ਸਾਬਕਾ ਕੌਂਸਲਰ ’ਤੇ ਦਾਅ ਖੇਡ ਕੇ ‘ਆਪ’ ਨੇ ਛੇੜੀ ਸੱਤਾ ਦੀ ਲੜਾਈ, ਮਨਪੀਤ ਬਾਦਲ ਦੇ ਸਮਰਥਕਾਂ ਨੂੰ ਵੀ ਮਿਲੀਆਂ ਟਿਕਟਾਂ

-ਮਨਪ੍ਰੀਤ ਬਾਦਲ ਦੀ ਕਾਰਗਜ਼ਾਰੀ ’ਤੇ ਉੱਠ ਰਹੇ ਸਵਾਲ, ਟਿਕਟ ਵੰਡ ਤੋਂ ਬਾਅਦ ਉੱਭਰੇ ਨਵੇਂ ਸਮੀਕਰਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਿਗਮ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ‘ਆਪ’ ਵੱਲੋਂ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਪਾਰਟੀ ਨੇ ਆਪਣੀ ਸੂਚੀ ਵਿੱਚ ਸਾਬਕਾ ਮੇਅਰ ਪਦਮਜੀਤ ਮਹਿਤਾ ਸਮੇਤ ਕਰੀਬ 20 ਸਾਬਕਾ ਕੌਂਸਲਰਾਂ ’ਤੇ ਦਾਅ ਖੇਡਿਆ ਹੈ। ਇਸ ਸੂਚੀ ਦੇ ਜਾਰੀ ਹੋਣ ਨਾਲ ਸ਼ਹਿਰ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਭਾਜਪਾ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਮਾਇਤੀ ਰਹੇ ਕੌਂਸਲਰ ਆਪ ਦੀਆਂ ਟਿਕਟਾਂ ਲੈਣ ਵਿਚ ਕਾਮਯਾਬ ਰਹੇ ਹਨ ਪਰ ਇਸ ਨਾਲ ਮਨਪ੍ਰੀਤ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ‘ਆਪ’ ਨੇ ਇਸ ਵਾਰ ਚੋਣ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਤਜਰਬੇਕਾਰ ਚਿਹਰਿਆਂ ’ਤੇ ਵੱਧ ਭਰੋਸਾ ਜਤਾਇਆ ਹੈ। ਕਰੀਬ 50 ਉਮੀਦਵਾਰਾਂ ਦੀ ਸੂਚੀ ਵਿੱਚ ਲਗਭਗ 20 ਸਾਬਕਾ ਕੌਂਸਲਰਾਂ ਨੂੰ ਦੁਬਾਰਾ ਮੌਕਾ ਦੇ ਕੇ ਪਾਰਟੀ ਨੇ ਸਾਫ ਸੰਕੇਤ ਦਿੱਤੇ ਹਨ ਕਿ ਉਸਦਾ ਮੁੱਖ ਧਿਆਨ ਕਿਸੇ ਵੀ ਕੀਮਤ ’ਤੇ ਨਿਗਮ ਦੀ ਸੱਤਾ ਹਾਸਲ ਕਰਨ ’ਤੇ ਹੈ। ਹਾਲਾਂਕਿ ਟਿਕਟ ਵੰਡ ਦੇ ਨਾਲ ਹੀ ਪਾਰਟੀ ਅੰਦਰ ਗੁੱਟਬਾਜ਼ੀ ਅਤੇ ਨਾਰਾਜ਼ਗੀ ਵੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਖ਼ਾਸ ਕਰਕੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਹਮਾਇਤੀਆਂ ਨੂੰ ਉਮੀਦ ਮੁਤਾਬਕ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਦੇ ਗੁੱਟ ਵਿੱਚ ਨਾਰਾਜ਼ਗੀ ਦੇ ਸੁਰ ਸੁਣਾਈ ਦੇ ਰਹੇ ਹਨ। ਦੂਜੇ ਪਾਸੇ ਹੋਰ ਗੁੱਟਾਂ ਨਾਲ ਜੁੜੇ ਨੇਤਾਵਾਂ ਅਤੇ ਹਾਲ ਹੀ ’ਚ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਕੌਂਸਲਰਾਂ ਨੂੰ ਟਿਕਟ ਮਿਲਣ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਕ੍ਰਿਕਟ ਐੋਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਪਾਰਟੀ ਨੇ ਸਰਵੇ ਕਰਵਾ ਕੇ ਟਿਕਟਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਅੰਦਰ ਆਪ ਇਕਜੱਟ ਹੈ ਅਤੇ ਆਪਣਾ ਮੇਅਰ ਬਣਾਏਗੀ।
-ਬਾਕਸ-
-“ਵਿਨਿੰਗ ਫੇਸ” ਫਾਰਮੂਲੇ ’ਤੇ ਕੀਤਾ ਕੰਮ
ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਆਪਣੀ ਰਣਨੀਤੀ ਤਿਆਰ ਕਰ ਰਹੀ ਸੀ। ਪਾਰਟੀ ਆਗੂਆਂ ਨੂੰ ਇਹ ਅਹਿਸਾਸ ਹੈ ਕਿ ਨਗਰ ਨਿਗਮ ਦੀ ਸੱਤਾ ਹਾਸਲ ਕਰਨ ਲਈ ਕੇਵਲ ਸੰਗਠਨ ਨਹੀਂ, ਸਗੋਂ ਸਥਾਨਕ ਪੱਧਰ ’ਤੇ ਮਜ਼ਬੂਤ ਪਕੜ ਵਾਲੇ ਚਿਹਰੇ ਵੀ ਲਾਜ਼ਮੀ ਹਨ। ਇਸੇ ਰਣਨੀਤੀ ਤਹਿਤ ਪਾਰਟੀ ਨੇ ਕਈ ਅਜਿਹੇ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਹੈ ਜੋ ਪਹਿਲਾਂ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਤੋਂ ਕੌਂਸਲਰ ਰਹਿ ਚੁੱਕੇ ਹਨ ਅਤੇ ਬਾਅਦ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਪਾਰਟੀ ਨੇ ਇਸ ਵਾਰ “ਵਿਨਿੰਗ ਫੇਸ” ਫਾਰਮੂਲੇ ’ਤੇ ਕੰਮ ਕਰਦਿਆਂ ਉਨ੍ਹਾਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ ਜਿਨ੍ਹਾਂ ਦਾ ਆਪਣੇ ਵਾਰਡਾਂ ਵਿੱਚ ਨਿੱਜੀ ਵੋਟ ਬੈਂਕ ਮਜ਼ਬੂਤ ਹੈ।
-ਬਾਕਸ-
-ਗਿੱਲ ਗੁੱਟ ਦੀ ਅਣਦੇਖੀ ਚਰਚਾ ਦਾ ਵਿਸ਼ਾ
ਟਿਕਟ ਵੰਡ ਤੋਂ ਬਾਅਦ ਸਭ ਤੋਂ ਵੱਧ ਚਰਚਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਗੁੱਟ ਨੂੰ ਲੈ ਕੇ ਹੋ ਰਹੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਗਿੱਲ ਸਮਰਥਕ ਕਈ ਦਾਅਵੇਦਾਰ ਟਿਕਟ ਦੀ ਮਜ਼ਬੂਤ ਉਮੀਦ ਲਗਾਏ ਬੈਠੇ ਸਨ, ਪਰ ਸੂਚੀ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਗਾਇਬ ਮਿਲੇ। ਇਸ ਨਾਲ ਗਿੱਲ ਸਮਰਥਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਕਈ ਵਾਰਡਾਂ ਵਿੱਚ ਉਨ੍ਹਾਂ ਚਿਹਰਿਆਂ ਨੂੰ ਟਿਕਟ ਮਿਲੀ ਜੋ ਹਾਲ ਹੀ ਵਿੱਚ ਦੂਜੀਆਂ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਦਫ਼ਤਰਾਂ ਅਤੇ ਵਾਰਡਾਂ ਵਿੱਚ ਦੋ ਵੱਖ-ਵੱਖ ਤਸਵੀਰਾਂ ਦੇਖਣ ਨੂੰ ਮਿਲੀਆਂ। ਟਿਕਟ ਹਾਸਲ ਕਰਨ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਿਠਾਈਆਂ ਵੰਡ ਕੇ ਜਸ਼ਨ ਮਨਾਇਆ, ਜਦਕਿ ਟਿਕਟ ਤੋਂ ਵੰਚਿਤ ਰਹੇ ਆਗੂਆਂ ਦੇ ਖੇਮਿਆਂ ਵਿੱਚ ਖਾਮੋਸ਼ੀ ਅਤੇ ਨਾਰਾਜ਼ਗੀ ਸਾਫ ਨਜ਼ਰ ਆਈ।
-ਬਾਕਸ-
-ਸਾਬਕਾ ਪਾਰਸ਼ਦਾਂ ’ਤੇ ਭਰੋਸਾ ਕਿਉਂ?
‘ਆਪ’ ਦੀ ਰਣਨੀਤੀ ਤੋਂ ਸਪਸ਼ਟ ਹੈ ਕਿ ਪਾਰਟੀ ਇਸ ਚੋਣ ਵਿੱਚ ਕੋਈ ਜੋਖ਼ਮ ਲੈਣ ਦੇ ਮੂਡ ਵਿੱਚ ਨਹੀਂ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਨਗਰ ਨਿਗਮ ਚੋਣਾਂ ਪੂਰੀ ਤਰ੍ਹਾਂ ਸਥਾਨਕ ਸਮੀਕਰਨਾਂ ਅਤੇ ਨਿੱਜੀ ਸੰਪਰਕਾਂ ’ਤੇ ਆਧਾਰਿਤ ਹੁੰਦੀਆਂ ਹਨ। ਇਸੇ ਸੋਚ ਤਹਿਤ ਪਾਰਟੀ ਨੇ ਕਰੀਬ 20 ਸਾਬਕਾ ਕੌਂਸਲਰਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚ ਕਈ ਅਜਿਹੇ ਚਿਹਰੇ ਵੀ ਸ਼ਾਮਲ ਹਨ ਜੋ ਪਿਛਲੀ ਵਾਰ ਹੋਰ ਪਾਰਟੀਆਂ ਦੇ ਟਿਕਟ ’ਤੇ ਚੋਣ ਜਿੱਤ ਚੁੱਕੇ ਹਨ। ਪਾਰਟੀ ਨੂੰ ਉਮੀਦ ਹੈ ਕਿ ਇਹ ਉਮੀਦਵਾਰ ਆਪਣੇ ਤਜਰਬੇ ਤੇ ਸਥਾਨਕ ਪਕੜ ਦੇ ਆਧਾਰ ’ਤੇ ‘ਆਪ’ ਨੂੰ ਨਿਗਮ ਦੀ ਸੱਤਾ ਤਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ।
-ਬਾਕਸ-
-ਬਾਗ਼ੀ ਤੇਵਰ ਵਧਾ ਸਕਦੇ ਨੇ ਮੁਸ਼ਕਲਾਂ
ਟਿਕਟ ਵੰਡ ਤੋਂ ਬਾਅਦ ਕਈ ਆਗੂਆਂ ਦੇ ਬਾਗੀ ਤੇਵਰ ਆਪ ਦੀ ਮੁਸ਼ਕਿਲ ਵਧਾ ਸਕਦੇ ਹਨ। ਸੂਤਰਾਂ ਅਨੁਸਾਰ ਕਈ ਦਾਅਵੇਦਾਰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਈ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਪ੍ਰਭਾਵਿਤ ਹੋ ਸਕਦਾ ਹੈ। ਨਿਗਮ ਚੋਣਾਂ ਵਿੱਚ ਬਾਗ਼ੀ ਉਮੀਦਵਾਰ ਅਕਸਰ ਜਿੱਤ-ਹਾਰ ਦੇ ਸਮੀਕਰਨ ਬਦਲ ਦਿੰਦੇ ਹਨ। ਇਸ ਸਥਿਤੀ ਨੂੰ ਦੇਖਦਿਆਂ ਪਾਰਟੀ ਆਗੂ ਹੁਣ ਨਾਰਾਜ਼ ਆਗੂਆਂ ਨੂੰ ਮਨਾਉਣ ਵਿੱਚ ਜੁਟ ਗਏ ਹਨ। ਟਿਕਟ ਤੋਂ ਵਾਂਝੇ ਰਹੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਹੱਕ ਵਿੱਚ ਕੰਮ ਕਰਨ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।