ਨਿਗਮ ਚੋਣਾਂ : ਗਿਣਤੀ ਕੇਂਦਰ ’ਚ ਦਿਨ ਭਰ ਹੰਗਾਮਾ, ਧਾਂਦਲੀ ਦੇ ਲੱਗੇ ਦੋਸ਼
: ਸਥਾਨਕ ਨਿਗਮ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ’ਤੇ ਦਿਨ ਭਰ ਹੰਗਾਮੇ ਵਾਲਾ ਮਾਹੌਲ ਬਣਿਆ ਰਿਹਾ। ਅਕਾਲੀ ਦਲ, ਭਾਜਪਾ ਤੇ ਕਾਂਗਰਸੀ ਆਗੂਆਂ ਵੱਲੋਂ ਗਿਣਤੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦੇ ਹੋਏ ਧਾਂਦਲੀ ਤੇ ਬੇਨਿਯਮੀਆਂ ਦੇ ਦੋਸ਼ ਲਗਾਏ।
Publish Date: Fri, 29 May 2026 08:44 PM (IST)
Updated Date: Sat, 30 May 2026 04:08 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਿਗਮ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ’ਤੇ ਦਿਨ ਭਰ ਹੰਗਾਮੇ ਵਾਲਾ ਮਾਹੌਲ ਬਣਿਆ ਰਿਹਾ। ਅਕਾਲੀ ਦਲ, ਭਾਜਪਾ ਤੇ ਕਾਂਗਰਸੀ ਆਗੂਆਂ ਵੱਲੋਂ ਗਿਣਤੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦੇ ਹੋਏ ਧਾਂਦਲੀ ਤੇ ਬੇਨਿਯਮੀਆਂ ਦੇ ਦੋਸ਼ ਲਗਾਏ। ਕਈ ਉਮੀਦਵਾਰਾਂ ਨੇ ਮੁੜ ਗਿਣਤੀ ਦੀ ਮੰਗ ਕੀਤੀ, ਜਦਕਿ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕਰਨ ਵਿੱਚ ਹੋਈ ਦੇਰੀ ਨੂੰ ਲੈ ਕੇ ਵੀ ਰੋਸ ਪ੍ਰਗਟਾਇਆ। ਸਭ ਤੋਂ ਵੱਡਾ ਵਿਵਾਦ ਵਾਰਡ-47 ਦੀ ਗਿਣਤੀ ਦੌਰਾਨ ਸਾਹਮਣੇ ਆਇਆ। ਭਾਜਪਾ ਉਮੀਦਵਾਰ ਡਾ. ਰਜਨੀ ਜਿੰਦਲ ਦੇ ਪਤੀ ਡਾ. ਤਰਸੇਮ ਗਰਗ ਨੇ ਦੋਸ਼ ਲਗਾਇਆ ਕਿ ਤੀਜੇ ਰਾਊਂਡ ਦੀ ਗਿਣਤੀ ਦੌਰਾਨ ਇੱਕ ਵੋਟ ਗਾਇਬ ਮਿਲੀ ਅਤੇ ਵਾਰਡ ਨੰਬਰ 45 ਵਿੱਚ ਦੋ ਵਾਧੂ ਵੋਟਾਂ ਮਿਲੀਆਂ। ਉਨ੍ਹਾਂ ਬੈਲਟ ਬਾਕਸ ਦੀ ਸੀਲ ਟੁੱਟੀ ਹੋਣ ਅਤੇ ਅਧਿਕਾਰੀਆਂ ਵੱਲੋਂ ਖਾਲੀ ਫਾਰਮਾਂ ’ਤੇ ਦਸਤਖਤ ਕਰਨ ਲਈ ਦਬਾਅ ਬਣਾਉਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 7 ਵਿੱਚ ਭਾਜਪਾ ਉਮੀਦਵਾਰ ਮਨਦੀਪ ਕੌਰ ਦੇ ਪਤੀ ਬਸੰਤ ਸਿੰਘ ਅਗਰੌਈਆ ਨੇ ਦੋਸ਼ ਲਗਾਇਆ ਕਿ ਗਿਣਤੀ ਦੌਰਾਨ ਉਨ੍ਹਾਂ ਨੂੰ ਬੈਲਟ ਪੇਪਰ ਨਹੀਂ ਦਿਖਾਏ ਗਏ। ਉਨ੍ਹਾਂ ਮੁੜ ਗਿਣਤੀ ਦੀ ਮੰਗ ਕਰਦਿਆਂ ਗਿਣਤੀ ਪ੍ਰਕਿਰਿਆ ਨੂੰ ਗੈਰ-ਪਾਰਦਰਸ਼ੀ ਕਰਾਰ ਦਿੱਤਾ। ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਖ਼ਿਲਾਫ਼ ਗਿਣਤੀ ਕੇਂਦਰ ਬਾਹਰ ਪ੍ਰਦਰਸ਼ਨ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ ਮਾਮਲਾ ਸ਼ਾਂਤ ਹੋਇਆ। ਦਿਨ ਭਰ ਚੱਲੇ ਇਸ ਹੰਗਾਮੇ ਕਾਰਨ ਗਿਣਤੀ ਕੇਂਦਰਾਂ ਬਾਹਰ ਭਾਰੀ ਭੀੜ ਇਕੱਠੀ ਰਹੀ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸਾਰੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।