ਪੰਜਾਬ ਭਰ ਵਿੱਚ ਹੋਈਆਂ ਨਗਰ ਕੌਂਸਲ ਅਤੇ ਨਗਰ

-ਲੋਕਾਂ ਨੇ ਵਿਕਾਸ ਦੀ ਰਾਜਨੀਤੀ ‘ਤੇ ਲਗਾਈ ਮੋਹਰ : ਐਡਵੋਕੇਟ ਉਦੇਵੀਰ ਸਿੰਘ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਭਰ ਵਿੱਚ ਹੋਈਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੌਰਾਨ ਹਲਕਾ ਤਲਵੰਡੀ ਸਾਬੋ ਅਧੀਨ ਆਉਂਦੀ ਰਾਮਾ ਮੰਡੀ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ 15 ਵਿੱਚੋਂ 13 ਵਾਰਡਾਂ ‘ਤੇ ਸ਼ਾਨਦਾਰ ਫਤਿਹ ਹਾਸਲ ਕੀਤੀ। ਇਸ ਜਿੱਤ ਬਾਅਦ ‘ਆਪ’ ਦੇ ਆਗੂ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫ਼ੈਸਰ ਬਲਜਿੰਦਰ ਕੌਰ ਦੇ ਭਰਾ ਐਡਵੋਕੇਟ ਉਦੇਵੀਰ ਸਿੰਘ ਰਾਮ ਤੀਰਥ ਨੇ ਇਸਨੂੰ ਮਾਲਵਾ ਖੇਤਰ ਦੀ ਇਕ ਇਤਿਹਾਸਿਕ ਜਿੱਤ ਕਰਾਰ ਦਿੱਤਾ। ਐਡਵੋਕੇਟ ਉਦੇਵੀਰ ਸਿੰਘ ਜਗਾ ਰਾਮ ਤੀਰਥ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਰਾਮਾ ਮੰਡੀ ਦੇ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਕਾਰਗੁਜ਼ਾਰੀ ‘ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ‘ਆਪ’ ਦੇ ਵਰਕਰਾਂ ਦੀ ਮਿਹਨਤ, ਲੋਕਾਂ ਦੇ ਭਰੋਸੇ ਅਤੇ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਨਤੀਜਾ ਹੈ। ਰਾਮਾ ਮੰਡੀ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਨਕਾਰਾਤਮਕ ਤੇ ਵੰਡ ਪਾਉਣ ਵਾਲੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਵਿਕਾਸ, ਸਾਫ਼ ਅਤੇ ਲੋਕਾਂ ਲਈ ਕੰਮ ਕਰਨ ਵਾਲੀ ਰਾਜਨੀਤੀ ਨੂੰ ਚੁਣਿਆ ਹੈ। ‘ਆਪ’ ਨੇ ਹਮੇਸ਼ਾ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ ਅਤੇ ਇਸੇ ਕਾਰਨ ਅੱਜ ਲੋਕਾਂ ਨੇ ਵੱਡੇ ਭਰੋਸੇ ਨਾਲ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ।
ਉਦੇਵੀਰ ਸਿੰਘ ਨੇ ਕਿਹਾ ਕਿ ਇਹ ਚੋਣਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸਾਬਤ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਹਲਕਾ ਤਲਵੰਡੀ ਸਾਬੋ ਸਮੇਤ ਪੂਰੇ ਪੰਜਾਬ ਵਿੱਚ ਵੱਡੀ ਜਿੱਤ ਦਰਜ ਕਰੇਗੀ ਅਤੇ ਮੁੜ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣੇਗੀ। ਉਨ੍ਹਾਂ ਰਾਮਾ ਮੰਡੀ ਦੇ ਸਮੂਹ ਵੋਟਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਜੋ ਭਰੋਸਾ ਜਤਾਇਆ ਹੈ, ਉਸ ‘ਤੇ ਪੂਰੀ ਤਰ੍ਹਾਂ ਖਰਾ ਉਤਰਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਰਾਮਾ ਮੰਡੀ ਦੇ ਹਰ ਇੱਕ ਵਿਕਾਸ ਕਾਰਜ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਰਾਮਾ ਮੰਡੀ ਨੂੰ ਵਿਕਾਸ ਪੱਖੋਂ ਇੱਕ ਮਾਡਲ ਮੰਡੀ ਬਣਾਇਆ ਜਾਵੇਗਾ, ਜਿੱਥੇ ਸਫ਼ਾਈ, ਸੁੰਦਰਤਾ, ਬੁਨਿਆਦੀ ਸਹੂਲਤਾਂ ਅਤੇ ਆਧੁਨਿਕ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ ਤਾਂ ਜੋ ਰਾਮਾ ਮੰਡੀ ਪੂਰੇ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਬਣਾਵੇ। ਇਸ ਮੌਕੇ ਸੀਨੀਅਰ ਆਗੂ ਨਵਦੀਪ ਸਿੰਘ ਗੋਲਡੀ ਗਿੱਲ, ਰੇਸ਼ਮ ਸਿੰਘ ਜੈਲਦਾਰ, ਕੁਲਵੰਤ ਸਿੰਘ ਸੀਂਗੋ, ਗਗਨ ਬਹਿਣੀਵਾਲ ਜਗ੍ਹਾ, ਐਡਵੋਕੇਟ ਵਿਕਰਾਂਤ ਗੋਇਲ, ਚਿੰਟੂ ਜਿੰਦਲ, ਬਲਜਿੰਦਰ ਸਿੰਘ ਬਹਿਮਨ ਤੋਂ ਇਲਾਵਾ ਵੱਡੀ ਗਿਣਤੀ ’ਚ ‘ਆਪ’ ਦੇ ਆਗੂ ਹਾਜ਼ਰ ਸਨ।