ਅਕਾਲੀ ਆਗੂ ਦੇ ਪੁੱਤਰ ਉੱਪਰ ਹਮਲਾ ਕਰਨ ਵਾਲਾ ਮੁੰਬਈ ਦਾ ਸ਼ਾਤਰ ਚੋਰ ਨਿਕਲਿਆ

-ਤਿੰਨ ਸਾਥੀਆਂ ਨਾਲ ਮਿਲੇ ਕੇ ਕੀਤਾ ਸੀ ਜਾਨਲੇਵਾ ਹਮਲਾ, ਦੋ ਕਾਬੂ, ਤੀਜੇ ਦੀ ਭਾਲ ਜਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭੁੱਚੋ ਮੰਡੀ ਦੇ ਨੇੜੇ ਲਹਿਰਾ ਬੇਗਾ ਰੋਡ ’ਤੇ ਇਕ ਸਕਾਰਪੀਓ ਗੱਡੀ ਦੇ ਚਾਲਕ ਨਾਲ ਹੋਏ ਮਾਮੂਲੀ ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਜਾਨ ਲੇਵਾ ਹਮਲਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਇਨ੍ਹਾਂ ਹਮਲਾਵਰਾਂ ਕੋਲੋਂ ਹੋਈ ਪੁੱਛਗਿੱਛ ਦੌਰਾਨ ਇਕ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਫੜੇ ਗਏ ਕਥਿਤ ਦੋਸ਼ੀਆਂ ਵਿੱਚੋਂ ਇੱਕ ਨੌਜਵਾਨ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿੱਚ ਏਟੀਐੱਮ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਉਡਾਉਣ ਵਾਲਾ ਸ਼ਾਤਰ ਚੋਰ ਨਿਕਲਿਆ ਹੈ, ਜਿਸ ਦੀ ਮੁੰਬਈ ਪੁਲਿਸ ਨੂੰ ਲੰਮੇ ਸਮੇਂ ਤੋਂ ਭਾਲ ਸੀ। ਇਸ ਸਬੰਧੀ ਸਥਾਨਕ ਸੈਕਟਰੀਏਟ ’ਚ ਕੀਤੀ ਪ੍ਰੈੱਸ ਵਾਰਤਾ ਦੌਰਾਨ ਐਸਪੀ ਸਿਟੀ ਨਰਿੰਦਰ ਸਿੰਘ ਅਨੁਸਾਰ ਲੰਘੀ 16 ਮਈ ਨੂੰ ਆਦੇਸ਼ ਹਸਪਤਾਲ ਬਠਿੰਡਾ ਵੱਲੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਜੈਦੀਪ ਗਰਗ ਵਾਸੀ ਭੁੱਚੋ ਮੰਡੀ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮਾਂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਇਆ ਹੈ। ਇਸ ਤੋਂ ਬਾਅਦ 17 ਮਈ ਨੂੰ ਪੀੜਤ ਦੇ ਬਿਆਨਾਂ ’ਤੇ ਥਾਣਾ ਨਥਾਣਾ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਐੱਸਪੀ ਸਿਟੀ ਨਰਿੰਦਰ ਸਿੰਘ ਅਨੁਸਾਰ ਵਾਰਦਾਤ ਵਾਲੀ ਰਾਤ ਕਥਿਤ ਦੋਸ਼ੀ ਸੁੰਦਰ ਸਿੰਘ ਉਰਫ਼ ਖ਼ੁਸ਼ੀ ਅਤੇ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਲਹਿਰਾ ਬੇਗਾ ਰੋਡ ਤੋਂ ਲੰਘ ਰਹੇ ਸਨ। ਪੁੱਛਗਿਛ ਦੌਰਾਨ ਫੜੇ ਗਏ ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਉੱਥੋਂ ਲੰਘ ਰਹੇ ਸਨ ਤਾਂ ਰਸਤੇ ’ਚ ਸੜਕ ਕੰਢੇ ਇਕ ਸਕਾਰਪੀਓ ਗੱਡੀ ਖੜ੍ਹੀ ਸੀ, ਜਿਸ ਦੇ ਅੰਦਰ ਇਕ ਵਿਅਕਤੀ ਸ਼ੱਕੀ ਹਾਲਤ ਵਿੱਚ ਬੈਠਾ ਸੀ। ਜਦੋਂ ਇਹ ਮੋਟਰਸਾਈਕਲ ਸਵਾਰ ਉਸਦੇ ਕੋਲੋਂ ਲੰਘੇ ਤਾਂ ਸਕਾਰਪੀਓ ਸਵਾਰ ਵਿਅਕਤੀ ਨੂੰ ਭੁਲੇਖਾ ਪਿਆ ਕਿ ਮੋਟਰਸਾਈਕਲ ਉਸ ਦੀ ਗੱਡੀ ਵਿੱਚ ਵੱਜਿਆ ਹੈ। ਇਸੇ ਗੱਲ ਦੇ ਗੁੱਸੇ ਵਿੱਚ ਆ ਕੇ ਉਸਨੇ ਗੱਡੀ ਵਿਚੋਂ ਬਾਹਰ ਨਿਕਲ ਕੇ ਮੋਟਰਸਾਈਕਲ ਵਾਲਿਆਂ ਨੂੰ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਮੌਕੇ 'ਤੇ ਹੀ ਤਕਰਾਰਬਾਜ਼ੀ ਸ਼ੁਰੂ ਹੋ ਗਈ। ਗੱਲ ਵਧਣ 'ਤੇ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੇ ਤੇਜ਼ਧਾਰ 'ਕਾਪੇ' ਨਾਲ ਸਕਾਰਪੀਓ ਚਾਲਕ ਦੇ ਸਿਰ 'ਤੇ ਜ਼ੋਰਦਾਰ ਵਾਰ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ। ਹਮਲਾਵਰ ਉਸ ਨੂੰ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਗਲੇ ਦਿਨ ਸਵੇਰੇ ਪਤਾ ਲੱਗਿਆ ਕਿ ਉਹ ਵਿਅਕਤੀ ਕੌਣ ਸੀ ਜਿਸ ਨਾਲ ਰਾਤ ਨੂੰ ਉਨ੍ਹਾਂ ਦਾ ਝਗੜਾ ਹੋਇਆ ਸੀ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਪੁਲਿਸ ਟੀਮਾਂ ਨੇ 21 ਮਈ ਨੂੰ ਦੋਵਾਂ ਹਮਲਾਵਰਾਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁੰਦਰ ਸਿੰਘ ਉਰਫ਼ ਖ਼ੁਸ਼ੀ ਵਾਸੀ ਗੁਰੂ ਅਰਜਨ ਦੇਵ ਨਗਰ, ਭੁੱਚੋ ਮੰਡੀ ਅਤੇ ਗੁਰਪ੍ਰੀਤ ਸਿੰਘ ਵਾਸੀ ਵਰਮਾ ਬਸਤੀ, ਵਾਰਡ-7, ਭੁੱਚੋ ਮੰਡੀ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਫਿਲਹਾਲ ਬੇਰੁਜ਼ਗਾਰ ਹਨ। ਇਸ ਵਾਰਦਾਤ ’ਚ ਸ਼ਾਮਲ ਇਨ੍ਹਾਂ ਦੇ ਦੋ ਹੋਰ ਸਾਥੀਆਂ ਕਰਨ ਸਿੰਘ ਉਰਫ਼ ਫਿਰੰਗੀ ਅਤੇ ਭੰਗੂ ਵਾਸੀ ਭੁੱਚੋ ਮੰਡੀ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਪੀ ਸਿਟੀ ਨੇ ਦੱਸਿਆ ਕਿ ਜਦੋਂ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਕੋਲੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦਾ ਅੰਤਰਰਾਜੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ। ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਜੁਲਾਈ 2025 ਦੌਰਾਨ ਮੁੰਬਈ ਵਿਖੇ ਨਕਦੀ ਚੋਰੀ ਦੇ ਦੋ ਵੱਡੇ ਪਰਚੇ ਦਰਜ ਕੀਤੇ ਹਨ। ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਮੁੰਬਈ ਦੇ ਥਾਣਾ ਨਹਿਰੂ ਨਗਰ ਦੇ ਇਲਾਕੇ ਵਿੱਚ ਇਕ ਏਟੀਐਮ. ਤੋੜ ਕੇ 3 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਸੀ ਤੇ ਇਸ ਤੋਂ ਇਲਾਵਾ ਥਾਣਾ ਘਾਟਕੋਪਰ ਮੁੰਬਈ ਵਿਖੇ ਵੀ ਇਕ ਵਾਰਦਾਤ ਦੌਰਾਨ 9 ਲੱਖ ਰੁਪਏ ਦੀ ਨਕਦੀ ਉਡਾਈ ਸੀ। ਉਹ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁੰਬਈ ਪੁਲਿਸ ਨੂੰ ਲੁੜੀਂਦਾ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ ਮੋਟਰਸਾਈਕਲ ਤੇ ਤੇਜ਼ਧਾਰ ਕਾਪਾ ਬਰਾਮਦ ਕਰ ਲਿਆ ਹੈ।