ਅਕਾਲੀ ਦਲ, ਕਾਂਗਰਸ ਤੇ ਆਪ ਲਈ ਵਕਾਰ ਦਾ ਸਵਾਲ ਬਨਣਗੀਆਂ ਨਗਰ ਪੰਚਾਇਤ ਚੋਣਾਂ

-ਵਿਧਾਇਕ ਸਿੱਧੂ ਦੀ ਸਿਆਸੀ ਹਵਾ ਕੱਢਣ ਲਈ ਕਾਂਗੜ ਤੇ ਮਲੂਕਾ ਸਿਆਸੀ ਗੋਟੀਆਂ ਕਰ ਰਹੇ ਫਿਟ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਹੋਣ ਵਾਲੀਆਂ ਨਗਰ ਕੌਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਸੱਤਾਧਾਰੀ ਧਿਰ ‘ਆਪ’, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਸਰਗਰਮ ਹੋ ਗਏ ਹਨ। ਭਾਜਪਾ, ਬਸਪਾ, ਅਕਾਲੀ ਦਲ ਪੁਨਰਸੁਰਜੀਤ ਆਦਿ ਭਵਿੱਖ ’ਚ ਸਰਗਰਮ ਹੋ ਸਕਦੇ ਹਨ। ਇਹ ਨਗਰ ਪੰਚਾਇਤ ਚੋਣਾਂ ਆਗਾਮੀ ਵਿਧਾਨ ਸਭਾ ਲਈ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰਨਗੀਆਂ। ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੀਆਂ ਪੰਜ ਨਗਰ ਪੰਚਾਇਤਾਂ ਮਹਿਰਾਜ, ਭਾਈਰੂਪਾ, ਭਗਤਾ ਭਾਈਕਾ, ਕੋਠਾਗੁਰੂ ਤੇ ਮਲੂਕਾ ਵਿਖੇ ਚੋਣ ਹੋਣੀ ਹੈ। ਨਗਰ ਪੰਚਾਇਤ ਮਹਿਰਾਜ ਦੀ ਚੋਣ ਜਿੱਥੇ ਵੱਡੇ ਸਿਆਸੀ ਆਗੂ ਲਈ ਅਹਿਮ ਹੈ, ਉੱਥੇ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਲਈ ਵੀ ਵਕਾਰ ਦਾ ਸਵਾਲ ਹੋਵੇਗੀ, ਅਕਾਲੀ ਸਰਕਾਰ ਸਮੇਂ ਬਣੀ ਨਗਰ ਪੰਚਾਇਤ ਮਹਿਰਾਜ ਦੇ ਪਹਿਲੇ ਪ੍ਰਧਾਨ ਵੀ ਹਰਿੰਦਰ ਸਿੰਘ ਮਹਿਰਾਜ ਹੀ ਚੁਣੇ ਗਏ ਸਨ।
ਦੂਜੀ ਵਾਰ ਕਾਂਗਰਸ ਦੀ ਸਰਕਾਰ ਸਮੇਂ ਨਗਰ ਪੰਚਾਇਤ ਮਹਿਰਾਜ ਦੀ ਚੋਣ ਕਾਂਗਰਸ ਨੇ ਜਿੱਤੀ ਹੈ। ਹੁਣ ਤੀਜੀ ਵਾਰ ਚੋਣ ਹੋਣੀ ਹੈ। ਸੱਤਾਧਾਰੀ ਧਿਰ ਹਰ ਹੀਲੇ ਇਹ ਚੋਣ ਜਿੱਤਣ ਲਈ ਪੱਬਾਂ ਭਾਰ ਹੈ। ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸੱਤਾਧਾਰੀ ਧਿਰ ਆਪ ਦੀ ਸਿਆਸੀ ਹਵਾ ਕੱਢਣ ਲਈ ਆਪਣੀਆਂ ਸਿਆਸੀ ਗੋਟੀਆਂ ਫਿਟ ਕਰ ਰਹੇ ਹਨ।
ਇਸੇ ਤਰ੍ਹਾਂ ਨਗਰ ਪੰਚਾਇਤ ਭਾਈ ਰੂਪਾ ਦੀ ਚੋਣ ਵੀ ਵਿਚ ਜਬਰਦਸਤ ਤਿਕੋਣਾ ਸਿਆਸੀ ਮੁਕਾਬਲਾ ਹੋਣ ਦੀ ਚਰਚਾ ਹੈ, ਹੁਣ ਨਗਰ ਪੰਚਾਇਤ ਦੀ ਪ੍ਰਧਾਨਗੀ ਪਦ ’ਤੇ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲਖਵੀਰ ਸਿੰਘ ਜਵੰਧਾ ਕਾਬਜ਼ ਸਨ। ਇੱਥੇ ਕੁਝ ਸਮਾਂ ਕਾਂਗਰਸ ਨਾਲ ਸਬੰਧਤ ਪ੍ਰਧਾਨ ਵੀ ਰਿਹਾ ਹੈ। ਇਸ ਵਾਰ ਦੀ ਚੋਣ ਜਿੱਤਣ ਲਈ ਆਪ ਦੇ ਹਲਕਾ ਵਿਧਾਇਕ ਬਲਕਾਰ ਸਿੱਧੂ, ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ, ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਆਦਿ ਹਰ ਹੀਲਾ ਵਰਤਣਗੇ। ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਸਬੰਧੀ ਹਲਕਾ ਰਾਮਪੁਰਾ ਫੂਲ ਹੀ ਨਹੀਂ, ਸਗੋਂ ਹੋਰ ਹਲਕਿਆਂ ’ਚ ਇਸ ਚੋਣ ਦੀ ਚਰਚਾ ਹੋ ਰਹੀ। ਆਮ ਲੋਕਾਂ ਵਿਚ ਚਰਚਾ ਹੁੰਦੀ ਰਹਿੰਦੀ ਹੈ ਕਿ ਜਿਸ ਨੇ ਭਗਤਾ ਭਾਈ ਪਾਸ ਕਰ ਲਿਆ ਉਹ ਛੇਤੀ ਫੇਲ੍ਹ ਨਹੀ ਹੁੰਦਾ। ਭਗਤਾ ਭਾਈ ਹਲਕਾ ਰਾਮਪੁਰਾ ਫੂਲ ਦਾ ਅਜਿਹਾ ਸ਼ਹਿਰ ਜਿੱਥੋ ਸਿਆਸੀ ਹਵਾ ਦੀ ਚਰਚਾ ਜਿਆਦਾ ਹੁੰਦੀ ਹੈ। ਪਹਿਲੀ ਵਾਰ ਬਣੀ ਨਗਰ ਪੰਚਾਇਤ ਦੇ ਪਹਿਲੇ ਪ੍ਰਧਾਨ ਅਕਾਲੀ ਦਲ ਸਬੰਧਤ ਰਾਕੇਸ਼ ਕੁਮਾਰ ਗੋਇਲ ਬਣੇ ਸਨ ਤੇ ਦੂਜੀ ਵਾਰ ਬਣੀ ਨਗਰ ਪੰਚਾਇਤ ਦੇ ਪ੍ਰਧਾਨ ਕਾਂਗਰਸ ਨਾਲ ਸਬੰਧਤ ਬੂਟਾ ਸਿੰਘ ਸਿੱਧੂ ਸਨ।
ਉਕਤ ਦੋਵੇਂ ਸਾਬਕਾ ਪ੍ਰਧਾਨਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਵਿਚ ਆਪਣੀ ਸਿਆਸੀ ਪਕੜ ਐਨੀ ਮਜ਼ਬੂਤ ਬਣਾਈ ਹੈ, ਜਿਸਨੂੰ ਵਿਰੋਧੀ ਵੀ ਮੰਨਦੇ ਹਨ। ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਲਈ ਹਰ ਕੋਈ ਤਿਆਰ ਨਹੀ ਹੁੰਦਾ, ਜਿਸ ਕਰ ਕੇ ਬੂਟਾ ਸਿੰਘ ਸਿੱਧੂ ਅਤੇ ਰਾਕੇਸ਼ ਕੁਮਾਰ ਦੇ ਵਾਰਡਾਂ ਵਿਚ ਚੋਣ ਸਭ ਤੋਂ ਵੱਧ ਚਰਚਾ ਵਾਲੀ ਹੋਵੇਗੀ। ਬੂਟਾ ਸਿੰਘ ਸਿੱਧੂ ਦੇ ਰਿਹਾਇਸ਼ੀ ਵਾਰਡ ਵਿਚ ਚੋਣ ਲੜਨ ਤੋਂ ਵਿਰੋਧੀ ਕੰਨ੍ਹਾ ਕਤਰਾ ਰਹੇ ਹਨ ਅਤੇ ਲੋਕਾਂ ਵਿਚ ਚਰਚਾ ਹੈ ਕਿ ਬੂਟਾ ਸਿੱਧੂ ਦੇ ਮੁਕਾਬਲੇ ਆਪ ਅਤੇ ਅਕਾਲੀ ਦਲ ਵਾਲੇ ਕਿਸਦੀ ਬਲੀ ਦੇਣਗੇ। ਕਾਂਗਰਸ ਬੂਟਾ ਸਿੰਘ ਸਿੱਧੂ ਤੋਂ ਇਲਾਵਾ ਜਸਮੀਤ ਸਿੰਘ ਬਰਾੜ, ਗਗਨਦੀਪ ਕੌਰ ਸਿੱਧੂ, ਰਾਜਾ ਭਗਤਾ, ਗੁਰਪ੍ਰੀਤ ਸਿੰਘ ਘਾਰੂ, ਗੁਰਮੀਤ ਸਿੰਘ ਆਦਿ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਅਕਾਲੀ ਦਲ ਆਗੂ ਸਿਕੰਦਰ ਸਿੰਘ ਮਲੂਕਾ ਇਸ ਵਾਰ ਨਾਮਵਰ ਚਿਹਰਿਆਂ ਰਾਕੇਸ਼ ਕੁਮਾਰ, ਜਗਮੋਹਨ ਲਾਲ, ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ, ਸੁਖਜਿੰਦਰ ਸਿੰਘ ਖਾਨਦਾਨ, ਰਘਵੀਰ ਸਿੰਘ ਕਾਕਾ, ਗੁਰਚਰਨ ਸਿੰਘ ਪੁਰੀ ਆਦਿ ਨੂੰ ਚੋਣ ਮੈਦਾਨ ’ਚ ਉਤਾਰ ਸਕਦੇ ਹਨ। ਜਦ ਕਿ ਹਲਕਾ ਵਿਧਾਇਕ ਬਲਕਾਰ ਸਿੱਧੂ, ਸੁਰੇਸ਼ ਕੁਮਾਰ ਕਾਲਾ, ਜਗਸੀਰ ਸਿੰਘ ਪੰਨੂੰ, ਤਰਸੇਮ ਸਿੰਘ ਸੇਮਾ, ਏਕਮ ਸਿੰਘ ਸਿੱਧੂ, ਜਸਵਿੰਦਰ ਸਿੰਘ ਜੱਸ, ਰਾਕੇਸ਼ ਅਰੋੜਾ ਆਦਿ ਚੋਣ ਮੈਦਾਨ ਵਿਚ ਉਤਾਰ ਸਕਦੇ ਹਨ। ਆਪ ਦੇ ਸੁਰੇਸ ਕੁਮਾਰ ਕਾਲਾ ਤੇ ਅਕਾਲੀ ਦਲ ਰਾਕੇਸ਼ ਕੁਮਾਰ ਗੋਇਲ ਵਿਚਾਲੇ ਸਿਆਸੀ ਪੇਚਾ ਪੈਣ ਦੇ ਚਰਚੇ ਹਨ।
ਨਗਰ ਪੰਚਾਇਤ ਭਗਤਾ ਦੀ ਚੋਣ ਲਈ ਹਲਕਾ ਵਿਧਾਇਕ ਸਿੱਧੂ, ਸਾਬਕਾ ਮੰਤਰੀ ਮਲੂਕਾ ਤੇ ਸਾਬਕਾ ਮੰਤਰੀ ਕਾਂਗੜ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਹਰ ਸਿਆਸੀ ਪੈਂਤੜਾ ਵਰਤਣ ਲਈ ਯਤਨ ਕਰਨਗੇ। ਨਗਰ ਪੰਚਾਇਤ ਕੋਠਾ ਗੁਰੂ ਦੀ ਚੋਣ ਜਿੱਥੇ ਸਾਬਕਾ ਮਲੂਕਾ ਤੇ ਸਾਬਕਾ ਮੰਤਰੀ ਕਾਂਗੜ ਲਈ ਅਹਿਮ ਹੈ, ਉੱਥੇ ਹਲਕਾ ਵਿਧਾਇਕ ਸਿੱਧੂ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਲਈ ਵੀ ਵਕਾਰ ਦਾ ਸਵਾਲ ਹੋਵੇਗੀ, ਕਿਉਕਿ ਕੋਠਾ ਗੁਰੂ ਚੇਅਰਮੈਨ ਭੱਲਾ ਦਾ ਜੱਦੀ ਪਿੰਡ ਹੈ ਪਰ ਸਮਾਂ ਦੱਸੇਗਾ ਕਿ ਕੋਣ ਕਿੰਨੇ ਕੁ ਪਾਣੀ ਵਿਚ ਹੈ। ਨਗਰ ਪੰਚਾਇਤ ਮਲੂਕਾ ਦੀ ਚੋਣ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਲਈ ਵਕਾਰ ਦਾ ਸਵਾਲ ਹੋਵੇਗੀ ਕਿਉਂਕਿ ਇਹ ਉਨ੍ਹਾਂ ਦਾ ਜੱਦੀ ਪਿੰਡ ਹੈ। ਨਗਰ ਪੰਚਾਇਤ ਮਲੂਕਾ ਦੀ ਚੋਣ ਜਿੱਤਣ ਲਈ ਜਿੱਥੇ ਸਾਬਕਾ ਮੰਤਰੀ ਮਲੂਕਾ ਆਪਣਾ ਸਿਆਸੀ ਜਲਬਾ ਵਿਖਾਉਣ ਦੀ ਤਾਕ ’ਚ ਹਨ, ਉੱਥੇ ਸਾਬਕਾ ਮੰਤਰੀ ਕਾਂਗੜ ਅਤੇ ਹਲਕਾ ਵਿਧਾਇਕ ਸਿੱਧੂ ਵੀ ਚੋਣ ਜਿੱਤਣ ਲਈ ਹਰ ਸਿਆਸੀ ਦਾਅ ਖੇਡ ਸਕਦੇ ਹਨ। ਜ਼ਿਕਰਯੋਗ ਹੈ ਕਿ ਜੇਕਰ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਨਾ ਹੋਏ ਤਾਂ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ ਤੇ ਨਤੀਜੇ ਵੀ ਹੈਰਾਨੀਜਨਕ ਹੋ ਸਕਦੇ ਹਨ।