ਬੀਕੇਯੂ ਏਕਤਾ ਉਗਰਾਹਾਂ ਨੇ ਲਾਇਆ ਧਰਨਾ
ਕਣਕ ਦੀ ਸਰਕਾਰੀ ਖਰੀਦ ਪੂਰੀ ਤਰ੍ਹਾਂ
Publish Date: Thu, 16 Apr 2026 07:08 PM (IST)
Updated Date: Thu, 16 Apr 2026 07:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕਣਕ ਦੀ ਸਰਕਾਰੀ ਖ਼ਰੀਦ ਪੂਰੀ ਤਰ੍ਹਾਂ ਚਾਲੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੂਜੇ ਦਿਨ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਧਰਨਾ ਦੇ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ 1 ਅਪ੍ਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਕਰਨ ਦੇ ਕੀਤੇ ਹੋਏ ਫ਼ੈਸਲੇ ਤੇ ਪੂਰਾ ਵੀ ਅਮਲ ਨਹੀਂ ਹੋਇਆ। ਇਸ ਮੰਗ ਨੂੰ ਲੈ ਕੇ ਜਥੇਬੰਦੀ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਸੀ, ਜਿਸ ਤੋਂ ਬਾਅਦ ਥੋੜ੍ਹੀ ਬਹੁਤੀ ਖ਼ਰੀਦ ਸ਼ੁਰੂ ਹੋਈ ਹੈ, ਜੋ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਖ਼ਰੀਦ ਸ਼ਰਤਾਂ ਵਿੱਚ ਰਾਜਸਥਾਨ, ਹਰਿਆਣਾ ਵਿੱਚ ਢਿੱਲ ਦੇ ਦਿੱਤੀ ਹੈ, ਜੋ ਚੰਗੀ ਗੱਲ ਹੈ, ਪਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਮੰਡੀਆਂ ਨੱਕੋ ਨੱਕ ਭਰ ਗਈਆਂ ਹਨ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਵਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਪੂਰੀ ਤਰ੍ਹਾਂ ਸ਼ੁਰੂ ਕਰ ਕੇ ਤੇਜ਼ੀ ਲਿਆਂਦੀ ਜਾਵੇ ਅਤੇ ਨਾਲ ਦੀ ਨਾਲ ਮੰਡੀਆਂ ਖਾਲੀ ਕੀਤੀਆਂ ਜਾਣ ਤਾਂ ਜਿੰਨਾਂ ਕਿਸਾਨਾਂ ਦੀ ਕਣਕ ਅਜੇ ਖੇਤਾਂ ਵਿੱਚ ਖੜ੍ਹੀ ਹੈ, ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ, ਉਹ ਵੀ ਆਪਣੀ ਕਣਕ ਸਮੇਂ ਸਿਰ ਮੰਡੀਆਂ ਵਿੱਚ ਲੈ ਆਉਣ। ਜੇਕਰ ਅਜਿਹਾ ਨਾ ਹੋਇਆ ਤਾਂ ਜੱਥੇਬੰਦੀ ਜ਼ਿਲ੍ਹਿਆਂ ਦੇ ਮੇਨ ਅਫ਼ਸਰਾਂ ਨੂੰ ਲਗਾਤਾਰ ਘੇਰਨ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉਤਮ ਸਿੰਘ ਰਾਮਾਂਨੰਦੀ, ਕਾਲਾ ਸਿੰਘ ਮੰਡੇਰ, ਹਰਪਾਲ ਪਾਲੀ ਮੀਰਪੁਰ, ਕੁਲਦੀਪ ਸਿੰਘ ਚਚੋਹਰ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਕਲੀਆ, ਜਗਸੀਰ ਸਿੰਘ ਜਵਾਹਰਕੇ, ਪਰਮਜੀਤ ਕੌਰ ਖੜ੍ਹਕ ਸਿੰਘ ਵਾਲਾ ਆਦਿ ਮੌਜੂਦ ਸਨ।