86 ਸਾਲਾ ਮਾਂ ਨੂੰ ਘਰੋਂ ਕੱਢਣ ’ਤੇ ਪੁੱਤਰ-ਨੂੰਹ ਖ਼ਿਲਾਫ਼ ਪਰਚਾ
ਜ਼ਮੀਨ ਨਾਮ ਕਰਵਾ ਕੇ 86 ਸਾਲਾ ਮਾਂ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ
Publish Date: Sat, 25 Apr 2026 05:02 PM (IST)
Updated Date: Sun, 26 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਅਜੋਕੇ ਸਮੇਂ ਪੈਸੇ ਤੇ ਜ਼ਮੀਨ ਦੇ ਲਾਲਚ ਨੇ ਮਨੁੱਖੀ ਰਿਸ਼ਤਿਆਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਅਜਿਹਾ ਹੀ ਇਕ ਦੁਖਦਾਈ ਮਾਮਲਾ ਪਿੰਡ ਜੀਦਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤ ਅਤੇ ਨੂੰਹ ਨੇ ਆਪਣੀ 86 ਸਾਲਾ ਬਜ਼ੁਰਗ ਮਾਂ ਨੂੰ ਜ਼ਮੀਨ ਨਾਮ ਕਰਵਾਉਣ ਤੋਂ ਬਾਅਦ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਬੇਵੱਸ ਮਾਂ ਹੁਣ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਬਾਰੇ ਉਕਤ ਬਜ਼ੁਰਗ ਔਰਤ ਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਥਾਣਾ ਨੇਹੀਆਂਵਾਲਾ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਮੁਖਤਿਆਰ ਕੌਰ (86) ਵਾਸੀ ਜੀਦਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਡੇਢ ਏਕੜ ਜ਼ਮੀਨ ਉਸਦੇ ਨਾਮ ਸੀ। ਉਸਨੇ ਆਪਣੀ ਦੇਖਭਾਲ ਦੀ ਉਮੀਦ ਵਿੱਚ ਇਹ ਜ਼ਮੀਨ ਆਪਣੇ ਪੁੱਤ ਸਿਕੰਦਰ ਸਿੰਘ ਦੇ ਨਾਮ ਕਰਵਾ ਦਿੱਤੀ। ਪਰ ਜਿਉਂ ਹੀ ਜ਼ਮੀਨ ਨਾਮ ਹੋਈ, ਸਿਕੰਦਰ ਸਿੰਘ ਤੇ ਉਸਦੀ ਪਤਨੀ ਸੁਖਦੀਪ ਕੌਰ ਨੇ ਮਾਤਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਾਤਾ ਦਾ ਦੋਸ਼ ਹੈ ਕਿ ਹੁਣ ਉਸਨੂੰ ਨਾ ਤਾਂ ਘਰ ਵੜਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਜ਼ਮੀਨ ਦਾ ਠੇਕਾ ਦਿੱਤਾ ਜਾ ਰਿਹਾ ਹੈ। ਪੁਲਿਸ ਨੇ ਬਜ਼ੁਰਗ ਔਰਤ ਦੀ ਸ਼ਿਕਾਇਤ ’ਤੇ ਪੁੱਤਰ ਅਤੇ ਨੂੰਹ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਗੁਰਦੀਪ ਸਿੰਘ ਅਨੁਸਾਰ, ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।