31 ਮਈ ਨੂੰ ਵਹੀਰਾਂ ਘੱਤ ਕੇ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਸਮੁੱਚਾ ਪੰਥ - ਸਿੰਘ ਸਾਹਿਬ ਬਾਬਾ ਟੇਕ ਸਿੰਘ

-ਘਰ-ਘਰ ਜਾ ਕੇ ਕਾਨੂੰਨ ਦੀਆਂ ਕਮੀਆਂ ਬਾਰੇ ਸੰਗਤ ਨੂੰ ਲਾਮਬੰਦ ਕਰਨ ਦਾ ਕੀਤਾ ਫ਼ੈਸਲਾ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026’ ਵਿੱਚ ਸਿੱਖ ਸਿਧਾਂਤਾਂ ਅਤੇ ਰਹਿਤ ਮਰਯਾਦਾ ਦੇ ਉਲਟ ਦਰਜ ਕੀਤੀਆਂ ਗਈਆਂ ਮੱਦਾਂ ਦੇ ਵਿਰੋਧ ਵਿੱਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਅਹਿਮ ਤੇ ਵਿਸ਼ੇਸ਼ ਇਕੱਤਰਤਾ ਹੋਈ। ਤਖ਼ਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਇਸ ਇਕੱਤਰਤਾ ਵਿੱਚ ਸਮੁੱਚੇ ਮਾਲਵਾ ਖੇਤਰ ਦੇ ਸਿੱਖ ਪ੍ਰਚਾਰਕਾਂ, ਰਾਗੀ, ਢਾਡੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਮੁੱਖ ਤੌਰ 'ਤੇ ਸਰਕਾਰ ਵੱਲੋਂ ਬਣਾਏ ਗਏ ਇਸ ਨਵੇਂ ਕਾਨੂੰਨ ਦੀਆਂ ਗੰਭੀਰ ਸੰਵਿਧਾਨਕ ਅਤੇ ਧਾਰਮਿਕ ਤਰੁੱਟੀਆਂ (ਕਮੀਆਂ) ਬਾਰੇ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ ਗਿਆ, ਜੋ ਸਿੱਖ ਕੌਮ ਦੀ ਅੰਦਰੂਨੀ ਮਰਯਾਦਾ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਬਹੁਤ ਹੀ ਸਖ਼ਤ ਅਤੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਭਰੋਸੇ ਵਿੱਚ ਲਏ ਤਿਆਰ ਕੀਤੇ ਗਏ ਇਸ ਕਾਨੂੰਨ ਵਿੱਚ ਕਈ ਅਜਿਹੀਆਂ ਤਰੁੱਟੀਆਂ ਹਨ, ਜੋ ਸਿੱਖ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਂਦੀਆਂ ਹਨ। ਜਥੇਦਾਰ ਨੇ ਪ੍ਰਚਾਰਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਾਨੂੰਨ ਵਿੱਚ ਕੀਤੀਆਂ ਗਈਆਂ ਕਮੀਆਂ ਅਤੇ ਸਿੱਖ ਸਿਧਾਂਤਾਂ ਵਿਰੁੱਧ ਦਰਜ ਮੱਦਾਂ ਬਾਰੇ ਸੰਗਤ ਨੂੰ ਜਾਣੂ ਕਰਵਾਉਣਾ ਸਾਡਾ ਅਧਿਕਾਰ 'ਪੰਥਕ ਫਰਜ਼' ਹੈ। ਅੱਜ ਸਮਾਂ ਮੰਗ ਕਰਦਾ ਹੈ ਕਿ ਸਮੁੱਚੇ ਪ੍ਰਚਾਰਕ ਮਾਲਵੇ ਦੇ ਕੋਨੇ-ਕੋਨੇ ਵਿੱਚ ਘਰ-ਘਰ ਜਾ ਕੇ ਸੰਗਤ ਨੂੰ ਇਸ ਕਾਨੂੰਨ ਦੀਆਂ ਬਾਰੀਕੀਆਂ ਅਤੇ ਕਮੀਆਂ ਬਾਰੇ ਜਾਗਰੂਕ ਕਰਨ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮਾਲਵਾ ਜੋਨ ਦੇ ਇੰਚਾਰਜ ਬਾਬਾ ਬੂਟਾ ਸਿੰਘ ਨੇ ਕਿਹਾ ਕਿ ਪ੍ਰਚਾਰਕ ਕੌਮ ਦਾ ਸਰਮਾਇਆ ਹਨ ਅਤੇ ਜਦੋਂ ਵੀ ਪੰਥ 'ਤੇ ਕੋਈ ਸੰਕਟ ਆਇਆ ਹੈ, ਪ੍ਰਚਾਰਕਾਂ ਨੇ ਹਮੇਸ਼ਾ ਮੋਹਰੀ ਹੋ ਕੇ ਸੰਗਤ ਦੀ ਅਗਵਾਈ ਕੀਤੀ ਹੈ। ਸਰਕਾਰ ਵੱਲੋਂ ਪਾਸ ਕੀਤੇ ਇਸ ਸੋਧ ਐਕਟ ’ਚ ਅਜਿਹੀਆਂ ਖਾਮੀਆਂ ਹਨ, ਜਿਨ੍ਹਾਂ ਬਾਰੇ ਆਮ ਸੰਗਤ ਅਜੇ ਅਣਜਾਣ ਹੈ। ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪਿੰਡ-ਪਿੰਡ ਪਹੁੰਚ ਕਰੀਏ ਅਤੇ ਸੰਗਤ ਨੂੰ ਸਰਕਾਰੀ ਦਖ਼ਲਅੰਦਾਜ਼ੀ ਵਿਰੁੱਧ ਸੁਚੇਤ ਕਰੀਏ। ਮੀਟਿੰਗ ਦੌਰਾਨ ਆਪਣੇ ਵਿਚਾਰ ਰੱਖਦਿਆਂ ਗੁਰਪ੍ਰੀਤ ਸਿੰਘ ਝੱਬਰ ਅੰਤ੍ਰਿੰਗ ਕਮੇਟੀ ਮੈਂਬਰ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਇਹ ਜ਼ੋਰ-ਜ਼ਬਰਦਸਤੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਜੇਕਰ ਅੱਜ ਅਸੀਂ ਚੁੱਪ ਰਹੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲਾ ਪੰਥਕ ਇਕੱਠ ਸਰਕਾਰ ਨੂੰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਏਗਾ।
ਇਸ ਲਈ ਮਾਲਵੇ ਦਾ ਕੋਈ ਵੀ ਪਿੰਡ ਅਤੇ ਘਰ ਅਜਿਹਾ ਨਾ ਬਚੇ ਜਿੱਥੇ ਸਾਡੇ ਪ੍ਰਚਾਰਕ ਇਸ ਕਾਨੂੰਨ ਦੀਆਂ ਕਮੀਆਂ ਦਾ ਸੱਚ ਲੈ ਕੇ ਨਾ ਪਹੁੰਚਣ। ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਜਦੋਂ ਸੰਗਤ ਆਪਣੇ ਗੁਰੂ-ਸਿਧਾਂਤਾਂ 'ਤੇ ਹੋ ਰਹੇ ਇਸ ਸਰਕਾਰੀ ਹਮਲੇ ਅਤੇ ਕਾਨੂੰਨ ਦੀਆਂ ਤਰੁੱਟੀਆਂ ਤੋਂ ਵਾਕਫ਼ ਹੋਵੇਗੀ, ਤਾਂ ਉਹ ਖ਼ੁਦ-ਬ-ਖ਼ੁਦ ਇਸ ਦੇ ਵਿਰੋਧ ਵਿੱਚ ਨਿੱਤਰੇਗੀ। ਇਸ ਮੌਕੇ ਹਾਜ਼ਰ ਸਮੁੱਚੇ ਮਾਲਵਾ ਖੇਤਰ ਦੇ ਪ੍ਰਚਾਰਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਜਥੇਦਾਰ ਸਾਹਿਬ, ਬਾਬਾ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਦਿੱਤੇ ਗਏ ਸੱਦੇ ਨੂੰ ਪ੍ਰਵਾਨ ਕਰਦਿਆਂ ਪ੍ਰਣ ਲਿਆ ਕਿ ਉਹ ਅੱਜ ਤੋਂ ਹੀ ਪਿੰਡ-ਪਿੰਡ ਜਾ ਕੇ ਘਰ-ਘਰ ਤੱਕ ਕਾਨੂੰਨ ਦੀਆਂ ਖਾਮੀਆਂ ਦਾ ਸੱਚ ਪਹੁੰਚਾਉਣਗੇ ਅਤੇ ਪੰਥਕ ਕਾਨਫਰੰਸ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਬੀਬੀ ਗੁਰਿੰਦਰ ਕੌਰ ਭੋਲੂਵਾਲ, ਬੀਬੀ ਜੋਗਿੰਦਰ ਕੌਰ, ਸੁਰਜੀਤ ਸਿੰਘ ਰਾਏਪੁਰ, ਨਰਿੰਦਰਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ ਹਾਜ਼ਰ ਸਨ।