ਐਮੀ ਵਿਰਕ ਤੇ ਰੂਪੀ ਗਿੱਲ ਨੇ ਚੜ੍ਹਦੀ ਕਲਾ ਫ਼ਿਲਮ ਬਾਰੇ ਦੱਸਿਆ
ਐਮੀ ਵਿਰਕ ਤੇ ਰੂਪੀ ਗਿੱਲ ਨੇ ਚੜ੍ਹਦੀ ਕਲਾ ਫ਼ਿਲਮ
Publish Date: Sun, 10 May 2026 05:22 PM (IST)
Updated Date: Mon, 11 May 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
29 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਚੜ੍ਹਦੀ ਕਲਾ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਸਾਰੀ ਟੀਮ ਸਥਾਨਕ ਸ਼ਹਿਰ ਦੇ ਇਤਿਹਾਸਕ ਭੂਤਾਂ ਵਾਲਾ ਖੂਹ ਵਿਖੇ ਪੁੱਜੀ, ਜਿੱਥੇ ਵੱਡੀ ਗਿਣਤੀ ’ਚ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ। ਫ਼ਿਲਮ ਦੇ ਕਲਾਕਾਰਾਂ ਨੂੰ ਦੇਖਣ ਲਈ ਨੌਜਵਾਨਾਂ ਤੇ ਔਰਤਾਂ ’ਚ ਖਾਸ ਉਤਸ਼ਾਹ ਪਾਇਆ ਗਿਆ ਅਤੇ ਮਾਹੌਲ ਪੂਰੀ ਤਰ੍ਹਾਂ ਮੇਲੇ ਵਿੱਚ ਤਬਦੀਲ ਹੋ ਗਿਆ। ਪ੍ਰਸਿੱਧ ਅਦਾਕਾਰ ਤੇ ਗਾਇਕ ਐਮੀ ਵਿਰਕ, ਹਿੰਮਤ ਸਿੱਧੂ, ਅਦਾਕਾਰਾ ਰੂਪੀ ਗਿੱਲ, ਜਰਨੈਲ ਸਿੰਘ ਅਤੇ ਸਟਾਲਨਵੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਫ਼ਿਲਮ ਦੀ ਟੀਮ ਨੇ ਦਰਸ਼ਕਾਂ ਨਾਲ ਰੂਬਰੂ ਹੋ ਕੇ ਫ਼ਿਲਮ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਨੂੰ 29 ਮਈ ਨੂੰ ਸਿਨੇਮਾ ਘਰਾਂ ਵਿੱਚ ਫ਼ਿਲਮ ਦੇਖਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਐਮੀ ਵਿਰਕ ਨੇ ਕਿਹਾ ਕਿ “ਚੜ੍ਹਦੀ ਕਲਾ ਸਿਰਫ਼ ਮਨੋਰੰਜਨ ਨਹੀਂ, ਸਗੋਂ ਪੰਜਾਬ ਦੇ ਇਤਿਹਾਸ, ਪੰਜਾਬੀ ਸੱਭਿਆਚਾਰ, ਜਜ਼ਬੇ ਅਤੇ ਪਰਿਵਾਰਕ ਮੁੱਲਾਂ ਨੂੰ ਦਰਸਾਉਣ ਵਾਲੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬ ਦੀਆਂ ਪੱਗਾਂ ਅਤੇ ਚੁੰਨੀਆਂ ਦੀ ਫਿਲਮ ਅਤੇ ਫਿਲਮ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਹੈ। ਸਾਨੂੰ ਭਰੋਸਾ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਭਰਪੂਰ ਪਿਆਰ ਦੇਣਗੇ।” ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਦਰਸ਼ਕਾਂ ਵੱਲੋਂ ਲਗਾਤਾਰ ਮਿਲ ਰਹੇ ਸਹਿਯੋਗ ਕਾਰਨ ਉਦਯੋਗ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਫ਼ਿਲਮ ਵਿੱਚ ਹਰ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਪੰਜਾਬੀ ਇਤਿਹਾਸ ਦੇ ਜਜ਼ਬਾਤੀ ਪਲਾਂ ਨਾਲ ਜੋੜੇਗੀ। ਇਸ ਸਮੇਂ ਖੂਹ ਕਮੇਟੀ ਭਗਤਾ ਭਾਈ ਵੱਲੋਂ ਫਿਲਮੀ ਦੀ ਟੀਮ ਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਲਾਡੀ ਕਾਂਗੜ, ਗੀਤਕਾਰ ਪੱਪਾ ਸਿੰਘ ਭਗਤਾ, ਰਵਿੰਦਰ ਬਿੱਲਾ, ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਾਨਦਾਨ, ਸੁਖਜਿੰਦਰ ਸਿੰਘ ਖਹਿਰਾ, ਸਤਪਿੰਦਰਪਾਲ ਸਿੰਘ ਪਿੰਦਰ, ਸੁਖਚੈਨ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬੂਟਾ, ਵਿੱਕੀ ਸਿੱਧੂ, ਗੱਗੀ ਭੰਵਰੀ, ਗੁਰਪ੍ਰੀਤ ਸਿੰਘ, ਬਾਦਲ ਸਿੰਘ ਭਗਤਾ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।