ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨੇ ਕੀਤਾ ਰੋਸ ਮੁਜ਼ਾਹਰਾ
ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ
Publish Date: Sat, 16 May 2026 06:21 PM (IST)
Updated Date: Sun, 17 May 2026 04:10 AM (IST)
-ਕੀਤੀ ਨਾਅਰੇਬਾਜ਼ੀ, ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਕੀਤਾ ਕੋਝਾ ਯਤਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੰਗ ਪੱਤਰ ਦੇਣ ਗਏ ਕਿਸਾਨਾਂ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਵਿਚ ਪੰਜਾਬ ਦੇ ਰਾਜਪਾਲ ਅਤੇ ਭਾਜਪਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ।
ਅਰਥੀ ਫੂਕ ਮੁਜ਼ਾਹਰਰੇ ਦੌਰਾਨ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਦੇ ਪਾਣੀਆਂ ਸਬੰਧੀ ਮੰਗ ਪੱਤਰ ਦੇਣ ਗਏ ਸਨ, ਪਰ ਰਾਜਪਾਲ ਵੱਲੋਂ ਮੰਗ ਪੱਤਰ ਲੈ ਕੇ ਗੱਲ ਸੁਣਨ ਦੀ ਬਜਾਏ ਕਿਸਾਨਾਂ ’ਤੇ ਡਾਂਗ ਫ਼ੇਰਨ, ਪਾਣੀ ਦੀਆਂ ਬੁਛਾੜਾਂ ਮਾਰਨ ਦਾ ਫੁਰਮਾਨ ਜਾਰੀ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਕੋਝਾ ਯਤਨ ਕੀਤਾ ਹੈ। ਇਸ ਨੂੰ ਬਰਦਾਸ਼ਤ ਕਰਨਾ ਔਖੀ ਗੱਲ ਹੈ।
ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਹੱਕ ਹੈ ਪਰ ਭਾਜਪਾ ਹਕੂਮਤ ਜਿਸ ਦਾ ਚੰਡੀਗੜ੍ਹ ਵਿਚ ਕੰਟਰੋਲ ਹੈ ਅਜਿਹਾ ਨਹੀਂ ਕਰਨ ਦੇ ਰਹੀ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਮੰਗਾਂ ਸਬੰਧੀ ਬੋਲਣ ਦਾ ਹੱਕ ਨਹੀਂ ਤਾਂ ਕਿਸਾਨ ਭਾਜਪਾ ਨੂੰ ਪਿੰਡਾਂ ਵਿੱਚ ਕਿਉਂ ਦਾਖਲ ਹੋਣ ਦੇਣਗੇ। ਭੈਣੀ ਬਾਘਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਗੱਲਾਂ ਲੋਕਤੰਤਰ ਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਕਿਸੇ ਨੂੰ ਵੀ ਜਾਇਜ਼ ਮੰਗਾਂ ਤੇ ਬੋਲਣ ਦੀ ਆਗਿਆ ਨਹੀਂ, ਜਾਂ ਤਾਂ ਝੂਠੇ ਕੇਸ ਪਾ ਕੇ ਜ਼ੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਕੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਦੇ ਜਾਲ ਵਿਚ ਫ਼ਸ ਚੁੱਕਿਆ ਹੈ। ਇਸ ਨੂੰ ਕਿਸੇ ਪਾਸਿਉਂ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ। ਕਿਸਾਨ ਆਗੂ ਨੇ ਕਿਹਾ ਝੋਨੇ ਦੀ ਫ਼ਸਲ ਦੇ ਰੇਟ ਵਿੱਚ ਕੇਂਦਰ ਸਰਕਾਰ ਨੇ 72 ਪੈਸੇ ਪ੍ਰਤੀ ਕਿੱਲੋ ਵਾਧਾ ਕੀਤਾ ਹੈ, ਜਦਕਿ ਡੀਜ਼ਲ ਦਾ ਰੇਟ 3 ਰੁਪਏ ਪ੍ਰਤੀ ਲੀਟਰ ਵੱਧ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਸਰਕਾਰਾਂ ਦੇ ਜ਼ਬਰ ਅੱਗੇ ਝੁਕਣਗੀਆਂ ਨਹੀਂ, ਸਗੋਂ ਮਜ਼ਬੂਤ ਹੋ ਕੇ ਮੰਗਾਂ ਮਸਲਿਆਂ ਲਈ ਅੰਦੋਲਨ ਕਰਨਗੀਆਂ। ਇਸ ਮੌਕੇ ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ ਵੀ ਹਾਜ਼ਰ ਸਨ।