ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦੀ ਤਿਆਰੀ ਜ਼ੋਰਾਂ ’ਤੇ, 26 ਮਈ ਨੂੰ 3.66 ਲੱਖ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ

-ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦੀ ਤਿਆਰੀ ਜ਼ੋਰਾਂ ’ਤੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਜ਼ਿਲ੍ਹੇ ਵਿੱਚ 26 ਮਈ ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਸ਼ੁਰੂ ਕੀਆਂ ਗਈਆਂ ਹਨ। ਜ਼ਿਲ੍ਹੇ ਦੇ ਕੁੱਲ 225 ਵਾਰਡਾਂ ਵਿਚ ਵੋਟਿੰਗ ਹੋਵੇਗੀ, ਜਿਸ ਲਈ 406 ਪੋਲਿੰਗ ਬੂਥ ਸਥਾਪਤ ਕੀਤੇ ਹਨ। ਚੋਣਾਂ ਵਿਚ ਕੁੱਲ 3,66,750 ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 1,90,324 ਪੁਰਸ਼, 1,76,412 ਮਹਿਲਾ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਬੰਧਾਂ, ਪੋਲਿੰਗ ਕੇਂਦਰਾਂ ’ਤੇ ਸਹੂਲਤਾਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਕੇਂਦਰਾਂ ’ਤੇ ਪੀਣ ਵਾਲੇ ਪਾਣੀ, ਬਿਜਲੀ, ਪਖਾਨਿਆਂ ਤੇ ਬੈਠਣ ਵਰਗੀਆਂ ਜ਼ਰੂਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ੍ਹੇ ਵਿੱਚ ਸਭ ਤੋਂ ਵੱਧ ਵੋਟਰ ਨਗਰ ਨਿਗਮ ਬਠਿੰਡਾ ਖੇਤਰ ਵਿੱਚ ਹਨ। ਨਗਰ ਨਿਗਮ ਦੇ 50 ਵਾਰਡਾਂ ਲਈ 216 ਪੋਲਿੰਗ ਬੂਥ ਬਣਾਏ ਗਏ ਹਨ। ਇੱਥੇ 26 ਮਈ ਨੂੰ ਕੁੱਲ 2,31,611 ਵੋਟਰ ਆਪਣੀ ਵੋਟ ਪਾਉਣਗੇ। ਨਿਗਮ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੇ ਆਪਣਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਨ ਸਭਾਵਾਂ, ਘਰ-ਘਰ ਜਾ ਕੇ ਸੰਪਰਕ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਮੌੜ ਵਿੱਚ 17 ਵਾਰਡਾਂ ਵਿਚ ਵੋਟਾਂ ਪੈਣੀਆਂ ਹਨ, ਜਿਸ ਲਈ ਇੱਥੇ 29 ਬੂਥ ਬਣਾਏ ਗਏ ਹਨ। ਮੌੜ ਮੰਡੀ ਵਿਚ ਵੀ 26 ਮਈ ਨੂੰ ਕੁੱਲ 24,644 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨਗਰ ਕੌਂਸਲ ਰਾਮਾਂ ਵਿੱਚ 15 ਵਾਰਡਾਂ ਲਈ ਵੋਟਾਂ ਪੈਣਗੀਆਂ , ਜਿਸ ਲਈ ਕੁੱਲ 18 ਬੂਥ ਬਣਾਏ ਗਏ ਹਨ ਅਤੇ ਇੱਥੇ 16,365 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਸੇ ਤਰ੍ਹਾਂ ਭੁੱਚੋ, ਗੋਨਿਆਣਾ, ਕੋਟਫੱਤਾ ਅਤੇ ਸੰਗਤ ਨਗਰ ਕੌਂਸਲਾਂ ਵਿੱਚ ਵੀ ਚੋਣੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਨਗਰ ਪੰਚਾਇਤਾਂ ਦੀ ਗੱਲ ਕਰੀਏ ਤਾਂ ਭਗਤਾ ਭਾਈਕਾ, ਕੋਟਸ਼ਮੀਰ, ਨਥਾਣਾ, ਲਹਿਰਾ ਮੁਹੱਬਤ, ਭਾਈਰੂਪਾ, ਮਹਿਰਾਜ, ਕੋਠਾਗੁਰੂ ਅਤੇ ਮਲੂਕਾ ਵਿੱਚ ਵੀ ਉਮੀਦਵਾਰ ਲੋਕਾਂ ਦੇ ਵਿਚਕਾਰ ਪਹੁੰਚ ਕੇ ਸਮਰਥਨ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ। ਸਫਾਈ ਪ੍ਰਬੰਧ, ਪੀਣ ਵਾਲਾ ਪਾਣੀ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਵਰਗੇ ਸਥਾਨਕ ਮੁੱਦੇ ਚੋਣ ਪ੍ਰਚਾਰ ਦੇ ਮੁੱਖ ਵਿਸ਼ੇ ਬਣੇ ਹੋਏ ਹਨ। ਪ੍ਰਸ਼ਾਸਨ ਨੇ ਵੋਟਰਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸ਼ਾਂਤੀਪੂਰਨ ਢੰਗ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟਿੰਗ ਫੀਸਦੀ ਵਧਾਉਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।
-ਬਾਕਸ-
ਇਸ ਦੇ ਨਾਲ ਹੀ ਤਲਵੰਡੀ ਸਾਬੋ ਦੇ ਵਾਰਡ ਨੰਬਰ 13 ਵਿੱਚ ਜ਼ਿਮਨੀ ਚੋਣ ਵੀ ਕਰਵਾਈ ਜਾਵੇਗੀ। ਇਸ ਵਾਰਡ ’ਚ ਕੁੱਲ 1236 ਵੋਟਰ ਹਨ, ਜਿਨ੍ਹਾਂ ਵਿੱਚ 659 ਪੁਰਸ਼ ਤੇ 577 ਮਹਿਲਾ ਵੋਟਰ ਸ਼ਾਮਲ ਹਨ। ਉਪ ਚੋਣ ਨੂੰ ਲੈ ਕੇ ਵੀ ਪ੍ਰਸ਼ਾਸਨ ਵੱਲੋਂ ਵੱਖਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਵਿਵਸਥਾਵਾਂ ਸਮੇਂ ਸਿਰ ਪੂਰੀਆਂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਮਨੀ ਚੋਣ ਲਈ ਤਲਵੰਡੀ ਸਾਬੋ ਵਿਚ ਅਧਿਕਾਰੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ।
-ਬਾਕਸ-
ਸੰਸਥਾ ਵਾਰਡ ਬੂਥ ਮਰਦ ਔਰਤ ਤੀਜਾ ਲਿੰਗ ਕੁੱਲ
ਨਗਰ ਨਿਗਮ 50 216 1,19,452 1,12,152 7 2,31,611
ਨਗਰ ਕੌਂਸਲ ਭੁੱਚੋ 13 13 6,624 2,008 0 12,632
ਨਗਰ ਕੌਂਸਲ ਗੋਨਿਆਣਾ 13 13 6,519 6,028 0 12,547
ਨਗਰ ਕੌਂਸਲ ਕੋਟਫੱਤਾ 11 11 3,231 2,990 0 6,221
ਨਗਰ ਕੌਂਸਲ ਮੌੜ 17 29 13,013 11,629 2 24,644
ਨਗਰ ਕੌਂਸਲ ਰਾਮਾਂ 15 18 8,604 7,759 2 16,365
ਨਗਰ ਕੌਂਸਲ ਸੰਗਤ 9 9 1,100 965 1 2,066
,,,,,,,,,,,,,,,,,,,,
ਨਗਰ ਪੰਚਾਇਤਾਂ
ਭਗਤਾ ਭਾਈਕਾ 13 13 5,263 4,801 2 10,066
ਕੋਟਸ਼ਮੀਰ 13 13 3,906 3,539 0 7,445
ਨਥਾਣਾ 11 11 3,195 2,927 0 6,122
ਲਹਿਰਾ ਮੁਹੱਬਤ 11 11 2,895 2,659 0 5,554
ਭਾਈਰੂਪਾ 13 13 5,298 4,732 0 10,030
ਮਹਿਰਾਜ 13 13 4,789 4,398 0 9,187
ਕੋਠਾਗੁਰੂ 11 11 3,553 3,236 0 6,789
ਮਲੂਕਾ 11 11 2,223 2,012 0 4,235
ਕੁੱਲ 225 406 1,90,324 1,76,412 14 3,66,750
ਇਸ ਦੇ ਨਾਲ ਹੀ ਤਲਵੰਡੀ ਸਾਬੋ ਦੇ ਵਾਰਡ ਨੰਬਰ 13 ਵਿੱਚ ਵੀ ਜ਼ਿਮਨੀ ਚੋਣ ਹੋਵੇਗੀ। ਇੱਥੇ ਕੁੱਲ 1,236 ਵੋਟਰ ਹਨ, ਜਿਨ੍ਹਾਂ ਵਿੱਚ 659 ਪੁਰਸ਼ ਅਤੇ 577 ਮਹਿਲਾ ਵੋਟਰ ਹਨ।