾਂ ਨੂੰ ਸੈਰ ਕਰਨ ਦੀ ਮਿਲੇਗੀ ਸਹੂਲਤ
ਗੁਰਤੇਜ ਸਿੰਘ ਸਿੱਧੂ, ਬਠਿੰਡਾ
ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੱਲੋਂ ਥਰਮਲ ਪਲਾਂਟ ਦੀ ਝੀਲ ਨੰਬਰ ਦੋ ’ਤੇ ਭਾਈ ਰੂਪ ਚੰਦ ਸੈਰਗਾਹ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਾਰਟੀ ਆਗੂ ਤੇ ਸਮਾਜ-ਸੇਵੀ ਹਾਜ਼ਰ ਰਹੇ। ਸਮਾਗਮ ਦੌਰਾਨ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਰੂਪ ਚੰਦ ਜੀ ਸੈਰਗਾਹ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਸੈਰ ਕਰਨ ਲਈ ਵਧੀਆ ਥਾਂ ਮਿਲੇਗੀ।
ਇਸ ਤੋਂ ਇਲਾਵਾ ਇਹ ਪ੍ਰੋਜੈਕਟ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵੱਡਾ ਯੋਗਦਾਨ ਪਾਏਗਾ। ਆਗੂਆਂ ਨੇ ਕਿਹਾ ਕਿ ਅੱਜ ਦੇ ਰੁਝੇਵੇਂ ਭਰੇ ਜੀਵਨ ਵਿੱਚ ਲੋਕਾਂ ਨੂੰ ਖੁੱਲ੍ਹੇ ਅਤੇ ਸਾਫ਼-ਸੁਥਰੇ ਵਾਤਾਵਰਨ ਦੀ ਬਹੁਤ ਲੋੜ ਹੈ। ਇਸ ਸੈਰਗਾਹ ਵਿੱਚ ਲੋਕਾਂ ਲਈ ਬੈਠਣ ਦੀ ਵਿਵਸਥਾ, ਹਰਿਆਲੀ, ਲਾਈਟਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਹਰ ਵਰਗ ਦੇ ਲੋਕ ਇਸਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਵਿਕਾਸ ਕਾਰਜ ਕਰਵਾਉਣਾ ਹੀ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਅਤੇ ਸੁੰਦਰ ਬਣਾਉਣਾ ਵੀ ਹੈ। ਇਸ ਮੌਕੇ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਭਾਈ ਰੂਪ ਚੰਦ ਸੈਰਗਾਹ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇ ਨਿਰਧਾਰਿਤ ਸਮੇਂ ਅੰਦਰ ਇਸਨੂੰ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। ਸੈਰਗਾਹ ਦੀ ਉਸਾਰੀ ਵਿੱਚ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਤਕ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਇੱਥੇ ਸੈਰ ਅਤੇ ਮਨੋਰੰਜਨ ਲਈ ਸੁੰਦਰ ਥਾਂ ਬਣਾਈ ਜਾਵੇ। ਹੁਣ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਲੋਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਭਲਾਈ ਦੇ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।
ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਰਗਾਹ ਬਣਨ ਨਾਲ ਨਾ ਸਿਰਫ਼ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਮਿਲੇਗਾ, ਸਗੋਂ ਨੌਜਵਾਨਾਂ ਅਤੇ ਬੱਚਿਆਂ ਲਈ ਵੀ ਇੱਕ ਵਧੀਆ ਥਾਂ ਤਿਆਰ ਹੋਵੇਗੀ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਚੇਅਰਮੈਨ ਭੱਲਾ ਨੇ ਕਿਹਾ ਕਿ ਭਾਈ ਰੂਪ ਚੰਦ ਜੀ ਗੁਰੂ ਘਰ ਦੇ ਅਨਿਨ ਸੇਵਕ ਸਨ। ਉਹਨਾਂ ਨੂੰ ਛੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਰੂਪਾ ਪਿੰਡ ਉਹਨਾਂ ਦੇ ਨਾਮ ’ਤੇ ਬੱਝਾ ਹੋਇਆ, ਪਰ ਹੁਣ ਸੈਰਗਾ ਭਾਈ ਰੂਪ ਚੰਦ ਜੀ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਭਾਈ ਰੂਪਾ, ਸਤਿੰਦਰ ਰੂਪ ਸਿੰਘ ਭਾਈ ਰੂਪਾ, ਜਰਨੈਲ ਸਿੰਘ ਭਾਈ ਰੂਪਾ, ਬਲਵੀਰ ਸਿੰਘ ਭਾਈ ਰੂਪਾ ਵੀ ਹਾਜ਼ਰ ਸਨ।