ਬਠਿੰਡਾ ਵਿੱਚ 81 ਫੀਸਦੀ ਵੋਟਿੰਗ ਨਾਲ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ

-ਸਵੇਰੇ ਵੋਟਰਾਂ ’ਚ ਦਿਸਿਆ ਉਤਸ਼ਾਹ, ਦੁਪਹਿਰੇ ਗਰਮੀ ਕਾਰਨ ਬੂਥ ਰਹੇ ਖ਼ਾਲੀ, ਸ਼ਾਮ ਨੂੰ ਮੁੜ ਲੱਗੀਆਂ ਕਤਾਰਾਂ
--ਜ਼ਿਲ੍ਹੇ ਦੇ 211 ਵਾਰਡਾਂ ਵਿੱਚ ਹੋਈ ਵੋਟਿੰਗ, 14 ਉਮੀਦਵਾਰਾਂ ਨੇ ਪਹਿਲਾਂ ਹੀ ਬਿਨਾਂ ਮੁਕਾਬਲੇ ਚੋਣ ਜਿੱਤੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਮਾਹੌਲ ਵਿਚ ਮੁਕੰਮਲ ਹੋ ਗਈਆਂ। ਜ਼ਿਲ੍ਹੇ ਵਿੱਚ ਬਠਿੰਡਾ ਨਗਰ ਨਿਗਮ ਤੋਂ ਇਲਾਵਾ 6 ਨਗਰ ਕੌਂਸਲਾਂ ਤੇ 8 ਨਗਰ ਪੰਚਾਇਤਾਂ ਲਈ ਵੋਟਿੰਗ ਕਰਵਾਈ ਗਈ। ਕੁੱਲ 225 ਵਾਰਡਾਂ ਵਿੱਚ ਚੋਣ ਹੋਣੀ ਸੀ, ਪਰ 14 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਸਨ। ਇਸ ਕਰਕੇ 211 ਵਾਰਡਾਂ ਵਿੱਚ ਹੀ ਵੋਟਿੰਗ ਹੋਈ। ਚੋਣਾਂ ਵਿੱਚ ਵੋਟਰਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜ਼ਿਲ੍ਹੇ ਵਿੱਚ ਕਰੀਬ 81 ਫੀਸਦੀ ਵੋਟਿੰਗ ਦਰਜ ਕੀਤੀ, ਜਿਸਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧੀਆ ਮੰਨਿਆ ਜਾ ਰਿਹਾ ਹੈ।
ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਤਕ ਚੱਲੀ। ਸਵੇਰੇ ਹੀ ਵੱਡੀ ਗਿਣਤੀ ਵਿੱਚ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਗਏ ਸਨ ਤਾਂ ਜੋ ਦੁਪਹਿਰ ਦੀ ਭਿਆਨਕ ਗਰਮੀ ਤੋਂ ਪਹਿਲਾਂ ਆਪਣਾ ਫਰਜ਼ ਨਿਭਾਇਆ ਜਾ ਸਕੇ। ਕਈ ਪੋਲਿੰਗ ਕੇਂਦਰਾਂ ’ਤੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਦੀ ਵਧੀਆ ਭਾਗੀਦਾਰੀ ਦੇਖਣ ਨੂੰ ਮਿਲੀ।
ਹਾਲਾਂਕਿ ਦੁਪਹਿਰ ਬਾਅਦ ਤਾਪਮਾਨ ਲਗਭਗ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਿਸ ਕਾਰਨ ਵੋਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਪੋਲਿੰਗ ਬੂਥਾਂ ’ਤੇ ਪੀਣ ਵਾਲੇ ਪਾਣੀ ਅਤੇ ਛਾਂ ਦੀ ਪੂਰੀ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਤਿੱਖੀ ਧੁੱਪ ’ਚ ਲੰਬੇ ਸਮੇਂ ਤੱਕ ਖੜ੍ਹਾ ਰਹਿਣਾ ਪਿਆ। ਕੁਝ ਥਾਵਾਂ ’ਤੇ ਲੋਕਾਂ ਨੇ ਘਟੀਆ ਪ੍ਰਸ਼ਾਸਨਿਕ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਵੀ ਜਤਾਈ। ਬਜ਼ੁਰਗਾਂ ਅਤੇ ਮਹਿਲਾ ਵੋਟਰਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪਈ। ਕਈ ਲੋਕ ਦਰੱਖਤਾਂ ਦੀ ਛਾਂ ਹੇਠ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਬਹੁਤੇ ਪੋਲਿੰਗ ਕੇਂਦਰਾਂ ’ਤੇ ਬਜ਼ੁਰਗਾਂ ਲਈ ਵਹੀਲ ਚੇਅਰਾਂ ਨਜ਼ਰ ਨਹੀਂ ਆਈਆਂ। ਇਸਦੇ ਬਾਵਜੂਦ ਲੋਕਾਂ ਦਾ ਲੋਕਤੰਤਰ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਤੇ ਵੱਡੀ ਗਿਣਤੀ ’ਚ ਵੋਟਰਾਂ ਨੇ ਆਪਣੇ ਮੱਤ ਦਾ ਪ੍ਰਯੋਗ ਕੀਤਾ। ਕਈ ਵੋਟਰਾਂ ਨੇ ਕਿਹਾ ਕਿ ਗਰਮੀ ਅਤੇ ਅਸੁਵਿਧਾਵਾਂ ਦੇ ਬਾਵਜੂਦ ਵੋਟ ਪਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
-ਬਾਕਸ-
-ਕਿੱਥੇ-ਕਿੱਥੇ ਕਿੰਨੀਆਂ ਕੁ ਵੋਟਾਂ ਪੋਲ ਹੋਈਆਂ
ਜ਼ਿਲ੍ਹੇ ਵਿਚ ਓਵਰਆਲ 65.18 ਫੀਸਦੀ ਵੋਟ ਪੋਲ ਹੋਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਰਾਜ਼ੇਸ ਧੀਮਾਨ ਨੇ ਦੱਸਿਆ ਕਿ ਸ਼ਾਮ 5 ਵਜੇ ਤਕ ਨਗਰ ਨਿਗਮ ਬਠਿੰਡਾ ਚੋਣਾਂ ਲਈ 65.18 ਫੀਸਦੀ, ਨਗਰ ਕੌਂਸਲ ਭੁੱਚੋ ਮੰਡੀ ਲਈ 81.85 ਫੀਸਦੀ, ਗੋਨਿਆਣਾ ਲਈ 76.96 ਫੀਸਦੀ, ਰਾਮਾਂ ਲਈ 75.28 ਫੀਸਦੀ, ਮੌੜ ਲਈ 75.28 ਫੀਸਦੀ, ਕੋਟਫੱਤਾ ਲਈ 80.29 ਫੀਸਦੀ ਅਤੇ ਸੰਗਤ ਲਈ 88.44 ਫ਼ੀਸਦੀ ਪੋਲਿੰਗ ਹੋਈ। ਇਸੇ ਤਰ੍ਹਾਂ ਹੀ ਨਗਰ ਪੰਚਾਇਤ ਕੋਟਸ਼ਮੀਰ ਲਈ 84.41 ਫੀਸਦੀ, ਲਹਿਰਾ ਮੁਹੱਬਤ ਲਈ 82.27 ਫ਼ੀਸਦੀ, ਨਥਾਣਾ ਲਈ 79.93 ਫੀਸਦੀ, ਭਗਤਾ ਭਾਈਕਾ ਲਈ 76.66 ਫੀਸਦੀ, ਭਾਈ ਰੂਪਾ ਲਈ 80.02 ਫ਼ੀਸਦੀ, ਕੋਠਾਗੁਰੂ ਲਈ 75.09 ਫੀਸਦੀ, ਮਲੂਕਾ ਲਈ 79.57 ਫੀਸਦੀ ਅਤੇ ਮਹਿਰਾਜ ਨਗਰ ਪੰਚਾਇਤ ਲਈ 76.50 ਫ਼ੀਸਦੀ ਵੋਟ ਪੋਲ ਹੋਈ।
-ਬਾਕਸ-
-795 ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਿਆਂ ’ਚ ਬੰਦ
ਜ਼ਿਲ੍ਹੇ ਵਿੱਚ ਕੁੱਲ 795 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਦੀ ਕਿਸਮਤ ਹੁਣ ਬੈਲਟ ਬਾਕਸਾਂ ਵਿੱਚ ਬੰਦ ਹੋ ਚੁੱਕੀ ਹੈ। ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ 240 ਉਮੀਦਵਾਰ ਮੈਦਾਨ ’ਚ ਸਨ, ਜਦਕਿ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨ ਕੀਤਾ ਜਾ ਚੁੱਕਾ ਸੀ। ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਵਿਚ 47 ਉਮੀਦਵਾਰ, ਗੋਨਿਆਣਾ ਦੇ 13 ਵਾਰਡਾਂ ਵਿੱਚ 42, ਕੋਟਫੱਤਾ ਦੇ 11 ਵਾਰਡਾਂ ’ਚ 22, ਮੌੜ ਦੇ 17 ਵਾਰਡਾਂ ਵਿੱਚ 75 ਤੇ ਰਾਮਾਂ ਮੰਡੀ ਦੇ 15 ਵਾਰਡਾਂ ਵਿੱਚ 37 ਉਮੀਦਵਾਰ ਚੋਣ ਮੈਦਾਨ ਵਿੱਚ ਰਹੇ। ਨਗਰ ਪੰਚਾਇਤਾਂ ’ਚ ਵੀ ਮੁਕਾਬਲਾ ਕਾਫੀ ਦਿਲਚਸਪ ਰਿਹਾ। ਭਗਤਾ ਭਾਈਕਾ ਵਿੱਚ 50, ਭਾਈਰੂਪਾ ’ਚ 53, ਮਹਿਰਾਜ ਵਿੱਚ 46 ਤੇ ਮਲੂਕਾ ਵਿੱਚ 37 ਉਮੀਦਵਾਰ ਮੈਦਾਨ ਵਿੱਚ ਰਹੇ। ਚੋਣਾਂ ਨੂੰ ਸ਼ਾਂਤੀਪੂਰਨ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਲਗਭਗ 1930 ਮੁਲਾਜ਼ਮਾਂ ਤੇ 2 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ’ਚ ਫਲੈਗ ਮਾਰਚ ਤੇ ਗਸ਼ਤ ਕਰਕੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਿਆ।
-ਬਾਕਸ-
-ਕੋਈ ਵੱਡੀ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ
ਵੋਟਿੰਗ ਦੌਰਾਨ ਜ਼ਿਲ੍ਹੇ ਵਿੱਚ ਕਿਸੇ ਵੀ ਵੱਡੀ ਅਣਚਾਹੀ ਘਟਨਾ ਦੀ ਸੂਚਨਾ ਨਹੀਂ ਮਿਲੀ। ਪ੍ਰਸ਼ਾਸਨਕ ਅਧਿਕਾਰੀਆਂ ਨੇ ਲਗਾਤਾਰ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਵੀ ਵੋਟਿੰਗ ਪ੍ਰਕਿਰਿਆ ’ਤੇ ਨਿਗਰਾਨੀ ਰੱਖੀ ਗਈ। ਹਾਲਾਂਕਿ ਕੁਝ ਬੂਥਾਂ ’ਤੇ ਧੀਮੀ ਵੋਟਿੰਗ ਪ੍ਰਕਿਰਿਆ ਤੇ ਗਰਮੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਕਈ ਥਾਵਾਂ ’ਤੇ ਲੋਕਾਂ ਨੂੰ ਘੰਟਿਆਂ ਲਾਈਨਾਂ ਵਿੱਚ ਖੜ੍ਹਾ ਰਹਿਣਾ ਪਿਆ। ਕੁਝ ਵੋਟਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਗਰਮੀ ਨੂੰ ਦੇਖਦਿਆਂ ਪਾਣੀ ਤੇ ਟੈਂਟ ਦੀ ਵਧੀਆ ਵਿਵਸਥਾ ਕਰਨੀ ਚਾਹੀਦੀ ਸੀ।
-ਬਾਕਸ-
-ਚੋਣਾਂ ਦੌਰਾਨ ਉਮੀਦਵਾਰ ਤੇ ਹਮਾਇਤੀ ਸਵੇਰ ਤੋਂ ਰਹੇ ਸਰਗਰਮ
ਚੋਣਾਂ ਦੌਰਾਨ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਸਵੇਰੇ ਤੋਂ ਹੀ ਸਰਗਰਮ ਨਜ਼ਰ ਆਏ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਵਰਕਰ ਵੋਟਰਾਂ ਨੂੰ ਪੋਲਿੰਗ ਬੂਥਾਂ ਤਕ ਲਿਜਾਣ ਵਿੱਚ ਜੁਟੇ ਰਹੇ। ਕਈ ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਵੀ ਕੜਾ ਮੁਕਾਬਲਾ ਦਿੱਤਾ। ਬਠਿੰਡਾ ਨਿਗਮ ਵਿੱਚ ਸਭ ਤੋਂ ਵੱਧ ਸਿਆਸੀ ਸਰਗਰਮੀਆਂ ਦੇਖਣ ਨੂੰ ਮਿਲੀਆਂ, ਜਿੱਥੇ ਕਈ ਵਾਰਡਾਂ ਵਿੱਚ ਟੱਕਰ ਕਾਫੀ ਦਿਲਚਸਪ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ ਮੌੜ, ਭਗਤਾ ਭਾਈਕਾ, ਭਾਈਰੂਪਾ ਤੇ ਮਹਿਰਾਜ ਵਿੱਚ ਵੀ ਮੁਕਾਬਲਾ ਰੌਚਕ ਰਿਹਾ। ਤਲਵੰਡੀ ਸਾਬੋ ਦੇ ਵਾਰਡ ਨੰਬਰ 13 ਵਿੱਚ ਉਪਚੋਣ ਵੀ ਕਰਵਾਈ ਗਈ। ਇੱਥੇ ਕੁੱਲ 1236 ਵੋਟਰਜ਼ ਸਨ, ਜਿਨ੍ਹਾਂ ਵਿੱਚ 659 ਪੁਰਸ਼ ਅਤੇ 577 ਮਹਿਲਾ ਵੋਟਰ ਸ਼ਾਮਲ ਸਨ। ਇੱਥੇ ਵੀ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਾਰੇ ਬੈਲਟ ਬਾਕਸ ਸਖ਼ਤ ਸੁਰੱਖਿਆ ਹੇਠ ਸਟਰਾਂਗ ਰੂਮਾਂ ਵਿੱਚ ਭੇਜ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਗਿਣਤੀ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ ਅਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣਗੇ।
-ਬਾਕਸ-
-ਚੋਣ ਆਬਜ਼ਰਵਰ ਬਰਾੜ ਵੱਲੋਂ ਵੱਖ-ਵੱਖ ਥਾਵਾਂ ਦੇ ਪੋਲਿੰਗ ਬੂਥਾਂ ਦਾ ਨਿਰੀਖਣ
ਨਗਰ ਨਿਗਮ/ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੀ ਅੱਜ ਹੋ ਰਹੀ ਵੋਟਿੰਗ ਦੇ ਨਿਰੀਖਣ ਸਬੰਧੀ ਚੋਣ ਅਬਜ਼ਰਵਰ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਗਿਆ। ਚੋਣ ਅਬਜ਼ਰਵਰ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਅੱਜ ਵੱਖ-ਵੱਖ ਪੋਲਿੰਗ ਬੂਥਾਂ ਜਿੰਨ੍ਹਾਂ ਵਿੱਚ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਮਾਰਕੀਟ ਕਮੇਟੀ ਭੁੱਚੋ, ਗੁਰੂ ਨਾਨਕ ਸਕੂਲ ਭੁੱਚੋ ਆਦਿ ਬੂਥਾਂ ਤੇ ਪਹੁੰਚ ਕੇ ਪੋਲਿੰਗ ਬੂਥਾਂ ਦਾ ਨਿਰੀਖਣ ਕਰਦਿਆਂ ਪੋਲਿੰਗ ਸਟਾਫ਼ ਨਾਲ ਗੱਲਬਾਤ ਕੀਤੀ ਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਵੋਟਰਾਂ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਲਾਲਚ, ਡਰ, ਭੈਅ ਆਦਿ ਤੋਂ ਕਰਦਿਆਂ ਆਪਣਾ ਮਨਪਸੰਦ ਨੁਮਾਇੰਦਾ ਚੁਣਿਆ ਜਾਵੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।