ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਪ੍ਰਦਰਸ਼ਨ
ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ ਐਸਡੀਐਮ ਦਫ਼ਤਰ ਅੱਗੇ ਪ੍ਰਦਰਸ਼ਨ
Publish Date: Thu, 30 Apr 2026 04:36 PM (IST)
Updated Date: Fri, 01 May 2026 04:05 AM (IST)

-ਬਿਜਲੀ ਕੱਟ ਤੁਰੰਤ ਬੰਦ ਨਾ ਹੋਏ ਤਾਂ ਤਿੱਖਾ ਸੰਘਰਸ਼ ਕਰਾਂਗੇ : ਬਬਲੀ ਢਿੱਲੋਂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਵੀਰਵਾਰ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਐਸਡੀਐਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਸੂਬੇ ਵਿਚ ਕਈ ਨਵੇਂ ਬਿਜਲੀ ਪ੍ਰੋਜੈਕਟ ਲਗਾਏ ਗਏ ਸਨ, ਜਿਸ ਕਾਰਨ ਬਿਜਲੀ ਦੀ ਕੋਈ ਘਾਟ ਨਹੀਂ ਸੀ ਪਰ ਬਾਅਦ ਦੀਆਂ ਸਰਕਾਰਾਂ ਨੇ ਬਿਜਲੀ ਢਾਂਚੇ(ਇੰਫ੍ਰਾਸਟਰਕਚਰ) ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਹਾਲਾਤ ਵਿਗੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿਚ ਹੀ 12-12 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਅੱਤ ਦੀ ਪੈ ਰਹੀ ਗਰਮੀ ਵਿਚ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਪਿੰਡਾਂ ਵਿਚ ਹਾਲਾਤ ਹੋਰ ਵੀ ਮਾੜੇ ਹਨ, ਜਿੱਥੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਪਿੰਡਾਂ ਦੇ ਲੋਕ ਬਿਜਲੀ ਗਰਿੱਡਾਂ ਅਤੇ ਸੜਕਾਂ ਨੂੰ ਜਾਮ ਕਰਨ ਲਈ ਮਜਬੂਰ ਹੋ ਰਹੇ ਹਨ। ਢਿੱਲੋਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਬਦਇੰਤਜ਼ਾਮੀ ਤੇ ਲਾਪ੍ਰਵਾਹੀ ਕਾਰਨ ਹੀ ਇਹ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਢੁੱਕਵੇਂ ਕਦਮ ਚੁੱਕ ਕੇ ਬਿਜਲੀ ਸਪਲਾਈ ਸੁਚਾਰੂ ਨਾ ਕੀਤੀ ਤਾਂ ਸ੍ਰੋਅਦ ਵੱਲੋਂ ਇਸ ਤੋਂ ਵੀ ਵੱਡਾ ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਗੁਰਸੇਵਕ ਸਿੰਘ ਮਾਨ, ਰਾਜਬਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਯਾਦੀ, ਕੁਲਦੀਪ ਨੰਬਰਦਾਰ, ਮੋਹਨਜੀਤ ਸਿੰਘ ਪੁਰੀ, ਸੁਖਦੇਵ ਸਿੰਘ ਬਰਾੜ, ਬਲਵਿੰਦਰ ਕੌਰ, ਜੋਗਿੰਦਰ ਕੌਰ, ਜਗਦੀਪ ਸਿੰਘ ਗਹਿਰੀ, ਰੋਸ਼ਨ ਗਿਆਨਾ, ਐਮਸੀ ਮੱਖਣ ਸਿੰਘ, ਜੰਗੀਰ ਸਿੰਘ, ਨਛੱਤਰ ਸਿੰਘ, ਰਾਜਦੀਪ ਸਿੰਘ ਸੋਈ, ਮਨਿੰਦਰ ਸਿੰਘ ਸੋਢੀ, ਹਸਰਤ ਮਿੱਡੂ ਖੇੜਾ, ਭੂਪਿੰਦਰ ਭੂਪਾ, ਹਰਪ੍ਰੀਤ ਰਾਜੂ ਤੱਗੜ, ਦਰਸ਼ਨ ਰੋਮਾਣਾ, ਭੂਪਿਂਦਰ ਸਿੰਘ ਚਾਹਲ, ਐਡਵੋਕੇਟ ਵਿਕਰਮ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਸੰਧੂ, ਸੁਮਿਤ ਕੁਮਾਰ ਬਿੰਟਾ, ਜਗਜੀਤ ਸਿੰਘ ਭੁੱਲਰ, ਰਾਜਿੰਦਰ ਸਿੰਘ ਰਾਜੂ ਮਾਨ, ਨੈਬ ਸਿੰਘ ਬਰਾੜ, ਇਕਬਾਲ ਸਿੰਘ ਮਿਠੜੀ, ਬਲਵਿੰਦਰ ਸਿੰਘ ਬੱਲੀ, ਪਰਮਪਾਲ ਸਿੰਘ ਸਿੱਧੂ, ਕਰਮਜੋਗ ਸਿੰਘ ਮਾਨ, ਹਰਤਾਰ ਸਿੰਘ, ਪ੍ਰਿਤਪਾਲ ਸਿੰਘ, ਰਵਿੰਦਰ ਸਿੰਘ ਚੀਮਾ, ਸੁਨੀਲ ਫੌਜੀ, ਨਰਿਂਦਰ ਪਾਲ ਸਿੰਘ ਲਾਡੀ, ਹਰਮਨ ਪਾਲ ਸਿੰਘ ਰਿੰਕਾ, ਹਰਵਿੰਦਰ ਗੰਜੂ, ਭੋਲਾ ਸਿੰਘ ਸਮੇਤ ਹੋਰ ਵਰਕਰ ਵੀ ਮੌਜੂਦ ਸਨ।