ਆਦਰਸ਼ ਅਧਿਆਪਕ ਤਿਆਰ ਕਰਨਾ ਮੁੱਖ ਉਦੇਸ਼ : ਐੱਸਐੱਸ ਚੱਠਾ
ਫਤਿਹ ਗਰੁੱਪ ਦੇ 119 ਵਿਦਿਆਰਥੀਆ ਨੇ ਪੰਜਾਬ ਅਧਿਆਪਕ ਯੋਗਤਾ ਟੈਸਟ 2026 ਕੀਤਾ ਪਾਸ
Publish Date: Tue, 12 May 2026 05:25 PM (IST)
Updated Date: Wed, 13 May 2026 04:03 AM (IST)

-ਫਤਿਹ ਗਰੁੱਪ ਦੇ 119 ਵਿਦਿਆਰਥੀਆ ਨੇ ਪੰਜਾਬ ਅਧਿਆਪਕ ਯੋਗਤਾ ਟੈਸਟ 2026 ਕੀਤਾ ਪਾਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਫਤਿਹ ਗਰੁੱਪ ਦੇ ਐਜੂਕੇਸ਼ਨ ਵਿਭਾਗ ਨੇ ਇਕ ਵਾਰ ਫਿਰ ਆਪਣੀ ਅਕਾਦਮਿਕ ਕੁਸ਼ਲਤਾ ਦਿੰਦਿਆਂ ਪੰਜਾਬ ਅਧਿਆਪਕ ਯੋਗਤਾ ਟੈਸਟ (ਪੀਐੱਸਟੀਈਟੀ)-2026 ਵਿਚ ਸ਼ਾਨਦਾਰ ਤੇ ਯਾਦਗਾਰ ਨਤੀਜਾ ਦਰਜ ਕੀਤਾ ਹੈ। ਇਸ ਮਹੱਤਵਪੂਰਨ ਪ੍ਰੀਖਿਆ ’ਚ ਫਤਿਹ ਕਾਲਜ ਰਾਮਪੁਰਾ ਫੂਲ ਦੇ ਕੁੱਲ 119 ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਸੂਬੇ ਭਰ ਵਿਚ ਰੌਸ਼ਨ ਕੀਤਾ ਹੈ। ਪ੍ਰਾਪਤ ਨਤੀਜਿਆਂ ਅਨੁਸਾਰ ਪੀਐੱਸਟੀਈਟੀ-ਪਹਿਲਾ ਵਿੱਚ ਈਟੀਟੀ ਦੇ 51 ਵਿਦਿਆਰਥੀਆਂ ਤੇ ਪੀਐੱਸਟੀਈਟੀ-ਦੂਜਾ ’ਚ ਬੀਐੱਡ ਦੇ 68 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਹ ਉਪਲੱਬਧੀ ਵਿਦਿਆਰਥੀਆਂ ਦੀ ਅਟੱਲ ਮਿਹਨਤ, ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਅਤੇ ਸੰਸਥਾ ਦੀ ਗੁਣਵੱਤਾ-ਪੂਰਣ ਸਿੱਖਿਆ ਪ੍ਰਣਾਲੀ ਦਾ ਜੀਵੰਤ ਪ੍ਰਮਾਣ ਹੈ। ਇਸ ਵਿਸ਼ੇਸ਼ ਸਫਲਤਾ ਦੇ ਪਿੱਛੇ ਸਹਾਇਕ ਪ੍ਰੋਫੈਸਰ ਸੰਦੀਪ ਕੌਰ, ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਜੌਨੀ ਰਾਣੀ, ਸਹਾਇਕ ਪ੍ਰੋਫੈਸਰ ਪੂਜਾ ਰਾਣੀ, ਸਹਾਇਕ ਪ੍ਰੋਫੈਸਰ ਮੁਕੇਸ਼, ਸਹਾਇਕ ਪ੍ਰੋਫੈਸਰ ਸੁਖਵੀਰ ਕੌਰ ਤੇ ਸਹਾਇਕ ਪ੍ਰੋਫੈਸਰ ਰੀਵਾ ਜੈਨ ਦੀ ਅਣਥੱਕ ਮਿਹਨਤ ਤੇ ਸਮਰਪਣ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਅਧਿਆਪਕਾਂ ਨੇ ਯੋਜਨਾਬੱਧ ਤਿਆਰੀ, ਨਿਯਮਿਤ ਅਭਿਆਸ ਪ੍ਰੀਖਿਆਵਾਂ ਤੇ ਵਿਅਕਤੀਗਤ ਮਾਰਗਦਰਸ਼ਨ ਰਾਹੀਂ ਵਿਦਿਆਰਥੀਆਂ ਨੂੰ ਇਹ ਸ਼ਾਨਦਾਰ ਸਫਲਤਾ ਹਾਸਲ ਕਰਨ ਲਈ ਤਿਆਰ ਕੀਤਾ। ਫਤਿਹ ਗਰੁੱਪ ਦੇ ਚੇਅਰਮੈਨ ਐਸਐਸ ਚੱਠਾ ਨੇ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ “ਸਾਡਾ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਯੋਗ, ਸੰਵੇਦਨਸ਼ੀਲ ਅਤੇ ਆਦਰਸ਼ ਅਧਿਆਪਕ ਤਿਆਰ ਕਰਨਾ ਹੈ ਜੋ ਭਵਿੱਖ ਦੀ ਪੀੜ੍ਹੀ ਨੂੰ ਸਹੀ ਦਿਸ਼ਾ ਦੇ ਸਕਣ। ਪੀਐੱਸਟੀਈਟੀ-2025 ਦਾ ਇਹ ਨਤੀਜਾ ਸਾਡੀ ਅਕਾਦਮਿਕ ਨਿਸ਼ਠਾ, ਅਧਿਆਪਕਾਂ ਦੀ ਮਿਹਨਤ ਤੇ ਵਿਦਿਆਰਥੀਆਂ ਦੇ ਜਜ਼ਬੇ ਦਾ ਸ਼ਾਨਦਾਰ ਪ੍ਰਤੀਕ ਹੈ।” ਐੱਮਡੀ ਮਨਜੀਤ ਕੌਰ ਚੱਠਾ, ਪ੍ਰਿੰਸੀਪਲ ਬਘੈਲ ਸਿੰਘ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਨੇ ਆਪਣੇ ਸਾਂਝੇ ਬਿਆਨ ’ਚ ਕਿਹਾ ਕਿ ਐਜੂਕੇਸ਼ਨ ਵਿਭਾਗ ’ਚ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਵਸਥਿਤ ਅਤੇ ਵਿਗਿਆਨਕ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਹੈ। ਅਧੁਨਿਕ ਅਧਿਆਪਨ ਪੱਧਤੀਆਂ, ਨਿਰੰਤਰ ਮੁੱਲਾਂਕਣ, ਅਭਿਆਸ ਪ੍ਰੀਖਿਆਵਾਂ ਅਤੇ ਵਿਅਕਤੀਗਤ ਸਲਾਹ-ਮਸ਼ਵਰੇ ਰਾਹੀਂ ਵਿਦਿਆਰਥੀਆਂ ਨੂੰ ਸਫਲਤਾ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਫਤਿਹ ਗਰੁੱਪ ਦਾ ਮੁੱਖ ਧਿਆਨ ਅਜਿਹੇ ਅਧਿਆਪਕ ਤਿਆਰ ਕਰਨ ’ਤੇ ਹੈ ਜੋ ਗਿਆਨ ਦੇ ਨਾਲ-ਨਾਲ ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਵੀ ਭਰਪੂਰ ਹੋਣ। ਸੰਸਥਾ ਦੇ ਸਮੂਹ ਅਧਿਆਪਕ ਵਰਗ ਤੇ ਪ੍ਰਬੰਧਕਾਂ ਨੇ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਨੌਜਵਾਨ ਭਵਿੱਖ ਵਿੱਚ ਸਮਰਪਿਤ ਅਧਿਆਪਕ ਵਜੋਂ ਸਿੱਖਿਆ ਜਗਤ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ ਤੇ ਸਮਾਜ ਨਿਰਮਾਣ ’ਚ ਆਪਣੀ ਵਿਲੱਖਣ ਭੂਮਿਕਾ ਨਿਭਾਉਣਗੇ।