819 ਮੈਰੀਟੋਰੀਅਸ ਵਿਦਿਆਰਥੀ “ਐਫਜੀਆਈ.ਅਕਾਦਮਿਕ ਐਕਸੀਲੈਂਸ ਐਵਾਰਡ” ਨਾਲ ਸਨਮਾਨਿਤ

-102 ਅਧਿਆਪਕਾਂ ਨੂੰ ‘ਸੂਰਜ ਸਮਾਜ ਐਵਾਰਡ’ ਨਾਲ ਕੀਤਾ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਇਲਾਕੇ ਵਿੱਚ ਗੁਣਵੱਤਾ ਭਰਪੂਰ ਸਿੱਖਿਆ, ਸਭਿਆਚਾਰ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣ ਲਈ ਪ੍ਰਸਿੱਧ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵੱਲੋਂ “ਐਫਜੀਆਈ. ਅਕਾਦਮਿਕ ਐਕਸੀਲੈਂਸ ਐਵਾਰਡ–2026” ਸਮਾਰੋਹ ਬੜੀ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਸਮੂਹ ਸਮਾਗਮ ਦੌਰਾਨ ਸਿੱਖਿਆ, ਸਨਮਾਨ ਅਤੇ ਉਪਲੱਬਧੀ ਦਾ ਵਿਲੱਖਣ ਮਾਹੌਲ ਦੇਖਣ ਨੂੰ ਮਿਲਿਆ।
ਸਮਾਗਮ ਦੌਰਾਨ 10ਵੀਂ ਤੇ 12ਵੀਂ ਜਮਾਤ ਵਿੱਚ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 819 ਮੈਰੀਟੋਰੀਅਸ ਵਿਦਿਆਰਥੀਆਂ ਨੂੰ “ਐੱਫਜੀਆਈ. ਅਕਾਦਮਿਕ ਐਕਸੀਲੈਂਸ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਮੰਚ ‘ਤੇ ਸਨਮਾਨ ਪ੍ਰਾਪਤ ਕਰਦੇ ਵਿਦਿਆਰਥੀਆਂ ਦੇ ਚਮਕਦੇ ਚਿਹਰੇ ਮਾਪਿਆਂ ਅਤੇ ਅਧਿਆਪਕਾਂ ਲਈ ਮਾਣ ਦਾ ਪ੍ਰਤੀਕ ਬਣੇ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੌੜ ਹਲਕੇ ਦੇ ਵਿਧਾਇਕ ਸਰਦਾਰ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਕੰਟਰੋਲਰ ਪ੍ਰੀਖਿਆਵਾਂ ਲਵਿਸ਼ ਚਾਵਲਾ (ਪੀਈਐਸ.-1) ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖਿਆ ਹੀ ਉਹ ਤਾਕਤ ਹੈ ਜੋ ਸਮਾਜ ਅਤੇ ਦੇਸ਼ ਦੀ ਤਸਵੀਰ ਬਦਲ ਸਕਦੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮਮਤਾ ਖੁਰਾਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ, ਜਦਕਿ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਚਮਕੌਰ ਸਿੰਘ ਨੇ ਵੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਦੇਸ਼ ਦਾ ਚਮਕਦਾ ਭਵਿੱਖ ਹਨ। ਇਸ ਦੌਰਾਨ ਅਧਿਆਪਕ ਯੋਗਤਾ ਟੈਸਟ-2026 ਪਾਸ ਕਰਨ ਵਾਲੀਆਂ ਫਤਿਹ ਕਾਲਜ ਦੀਆਂ 119 ਵਿਦਿਆਰਥਣਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਿੱਖਿਆ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ 102 ਅਧਿਆਪਕਾਂ ਨੂੰ “ਸੂਰਜ ਸਮਾਜ ਐਵਾਰਡ” ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਮਨ ਕੀਤਾ ਗਿਆ। ਫਤਿਹ ਗਰੁੱਪ ਦੇ ਚੇਅਰਮੈਨ ਐਸਐਸ ਚੱਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਥਾ ਦਾ ਮਕਸਦ ਕੇਵਲ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਉੱਚੇ ਨੈਤਿਕ ਮੁੱਲ, ਆਤਮ-ਵਿਸ਼ਵਾਸ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਹੀ ਸੰਸਥਾ ਦੀ ਅਸਲ ਪਛਾਣ ਅਤੇ ਸਭ ਤੋਂ ਵੱਡੀ ਪੂੰਜੀ ਹੈ।
ਇਸ ਮੌਕੇ ਐੱਮਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੈਲ ਸਿੰਘ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਵਰਿੰਦਰ ਕੌਰ, ਪ੍ਰੋ. ਸੋਨੀਆ, ਅਨੀਤਾ, ਅਨੀਕਾ, ਪ੍ਰੋ.ਕੁਲਦੀਪ ਸਿੰਘ, ਪ੍ਰੋ. ਸਮੀਰ ਕੁਮਾਰ, ਅਸੀਸ ਤਿਵਾੜੀ ਆਈਟੀ ਸੈਲ ਮੁਖੀ ਪ੍ਰੋ. ਸੋਨਵਿੰਦਰ ਸਿੰਘ, ਫੈਸ਼ਨ ਟੈਕਨਾਲੋਜੀ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨਵਨੀਤ ਸਮੇਤ ਸਮੂਹ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।