‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਰੋਸ ਮੁਜ਼ਾਹਰਾ
ਆਪ ਛੱਡ ਕੇ ਭਾਜਪਾ ਵਿਚ ਗਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ
Publish Date: Sun, 26 Apr 2026 05:24 PM (IST)
Updated Date: Mon, 27 Apr 2026 04:08 AM (IST)

-ਸੂਬੇ ਭਰ ’ਚ ਪੈ ਰਹੀਆਂ ਪੰਜਾਬ ਦੇ ਗਦਾਰਾਂ ਨੂੰ ਲਾਹਨਤਾਂ : ਮਾ. ਜਗਸੀਰ ਸਿੰਘ ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ ਮੰਡੀ : ਸਥਾਨਕ ਡਾ. ਮਹਿੰਦਰ ਸਿੰਘ ਚੌਂਕ ਵਿਚ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਅਗਵਾਈ ਵਿਚ ਆਪ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਗਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਗਸੀਰ ਸਿੰਘ ਨੇ ਰਾਘਵ ਚੱਢਾ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਦੇ ਵੀ ਦੇਸ਼ ਦੀ ਸੰਸਦ ਵਿਚ ਪੰਜਾਬ ਦੇ ਅਹਿਮ ਮਸਲੇ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਚੁੱਕੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਨਾ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਚੁੱਕਿਆ ਗਿਆ ਤੇ ਨਾ ਹੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕੇਂਦਰ ਸਰਕਾਰ ਕੋਲ ਮੰਗ ਕੀਤੀ ਗਈ।। ਉਨ੍ਹਾਂ ਕਿਹਾ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਜੇਲ੍ਹ ਵਿਚ ਸਨ ਤਾਂ ਰਾਘਵ ਚੱਢਾ ਨੇ ਪੰਜਾਬ ਵਿਚ ਸਰਕਾਰ ਤੋੜਨ ਦੀਆਂ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰਾਘਵ ਚੱਢਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਹਟਾ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਵੱਲੋਂ ਕੇਜਰੀਵਾਲ ਅਤੇ ਸਿਸੋਦੀਆ ਦੀ ਗ੍ਰਿਫ਼ਤਾਰੀ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਭੂਮਿਕਾ ’ਤੇ ਸਵਾਲ ਖੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਲੋਕ ਕਦੇ ਮਾਫ਼ ਨਹੀਂ ਕਰਨਗੇ। ਇਸ ਪ੍ਰਦਰਸ਼ਨ ਵਿਚ ਮਾਰਕੀਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਬਲਕਾਰ ਭੋਖੜਾ, ਗੁਰਜੰਟ ਸਿੰਘ (ਵਾਈਸ ਚੇਅਰਮੈਨ, ਐਸ.ਸੀ ਕਾਰਪੋਰੇਸ਼ਨ ਪੰਜਾਬ), ਵਕੀਲ ਗੁਰਪ੍ਰੀਤ ਸਿੰਘ ਸਿੱਧੂ (ਜ਼ੋਨ ਇੰਚਾਰਜ ਲੀਗਲ ਸੈੱਲ), ਸੰਦੀਪ ਦੁੱਗਲ (ਬਲਾਕ ਪ੍ਰਧਾਨ), ਰਜਨੀਸ਼ ਰਾਜੂ (ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ), ਜਸਕਰਨ ਅਕਲੀਆ, ਅਮਨ ਜਿੰਦਲ, ਸੰਦੀਪ ਕੁਮਾਰ, ਇੰਦਰਜੀਤ ਸਿੰਘ, ਬਲਰਾਜ ਸਿੰਘ, ਜੋਗਿੰਦਰ ਨਥਾਣਾ, ਕੁਲਦੀਪ ਸਿਵੀਆਂ, ਬੰਟੀ ਸਰਪੰਚ ਬਰਕੰਦੀ, ਸਵਰਨ ਸਰਪੰਚ ਖਿਆਲੀਵਾਲਾ ਅਤੇ ਹੋਰ ਵਰਕਰ ਮੌਜੂਦ ਸਨ। ਇੱਥੇ ਜ਼ਿਕਰਯੋਗ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਗੋਨਿਆਣਾ ਸ਼ਹਿਰ ਦੇ ਵਰਕਰ ਬਹੁਤ ਹੀ ਘੱਟ ਗਿਣਤੀ ਵਿਚ ਹਾਜ਼ਰ ਰਹੇ। ਲੋਕਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਗੋਨਿਆਣਾ ਸ਼ਹਿਰ ਵਿਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ, ਪਰ ਬਾਅਦ ਵਿਚ ਹੋਈਆਂ ਐਮਪੀ ਚੋਣਾਂ ਵਿਚ ਪਾਰਟੀ ਚੌਥੇ ਨੰਬਰ ’ਤੇ ਰਹੀ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 2027 ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਕਮਜ਼ੋਰ ਰਹਿ ਸਕਦਾ ਹੈ।