3 ਮਈ ਨੂੰ ਹੋਵੇਗੀ ਨੀਟ-ਯੂਜੀ 2026 ਪ੍ਰੀਖਿਆ, ਸਖ਼ਤ ਨਿਯਮਾਂ ਨਾਲ ਹੋਵੇਗਾ ਵਿਦਿਆਰਥੀਆਂ ਦਾ ਦਾਖਲਾ

-ਵਿਦਿਆਰਥੀਆਂ ਨੂੰ ਅੱਧੀ ਬਾਂਹ ਦੀ ਕਮੀਜ਼ ਪਾਉਣ ਦੀ ਦਿੱਤੀ ਸਲਾਹ, ਪ੍ਰੀਖਿਆ ਲਈ ਬਣੇ 7 ਕੇਂਦਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ :
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2026 ਲਈ ਪੇਪਰ 3 ਮਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤਕ ਲਿਆ ਜਾਵੇਗਾ। ਇਸ ਸਾਲ ਪ੍ਰੀਖਿਆ ਪੂਰੀ ਤਰ੍ਹਾਂ ਪੈਨ ਐਂਡ ਪੇਪਰ ਮੋਡ ਵਿੱਚ ਹੋਵੇਗੀ ਅਤੇ ਉਮੀਦਵਾਰਾਂ ਨੂੰ ਪੈਨ ਵੀ ਪ੍ਰੀਖਿਆ ਕੇਂਦਰ ’ਤੇ ਹੀ ਦਿੱਤਾ ਜਾਵੇਗਾ। ਪ੍ਰੀਖਿਆ ਕੇਂਦਰਾਂ ਵਿੱਚ ਦਾਖਲਾ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1:30 ਵਜੇ ਤਕ ਹੀ ਮਿਲੇਗਾ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਇਸ ਲਈ ਸਮੇਂ ਤੋਂ ਪਹਿਲਾਂ ਕੇਂਦਰ ‘ਤੇ ਪਹੁੰਚਣਾ ਬਹੁਤ ਜ਼ਰੂਰੀ ਹੈ।
ਇਸ ਵਾਰ ਲਗਭਗ 23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ, ਜਦਕਿ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਕਰੀਬ 2.30 ਲੱਖ ਸੀਟਾਂ ‘ਤੇ ਦਾਖਲਾ ਦਿੱਤਾ ਜਾਵੇਗਾ। ਇਨ੍ਹਾਂ ਵਿਚ ਐੱਮਬੀਬੀਐਸ, ਬੀਡੀਐਸ, ਆਯੁਸ਼, ਬੀਪੀਐਸਸੀ ਅਤੇ ਬੀਐੱਸਸੀ ਨਰਸਿੰਗ ਵਰਗੇ ਕੋਰਸ ਸ਼ਾਮਲ ਹਨ। ਪ੍ਰੀਖਿਆ ਦੇ ਸਮੇਂ ਉਮੀਦਵਾਰਾਂ ਲਈ ਉਹੀ ਪਛਾਣ ਪੱਤਰ ਲਿਆਉਣਾ ਲਾਜ਼ਮੀ ਹੈ ਜੋ ਅਰਜ਼ੀ ਦੇ ਸਮੇਂ ਵਰਤਿਆ ਗਿਆ ਸੀ। ਇਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਜਾਂ 12ਵੀਂ ਕਲਾਸ ਦਾ ਫੋਟੋ ਵਾਲਾ ਐਡਮਿਟ ਕਾਰਡ ਸ਼ਾਮਲ ਹੋ ਸਕਦਾ ਹੈ, ਪਰ ਇੰਨ੍ਹਾਂ ਦੀ ਫੋਟੋ ਕਾਪੀ ਮਨਜ਼ੂਰ ਨਹੀਂ ਹੋਵੇਗੀ। ਏਜੰਸੀ ਨੇ ਡ੍ਰੈੱਸ ਕੋਡ ਬਾਰੇ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਪੁਰਸ਼ ਉਮੀਦਵਾਰਾਂ ਨੂੰ ਬਿਨਾਂ ਮੈਟਲ ਬਟਨ ਵਾਲੀ ਪੈਂਟ/ਟਰਾਊਜ਼ਰ ਅਤੇ ਅੱਧੀ ਬਾਂਹਾਂ ਵਾਲੀ ਕਮੀਜ਼ ਜਾਂ ਟੀ-ਸ਼ਰਟ ਪਹਿਨਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਫੁੱਲ ਸਲੀਵ ਕਮੀਜ਼ ਦੀ ਆਗਿਆ ਨਹੀਂ ਹੋਵੇਗੀ। ਮਹਿਲਾ ਉਮੀਦਵਾਰ ਸਲਵਾਰ-ਕੁਰਤਾ, ਲੈਗਿੰਗ, ਟਰਾਊਜ਼ਰ ਜਾਂ ਟੀ-ਸ਼ਰਟ ਪਹਿਨ ਸਕਦੀਆਂ ਹਨ, ਬਸ ਉਨ੍ਹਾਂ ਵਿੱਚ ਕਿਸੇ ਕਿਸਮ ਦਾ ਮੈਟਲ ਨਾ ਹੋਵੇ। ਸਾਰੇ ਉਮੀਦਵਾਰਾਂ ਨੂੰ ਆਮ ਚੱਪਲ ਪਹਿਨ ਕੇ ਹੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣਾ ਹੋਵੇਗਾ।
-ਬਾਕਸ-
-ਜ਼ਰੂਰੀ ਦਸਤਾਵੇਜ਼
ਉਮੀਦਵਾਰਾਂ ਨੂੰ ਐਡਮਿਟ ਕਾਰਡ ਦਾ ਰੰਗੀਨ ਪ੍ਰਿੰਟ, ਇਕ ਪਾਸਪੋਰਟ ਸਾਈਜ਼ ਫੋਟੋ, ਇਕ ਵਾਧੂ ਫੋਟੋ ਅਟੈਂਡੈਂਸ ਸ਼ੀਟ ਲਈ ਅਤੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਨਾਲ ਲਿਆਉਣਾ ਹੋਵੇਗਾ। ਪ੍ਰੀਖਿਆ ਕਮਰੇ ਵਿੱਚ ਨਿਗਰਾਨ ਦੇ ਸਾਹਮਣੇ ਹੀ ਦਸਤਖਤ ਕਰਨੇ ਹੋਣਗੇ।
-ਬਾਕਸ-
-ਓਐਮਆਰ ਸ਼ੀਟ ਭਰਨ ਸਮੇਂ ਸਾਵਧਾਨੀ
ਆਰਡੀ ਕੈਮਿਸਟਰੀ ਕਲਾਸਿਜ਼ ਦੇ ਐਮਡੀ ਰਵਿੰਦਰ ਗਰਗ ਨੇ ਦੱਸਿਆ ਕਿ ਓਐਮਆਰ ਸ਼ੀਟ ‘ਤੇ ਰੋਲ ਨੰਬਰ, ਪੇਪਰ ਕੋਡ ਅਤੇ ਹੋਰ ਵੇਰਵੇ ਬਹੁਤ ਧਿਆਨ ਨਾਲ ਭਰੇ ਜਾਣ। ਉੱਤਰ ਭਰਦੇ ਸਮੇਂ ਓਵਲ ਨੂੰ ਓਵਰਲੈਪ ਨਾ ਕਰੋ ਅਤੇ ਕਿਸੇ ਵੀ ਕਿਸਮ ਦੀ ਕਟਿੰਗ ਜਾਂ ਓਵਰਰਾਈਟਿੰਗ ਤੋਂ ਬਚੋ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਓਐਮਆਰ ਸ਼ੀਟ ਅਤੇ ਸੰਬੰਧਿਤ ਦਸਤਾਵੇਜ਼ ਨਿਗਰਾਨ ਨੂੰ ਦੇਣਾ ਲਾਜ਼ਮੀ ਹੋਵੇਗਾ।
-ਬਾਕਸ-
-ਪ੍ਰੀਖਿਆ ਦੇਣ ਲਈ ਬਠਿੰਡਾ ਜ਼ਿਲ੍ਹੇ ’ਚ ਸਥਾਪਿਤ ਕੀਤੇ 7 ਕੇਂਦਰ
3 ਮਈ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਠਿੰਡਾ ਵਿੱਚ 7 ਪ੍ਰੀਖਿਆ ਕੇਂਦਰ ਬਣਾਏ ਹਨ। ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਨ੍ਹਾਂ ਵਿੱਚ ਪੀਐਮ ਸ੍ਰੀ ਕੇਂਦਰੀ ਵਿਦਿਆਲਿਆ ਨੰਬਰ 1, ਨੰਬਰ 4 ਅਤੇ ਨੰਬਰ 5, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ ਪਰਸ ਰਾਮ ਨਗਰ ਅਤੇ ਆਰਮੀ ਪਬਲਿਕ ਸਕੂਲ ਸ਼ਾਮਲ ਹਨ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ਕੇਂਦਰਾਂ ‘ਤੇ ਵਿਦਿਆਰਥੀਆਂ ਲਈ ਪੀਣ ਵਾਲਾ ਪਾਣੀ, ਬੈਠਣ ਦੀ ਢੰਗ ਨਾਲ ਵਿਵਸਥਾ, ਸਫ਼ਾਈ ਅਤੇ ਹੋਰ ਲਾਜ਼ਮੀ ਸੁਵਿਧਾਵਾਂ ਯਕੀਨੀ ਬਣਾਈਆਂ ਜਾਣ। ਇਸ ਤੋਂ ਇਲਾਵਾ ਮਾਪਿਆਂ ਲਈ ਵੀ ਬੈਠਣ ਦੀ ਵਿਵਸਥਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਦੇ ਪ੍ਰਬੰਧਾਂ ’ਤੇ ਵੀ ਖਾਸ ਧਿਆਨ ਦੇਣ ਲਈ ਕਿਹਾ ਹੈ। ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਪ੍ਰੀਖਿਆ ਕੇਂਦਰਾਂ ਦੇ ਨੇੜੇ ਯਥੋਚਿਤ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਅਤੇ ਟ੍ਰੈਫਿਕ ਤੇ ਪਾਰਕਿੰਗ ਦੀ ਸੁਚਾਰੂ ਵਿਵਸਥਾ ਕੀਤੀ ਜਾਵੇ, ਤਾਂ ਜੋ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇ ਕੇਂਦਰਾਂ ‘ਤੇ ਪ੍ਰੀਖਿਆ ਨੂੰ ਸ਼ਾਂਤੀਪੂਰਵਕ ਅਤੇ ਵਿਵਸਥਿਤ ਢੰਗ ਨਾਲ ਕਰਵਾਉਣ ਲਈ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।