ਚੋਣ ਪ੍ਰਚਾਰ ਖਤਮ ਹੋਣ ਤੋ ਪਹਿਲਾਂ ਰਵਨੀਤ ਬਿੱਟੂ ਨੇ ਉਮੀਦਵਾਰਾਂ ਲਈ ਮੰਗੀਆਂ ਵੋਟਾਂ

-ਸੂਬਾ ਸਰਕਾਰ 'ਤੇ ਕੀਤੇ ਵਾਰ, ਨਗਰ ਕੌਂਸਲ ਚੋਣਾਂ ’ਚ ਗੜਬੜੀ ਹੋਣ ’ਤੇ ਕਾਰਵਾਈ ਦੀ ਚਿਤਾਵਨੀ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਪੰਜਾਬ ਵਿੱਚ 26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭੜਕ ਚੁੱਕੀਆਂ ਹਨ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਉਮੀਦਵਾਰਾਂ ਦੇ ਪੱਖ ਵਿੱਚ ਮੌੜ ਮੰਡੀ ਵਿਖੇ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਸ ਚੋਣ ਰੈਲੀ ਦੌਰਾਨ ਰਵਨੀਤ ਬਿੱਟੂ ਨੇ ਸੂਬੇ ਦੀ ਸੱਤਾਧਾਰੀ ‘ਆਪ’ ਦੀ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ। ਜਨਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਨੇ ਸੂਬੇ ਨੂੰ ਵਿਕਾਸ ਦੇ ਪੱਖੋਂ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵੇਲੇ ਕੀਤੇ ਗਏ ਵੱਡੇ-ਵੱਡੇ ਵਾਅਦੇ ਅੱਜ ਹਵਾ ਹਵਾਈ ਸਾਬਤ ਹੋ ਰਹੇ ਹਨ। ਸ਼ਹਿਰਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ, ਸੜਕਾਂ ਟੁੱਟੀਆਂ ਹੋਈਆਂ ਹਨ ਤੇ ਸਫਾਈ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ।
ਉਨ੍ਹਾਂ ਕਿਹਾ ਕਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਸੂਬਾ ਸਰਕਾਰ ਪੰਜਾਬੀਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਸਿਰਫ਼ ਪ੍ਰਚਾਰ ਤੇ ਸਿਆਸੀ ਹੱਥਕੰਡਿਆਂ ਵਿੱਚ ਮਸਤ ਹੈ। ਹੁਣ ਸਮਾਂ ਆ ਗਿਆ ਹੈ ਕਿ ਸ਼ਹਿਰਾਂ ਦੇ ਵਿਕਾਸ ਲਈ ਲੋਕ ਸਹੀ ਬਦਲ ਦੀ ਚੋਣ ਕਰਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਕਿਸੇ ਨੇ ਵੀ ਚੋਣਾਂ ਚ ਗੜਬੜੀ ਕੀਤੀ ਤਾਂ ਸ਼ਿਕਾਇਤ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਦਿੱਤੀ ਜਾਵੇਗੀ ਅਤੇ ਡੀਸੀ ਤੇ ਐਸਐਸਪੀ ਪੱਧਰ ਦੇ ਅਧਿਕਾਰੀਆਂ ਤੱਕ ਤੇ ਸਖਤ ਕਾਰਵਾਈ ਹੋਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਗਰ ਕੌਂਸਲ ਚੋਣਾਂ ਸਿਰਫ਼ ਸਥਾਨਕ ਚੋਣਾਂ ਨਹੀਂ ਹਨ, ਸਗੋਂ ਇਹ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ 'ਸੈਮੀਫਾਈਨਲ' ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਅਗਵਾਈ ਵਾਲੀ ਡਬਲ ਇੰਜਣ ਦੀ ਸਰਕਾਰ ਬਣੇਗੀ। ਰੇਲ ਰਾਜ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਤਤਪਰ ਹੈ। ਰੇਲਵੇ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਪੰਜਾਬ ਵਿੱਚ ਤੇਜ਼ੀ ਨਾਲ ਲਿਆਂਦੇ ਜਾ ਰਹੇ ਹਨ। ਜੇਕਰ ਸਥਾਨਕ ਨਗਰ ਕੌਂਸਲਾਂ ਵਿੱਚ ਭਾਜਪਾ ਦੇ ਨੁਮਾਇੰਦੇ ਜਿੱਤ ਕੇ ਆਉਂਦੇ ਹਨ, ਤਾਂ ਕੇਂਦਰੀ ਸਕੀਮਾਂ ਦਾ ਪੈਸਾ ਸਿੱਧਾ ਸ਼ਹਿਰਾਂ ਦੇ ਵਿਕਾਸ 'ਤੇ ਲੱਗੇਗਾ ਅਤੇ ਕੋਈ ਵੀ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਜਨਸਭਾ ਦੌਰਾਨ ਸਥਾਨਕ ਭਾਜਪਾ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ। ਰਵਨੀਤ ਬਿੱਟੂ ਦੇ ਤਿੱਖੇ ਤੇਵਰਾਂ ਅਤੇ ਭਾਸ਼ਣ ਨੇ ਚੋਣ ਮੈਦਾਨ ਵਿੱਚ ਉਤਰੇ ਭਾਜਪਾ ਉਮੀਦਵਾਰਾਂ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ।