ਖੇਤੀ ਮਾਹਿਰ ਨੇ ਝੋਨੇ ਦੀ ਸਿੱਧੀ ਬਿਜਾਈ ਤੇ ਸਫ਼ਲ ਕਾਸ਼ਤ ਬਾਰੇ ਕੀਤਾ ਜਾਗਰੂਕ
ਝੋਨੇ ਦੀ ਸਿੱਧੀ ਬਿਜਾਈ ਅਤੇ ਸਫ਼ਲ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ
Publish Date: Wed, 06 May 2026 05:47 PM (IST)
Updated Date: Thu, 07 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੌੜ ਮੰਡੀ : ਪਿੰਡ ਜੋਧਪੁਰ ਪਾਖਰ (ਤਹਿਸੀਲ ਮੌੜ) ਵਿਖੇ ਪੰਜਾਬ ਖੇਤੀਬਾੜੀ ’ਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਬਠਿੰਡਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਸਫਲ ਕਾਸ਼ਤ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਤੇ ਫੂਡ ਇੰਜਨੀਅਰਿੰਗ) ਨੇ ਕਿਸਾਨ ਵੀਰਾਂ ਨੂੰ ਘਰੇਲੂ ਅਨਾਜ ਅਤੇ ਬੀਜਾਂ ਦੀ ਸਹੀ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਦੀ ਤਰ ਵੱਤਰ ਦੀ ਵਿਧੀ, ਬਿਜਾਈ ਸਮੇਂ ਧਿਆਨ ਦੇਣਯੋਗ ਵਿਸ਼ੇਸ਼ ਨੁਕਤੇ ਸਾਂਝੇ ਕੀਤੇ। ਇਸ ਨਾਲ ਹੀ ਉਨ੍ਹਾਂ ਨੇ ਕੇਵੀਕੇ, ਬਠਿੰਡਾ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਜਿਵੇਂ ਕਿ ਕਿੱਤਾ ਮੁਖੀ ਸਿਖਲਾਈ ਕੋਰਸ, ਖੇਤੀਬਾੜੀ ਪ੍ਰਦਰਸ਼ਨ, ਮਿੱਟੀ ਤੇ ਪਾਣੀ ਦੀ ਜਾਂਚ ਤੇ ਨਵੀਂ ਤਕਨਾਲੋਜੀ ਦੇ ਪ੍ਰਚਾਰ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਤੇਜਬੀਰ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਨੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਮਿੱਟੀ ਪਰਖ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਮਿੱਟੀ ਦੀ ਜਾਂਚ ਦੇ ਆਧਾਰ ‘ਤੇ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਖਰਚ ਘਟਾਇਆ ਜਾ ਸਕੇ ਅਤੇ ਪੈਦਾਵਾਰ ਵਧਾਈ ਜਾ ਸਕੇ। ਉਨ੍ਹਾਂ ਨੇ ਝੋਨੇ ਵਿਚ ਨਾਈਟ੍ਰੋਜਨ ਅਤੇ ਫਾਸਫੋਰਸ ਖਾਦਾਂ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਝੋਨੇ ਦੀਆਂ ਪ੍ਰਮਾਣਿਤ ਪੀਆਰ ਕਿਸਮਾਂ ਪੀਆਰ 133. ਪੀਆਰ 132, ਪੀਆਰ 131, ਪੀਆਰ 128, ਪੀਆਰ 126, ਪੀਆਰ 114 ਅਤੇ ਬਾਸਮਤੀ 1509 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਕਿਸਮਾਂ ਵੱਧ ਉਪਜ ਦੇਣ ਦੇ ਨਾਲ-ਨਾਲ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਸਿਮਰਨਜੀਤ ਕੌਰ ਨੇ ਵੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਕੈਂਪ ਦੌਰਾਨ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਤੇ ਵਿਗਿਆਨੀਆਂ ਨਾਲ ਸਿੱਧੀ ਗੱਲਬਾਤ ਕੀਤੀ। ਅੰਤ ’ਚ ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਵਿਚ ਨਵੀਂ ਤਕਨਾਲੋਜੀ ਨੂੰ ਅਪਣਾ ਕੇ ਖਰਚ ਘਟਾਉਣ ਅਤੇ ਆਮਦਨ ਵਿਚ ਵਾਧਾ ਕਰਨ।