ਬਿਜਲੀ ਕੱਟਾਂ ਦੇ ਰੋਸ ’ਚ ਗਰਿੱਡ ਅੰਦਰ ਦਾਖ਼ਲ ਹੋਏ ਲੋਕ
ਬਿਜਲੀ ਕੱਟਾਂ ਦੇ ਰੋਸ ਵਿਚ ਗਰਿੱਡ ਅੰਦਰ ਦਾਖਲ ਹੋਏ ਲੋਕ, ਸਟਾਫ ਨੂੰ ਬੰਦੀ ਬਣਾਉਣ ’ਤੇ ਅਣਪਛਾਤਿਆਂ ਖਿਲਾਫ ਕੇਸ
Publish Date: Tue, 28 Apr 2026 05:05 PM (IST)
Updated Date: Wed, 29 Apr 2026 04:05 AM (IST)

-ਸਟਾਫ ਨੂੰ ਬੰਦੀ ਬਣਾਉਣ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ਵਿਚ ਲੱਗ ਰਹੇ ਲਗਾਤਾਰ ਬਿਜਲੀ ਕੱਟਾਂ ਕਾਰਨ ਲੋਕਾਂ ਵਿਚ ਗੁੱਸਾ ਵੱਧ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਮਾਹੌਲ ਤਨਾਅ ਵਾਲਾ ਬਣਿਆ ਹੋਇਆ ਹੈ। ਬਿਜਲੀ ਸਪਲਾਈ ਤੋਂ ਨਾਰਾਜ਼ ਕੁਝ ਵਿਅਕਤੀਆਂ ਵੱਲੋਂ 220 ਕੇਵੀ ਬਿਜਲੀ ਗਰਿੱਡ ਮੌੜ ਵਿਚ ਦਾਖਲ ਹੋ ਕੇ ਸਟਾਫ ਨਾਲ ਬਦਸਲੂਕੀ ਕਰਨ, ਉਨ੍ਹਾਂ ਨੂੰ ਬੰਦੀ ਬਣਾਉਣ ਅਤੇ ਆਪਣੇ ਤੌਰ ’ਤੇ ਬਿਜਲੀ ਸਪਲਾਈ ਚਾਲੂ ਕਰਨ ਦੇ ਮਾਮਲੇ ਵਿਚ ਥਾਣਾ ਮੌੜ ਮੰਡੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਿਜਲੀ ਵਿਭਾਗ ਦੇ ਏਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਦੀ ਰਾਤ ਇਲਾਕੇ ਵਿੱਚ ਬਿਜਲੀ ਦੇ ਕੱਟ ਲੱਗੇ ਹੋਏ ਸਨ, ਜਿਸ ਕਾਰਨ ਕੁਝ ਲੋਕ ਗੁੱਸੇ ਵਿਚ ਗਰਿੱਡ ਸਟੇਸ਼ਨ ਦੇ ਅੰਦਰ ਜਬਰਦਸਤੀ ਦਾਖਲ ਹੋ ਗਏ। ਉਨ੍ਹਾਂ ਨੇ ਡਿਊਟੀ ’ਤੇ ਮੌਜੂਦ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕੀਤੀ, ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਬੰਦੀ ਬਣਾ ਕੇ ਰੱਖਿਆ। ਸ਼ਿਕਾਇਤ ਮੁਤਾਬਕ ਉਕਤ ਵਿਅਕਤੀਆਂ ਨੇ ਬਿਨਾਂ ਕਿਸੇ ਅਧਿਕਾਰ ਦੇ ਆਪਣੇ ਆਪ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ, ਜਿਸ ਨਾਲ ਗੰਭੀਰ ਹਾਦਸਾ ਵਾਪਰਨ ਦਾ ਖਤਰਾ ਬਣ ਗਿਆ ਸੀ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਚ ਵੋਲਟੇਜ ਗਰਿੱਡ ਸਟੇਸ਼ਨ ਅੰਦਰ ਬਿਨਾਂ ਇਜਾਜ਼ਤ ਦਾਖਲ ਹੋਣਾ ਨਾ ਸਿਰਫ਼ ਕਾਨੂੰਨੀ ਉਲੰਘਣਾ ਹੈ, ਸਗੋਂ ਇਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਥਾਣਾ ਮੌੜ ਮੰਡੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਗਰਿੱਡ ਸਟੇਸ਼ਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਦੂਜੇ ਪਾਸੇ ਇਲਾਕੇ ਵਿਚ ਲਗਾਤਾਰ ਬਿਜਲੀ ਕੱਟਾਂ ਕਾਰਨ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਗਰਮੀ ਦੇ ਮੌਸਮ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਘਰੇਲੂ ਖਪਤਕਾਰਾਂ, ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬਿਜਲੀ ਦੇ ਕੱਟ ਲੱਗਣ ਨਾਲ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਜਦਕਿ ਕਾਰੋਬਾਰ ਅਤੇ ਖੇਤੀਬਾੜੀ ਦੇ ਕੰਮਾਂ ’ਤੇ ਵੀ ਅਸਰ ਪੈ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਕਾਨੂੰਨੀ ਅਤੇ ਪ੍ਰਸ਼ਾਸਕੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਨਾ ਕਿ ਸਰਕਾਰੀ ਅਦਾਰਿਆਂ ਵਿਚ ਜ਼ਬਰਦਸਤੀ ਦਾਖਲ ਹੋ ਕੇ ਇਸ ਘਟਨਾ ਤੋਂ ਬਾਅਦ ਗਰਿੱਡ ਸਟੇਸ਼ਨਾਂ ਦੀ ਸੁਰੱਖਿਆ ਤੇ ਸਟਾਫ ਦੀ ਸੁਰੱਖਿਆ ਸਬੰਧੀ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦੀ ਨਾਰਾਜ਼ਗੀ ਅਤੇ ਬਿਜਲੀ ਪ੍ਰਬੰਧਾਂ ਵਿਚ ਆ ਰਹੀਆਂ ਦਿੱਕਤਾਂ ਕਾਰਨ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਲਈ ਚੁਣੌਤੀ ਹੋਰ ਵੱਧ ਸਕਦੀ ਹੈ।