9 ਲੱਖ ਮੀਟਰਕ ਟਨ ਕਣਕ ਖਰੀਦ ਦਾ ਟੀਚਾ, 5 ਲੱਖ ਮੀਟਰਕ ਟਨ ਸਟੋਰੇਜ ਦੀ ਸਮਰੱਥਾ, ਕਣਕ ਸਟੋਰੇਜ ਬਣ ਸਕਦੀ ਹੈ ਚੁਣੌਤੀ

-5 ਲੱਖ ਮੀਟ੍ਰਿਕ ਟਨ ਸਟੋਰੇਜ ਦੀ ਸਮਰੱਥਾ, ਕਣਕ ਸਟੋਰੇਜ ਬਣ ਸਕਦੀ ਹੈ ਚੁਣੌਤੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਅੰਦਰ ਇਸ ਵਾਰ 9 ਲੱਖ ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਿਰਫ 5 ਲੱਖ ਮੀਟਰਕ ਟਨ ਕਣਕ ਨੂੰ ਸਟੋਰੇਜ ਕਰਨ ਦਾ ਪ੍ਰਬੰਧ ਹੈ। ਸਟੋਰੇਜ ਦੀ ਸਮੱਸਿਆ ਹੋਣ ਕਾਰਨ ਇਹ ਪ੍ਰਸ਼ਾਸਨ ਲਈ ਚੁਣੌਤੀ ਬਣ ਸਕਦੀ ਹੈ। ਅਜੇ ਤਕ ਗੁਦਾਮਾਂ ਵਿੱਚੋਂ ਚੌਲਾਂ ਦੀ ਚੁੱਕਾਈ ਨਹੀਂ ਹੋ ਸਕੀ, ਜਿਸ ਕਾਰਨ ਪੂਰੇ ਸੂਬੇ ਅੰਦਰ ਕਣਕ ਸਟੋਰੇਜ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਲਗਾਤਾਰ ਚੌਲਾਂ ਦੀ ਚੁੱਕਾਈ ਹੋ ਰਹੀ ਹੈ ਤੇ ਸਪੈਸ਼ਲਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਲਦੀ ਹੀ ਗੁਦਾਮ ਖਾਲੀ ਹੋ ਜਾਣਗੇ ਅਤੇ ਕਣਕ ਨੂੰ ਸਟੋਰੇਜ ਕਰਨ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ ਦੂਜੇ ਪਾਸੇ ਕਣਕ ਦੀ ਆਮਦ ਮੰਡੀਆਂ ਵਿੱਚ ਤੇਜ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਕਣਕ ਵਿਕਣ ਲਈ ਦਾਣਾ ਵੰਡੀਆਂ ਵਿੱਚ ਪੁੱਜ ਜਾਵੇਗੀ। ਵਿਭਾਗ ਅਨੁਸਾਰ ਇਸ ਵਾਰ 9 ਲੱਖ ਮੀਟਰ ਕਣਕ ਖਰੀਦੀ ਜਾਵੇਗੀ, ਜਦੋਂ ਕਿ ਉਸਦੀ ਸਟੋਰੇਜ ਲਈ ਵਿਭਾਗ ਕੋਲ ਸਿਰਫ 5 ਲੱਖ ਮੀਟਰਕ ਟਨ ਦਾ ਹੀ ਪ੍ਰਬੰਧ ਹੈ। ਅੰਕੜਿਆਂ ਅਨੁਸਾਰ 33 ਹਜ਼ਾਰ ਮੀਟਰਕ ਟਨ ਕਣਕ ਢੱਕੇ ਸਟੋਰਾਂ ਵਿੱਚ ਸਟੋਰੇਜ ਕਰਨ ਦਾ ਪ੍ਰਬੰਧ ਹੈ, ਜਦੋਂ ਕਿ ਅਨਕਵਰਡ ਸਟੋਰਾਂ ਵਿੱਚ ਕਰੀਬ ਸਵਾ ਚਾਰ ਲੱਖ ਮੀਟਰਕ ਟਨ ਕਣਕ ਸਟੋਰੇਜ ਕਰਨ ਦੀ ਸਮਰੱਥਾ ਹੈ। ਇਸ ਤਰ੍ਹਾਂ ਹੀ 50 ਹਜ਼ਾਰ ਮੀਟ੍ਰਿਕ ਟਨ ਕਣਕ ਐਫਸੀਆਈ ਦੇ ਗੁਦਾਮ ਵਿੱਚ ਸਟੋਰ ਕੀਤੀ ਜਾਵੇਗੀ। ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਰੀਬ 5 ਲੱਖ ਮੀਟਰਕ ਟਨ ਕਣਕ ਨੂੰ ਸਟੋਰੇਜ ਕਰਨ ਦਾ ਪ੍ਰਬੰਧ ਹੈ। ਵਿਭਾਗ ਅਨੁਸਾਰ ਬਾਕੀ ਬਚਦੀ ਕਰੀਬ 4 ਲੱਖ ਮੀਟਰਕ ਟਨ ਕਣਕ ਦੀ ਫ਼ਸਲ ਨੂੰ ਸਟੋਰੇਜ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਕਣਕ ਸੈਲਰਾਂ ਵਿੱਚ ਸਟੋਰ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਬਾਕੀ ਰਹਿੰਦੀ ਕਣਕ ਨੂੰ ਬਾਹਰ ਹੀ ਖੁੱਲ੍ਹੇ ਸਟੋਰ ਕਰਨਾ ਪਵੇਾਗਾ। ਮੌਜੂਦਾ ਸਮੇਂ ਦਾਣਾ ਮੰਡੀਆਂ ਵਿੱਚ 41 ਹਜ਼ਾਰ 909 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 20 ਹਜ਼ਾਰ 128 ਮੀਟਰਕ ਟਣ ਕਣਕ ਦੀ ਖਰੀਦ ਹੋ ਚੁੱਕੀ ਹੈ। ਅਗਲੇ ਦਿਨਾਂ ਵਿੱਚ ਕਣਕ ਦੀ ਆਮਦ ਹੋਰ ਤੇਜ਼ ਹੋ ਜਾਵੇਗੀ।
-ਬਾਕਸ-
-ਲਿਫਟਿੰਗ ਨਾਂ ਮਾਤਰ ਹੋਈ
ਜ਼ਿਲ੍ਹੇ ਅੰਦਰ ਭਾਵੇਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ, ਪਰ ਲਿਫਟਿੰਗ ਅਜੇ ਤਕ ਸ਼ੁਰੂ ਨਹੀਂ ਹੋਈ। ਜੇਕਰ ਮੰਡੀ ਬੋਰਡ ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਲ੍ਹੇ ਅੰਦਰ ਅਜੇ ਤਕ ਸਿਰਫ 155 ਮੀਟਰ ਟਨ ਕਣਕ ਦੀ ਹੀ ਚੁਕਾਈ ਹੋਈ ਹੈ, ਜਦੋਂ ਕਿ ਮੰਡੀਆਂ ਵਿੱਚ ਖਰੀਦ ਕੀਤੀ ਗਈ 20 ਹਜ਼ਾਰ 128 ਮੀਟਰ ਟਨ ਕਣਕ ਵਿੱਚੋਂ 19 ਹਜਾਰ 973 ਮੀਟਰਿਕ ਟਨ ਕਣਕ ਦੀ ਚੁਕਾਈ ਨਹੀਂ ਹੋਈ। ਪਿਛਲੇ ਸਾਲ ਵੀ ਦਾਣਾ ਮੰਡੀਆਂ ਵਿੱਚੋਂ ਵਿਕੀ ਹੋਈ ਕਣਕ ਦੀ ਚੁੱਕਾਈ ਨਾ ਹੋਣ ਕਾਰਨ ਦਾਣਾ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਸਨ।
-ਬਾਕਸ-
ਇਸ ਵਾਰ ਵੱਖ-ਵੱਖ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਦਾ ਟੀਚਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ। ਇਸ ਤਹਿਤ ਪਨਗਰੇਨ ਵੱਲੋਂ ਸਭ ਤੋਂ ਵੱਧ 3 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਣੀ ਹੈ, ਜਦੋਂ ਕਿ ਮਾਰਕਫੈਡ ਵੱਲੋਂ ਸਵਾ ਦੋ ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਣੀ ਹੈ। ਇਸ ਤਰ੍ਹਾਂ ਪਨਸਪ ਖਰੀਦ ਏਜੰਸੀ ਵੱਲੋਂ 2 ਲੱਖ ਮੀਟਰਕ ਟਨ ਕਣਕ ਖਰੀਦ ਕੀਤੀ ਜਾਣੀ ਹੈ। ਵੇਅਰ ਹਾਊਸ ਵੱਲੋਂ 1 ਲੱਖ 35 ਹਜ਼ਾਰ ਮੀਟ੍ਰਿਕ ਟਨ, ਜਦੋਂ ਕਿ ਐਫਸੀਆਈ ਵੱਲੋਂ 40 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਣੀ ਹੈ। ਜ਼ਿਲ੍ਹਾ ਮੰਡੀ ਅਫਸਰ ਗੌਰਵ ਗਰਗ ਦਾ ਕਹਿਣਾ ਸੀ ਕਿ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਜਲਦ ਹੀ ਖਰੀਦੀ ਕਣਕ ਦੀ ਚੁੱਕਾਈ ਵੀ ਸ਼ੁਰੂ ਹੋ ਜਾਵੇਗੀ।