ਅਕਾਲੀ ਆਗੂ ਦੇ ਪੁੱਤਰ ’ਤੇ ਜਾਨ ਲੇਵਾ ਹਮਲਾ, ਭੁੱਚੋ ਮੰਡੀ ਦੇ ਬਾਜ਼ਾਰ ਬੰਦ ਕਰਕੇ ਇਨਸਾਫ਼ ਦੀ ਮੰਗ ਕੀਤੀ

-ਅਕਾਲੀ ਆਗੂ ਨੇ ਵਾਰਡ ਨੰਬਰ-ਦੋ ਤੋਂ ਸ਼ਨਿੱਚਰਵਾਰ ਨੂੰ ਭਰਨੇ ਸੀ ਨਾਮਜ਼ਦਗੀ ਪੱਤਰ
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ
ਸ਼ੁੱਕਰਵਾਰ ਦੇਰ ਰਾਤ ਨੂੰ ਭੁੱਚੋ ਮੰਡੀ ’ਚ ਇਕ ਅਕਾਲੀ ਆਗੂ ਦੇ ਪੁੱਤਰ ’ਤੇ ਹੋਏ ਜਾਨਲੇਵਾ ਹਮਲੇ ਕਾਰਨ ਹੜਕੰਪ ਮੰਚ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਵਪਾਰੀਆਂ ਨੇ ਭੁੱਚੋ ਮੰਡੀ ਦੇ ਬਜ਼ਾਰ ਬੰਦ ਕਰ ਦਿੱਤੇ ਅਤੇ ਪੁਲਿਸ ਚੌਕਂੀ ਅੱਗੇ ਧਰਨਾ ਲਗਾ ਕੇ ਨਾਆਰੇਬਾਜ਼ੀ ਕੀਤੀ। ਇਸ ਮੌਕੇ ਡੀਐਸਪੀ ਭੁੱਚੋ ਪ੍ਰਿਤਪਾਲ ਸਿੰਘ ਤੇ ਥਾਣਾ ਨਥਾਣਾ ਦੇ ਐਸਐਚਓ ਮੇਜਰ ਸਿੰਘ ਵੀ ਪੁੱਜੇ ਤੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਵਾਰਡ-2 ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੀਪ ਗਰਗ (ਕੱਦੂ) ਦੇ ਪੁੱਤਰ ਜੈਦੀਪ ਗਰਗ ’ਤੇ ਸ਼ੁੱਕਰਵਾਰ ਦੇ ਰਾਤ ਕੁੱਝ ਅਣਪਛਾਤੇ ਹਮਲਾਵਰਾਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਰੀਬ ਸੱਤ ਤੋਂ ਅੱਠ ਬਾਈਕ ਸਵਾਰ ਹਮਲਾਵਰਾਂ ਨੇ ਜੈਦੀਪ ਦੀ ਗੱਡੀ ਨੂੰ ਰੋਕਿਆ ਅਤੇ ਘੜੀਸ ਕੇ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਜੈਦੀਪ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਰਿਪੋਰਟਾਂ ਅਨੁਸਾਰ ਜੈਦੀਪ ਦੀ ਨੱਕ ਦੀ ਹੱਡੀ ਟੁੱਟ ਗਈ ਤੇ ਇਕ ਅੱਖ ਬਾਹਰ ਨਿਕਲ ਆਈ। ਉਸਦਾ ਸਰੀਰ ਖੂਨ ਨਾਲ ਲੱਥਪੱਥ ਸੀ ਅਤੇ ਉਹ ਸੜਕ ‘ਤੇ ਮੂੰਹ ਭਾਰ ਡਿੱਗਿਆ ਪਿਆ ਮਿਲਿਆ। ਉਸਦੇ ਪਰਿਵਾਰ ਨੇ ਤੁਰੰਤ ਉਸਨੂੰ ਆਦੇਸ਼ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਦੀ ਸਰਜਰੀ ਕੀਤੀ ਅਤੇ ਬਾਕੀ ਗੰਭੀਰ ਸੱਟਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਕਾਰਨ ਸ਼ਹਿਰ ਅੰਦਰ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਭੁੱਚੋ ਮੰਡੀ ਦੇ ਵਾਸੀਆਂ ’ਚ ਰੋਸ ਪੈਦਾ ਹੋ ਗਿਆ ਹੈ। ਸ਼ਹਿਰ ਦੇ ਲੋਕ ਪੀੜਤ ਪਰਿਵਾਰ ਨਾਲ ਖੜੇ ਹੋਏ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ। ਮੰਡੀ ਵਾਸੀਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਪੁਲਿਸ ਚੌਕੀ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਪੁਲਿਸ ਨੂੰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਸੀਨੀਅਰ ਭਾਜਪਾ ਆਗੂ ਵਿਨੋਦ ਬਿੰਟਾ ਅਤੇ ਨਗਰ ਕੌਂਸਲ ਪ੍ਰਧਾਨ ਜੌਨੀ ਬਾਂਸਲ ਨੇ ਵੀ ਇਸ ਘਟਨਾ ਦੀ ਗੰਭੀਰ ਨਿਖੇਧੀ ਕੀਤੀ। ਉਨ੍ਹਾਂ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਤੇ ਸ਼ਹਿਰ ਵਿੱਚ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਉਕਤ ਆਗੂਆਂ ਨੇ ਪੁਲਿਸ ਚੌਂਕੀ ਅੱਗੇ ਲੱਗੇ ਧਰਨੇ ਵਿਚ ਸ਼ਮੂਲੀਅਤ ਕੀਤੀ। ਜ਼ਖ਼ਮੀ ਜੈਦੀਪ ਗਰਗ ਦੇ ਪਿਤਾ ਨਰਦੀਪ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਮਾਮਲੇ ਦੀ ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ। ਨਰਦੀਪ ਗਰਗ ਅੱਜ ਹੀ ਵਾਰਡ ਨੰਬਰ 2 ਲਈ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਨ। ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਤੇ ਐੱਸਐੱਚਓ ਮੇਜਰ ਸਿੰਘ ਨੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਹਮਲਾਵਾਰਾਂ ਖਿਲਾਫ਼ ਕੇਸ ਦਰਜ ਕਰਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।