ਸਿੱਖਿਆ ਜਗਤ ਦਾ ਮਾਣ: ਰਾਜਿੰਦਰ ਸਿੰਘ ਦੀ 'ਸਰਬੋਤਮ ਅਧਿਆਪਕ' ਵਜੋਂ ਹੋਈ ਚੋਣ; ਸਿੱਖਿਆ ਦੇ ਖੇਤਰ 'ਚ ਪਾਏ ਯੋਗਦਾਨ ਦਾ ਮਿਲਿਆ ਸਨਮਾਨ
ਸਥਾਨਕ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਕੋਠੇ ਇੰਦਰ ਸਿੰਘ ਵਾਲਾ ਹੁਣ ਪੂਰੇ ਦੇਸ਼ ’ਚ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਿਛਲੇ ਲਗਭਗ 10 ਸਾਲਾਂ ਤੋਂ ਸੇਵਾ ਨਿਭਾਅ ਰਹੇ ਨੈਸ਼ਨਲ ਐਵਾਰਡੀ ਅਧਿਆਪਕ ਰਾਜਿੰਦਰ ਸਿੰਘ (ਗੋਨਿਆਣਾ ਮੰਡੀ) ਦੀ ਚੋਣ ਪੂਰੇ ਭਾਰਤ ’ਚੋਂ ਸਰਵੋਤਮ ਅਧਿਆਪਕ ਵਜੋਂ ਕੀਤੀ ਗਈ ਹੈ। ਇਸ ਉਪਲੱਬਧੀ ਕਾਰਨ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਧਿਆਪਕ ਰਾਜਿੰਦਰ ਸਿੰਘ ਨੂੰ ‘ਰੂਰਲ ਚੇਂਜ ਮੇਕਰ ਅਵਾਰਡ’ ਨਾਲ ਸਨਮਾਨਿਤ ਕੀਤਾ।
Publish Date: Thu, 12 Mar 2026 11:54 AM (IST)
Updated Date: Thu, 12 Mar 2026 11:56 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਕੋਠੇ ਇੰਦਰ ਸਿੰਘ ਵਾਲਾ ਹੁਣ ਪੂਰੇ ਦੇਸ਼ ’ਚ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਿਛਲੇ ਲਗਭਗ 10 ਸਾਲਾਂ ਤੋਂ ਸੇਵਾ ਨਿਭਾਅ ਰਹੇ ਨੈਸ਼ਨਲ ਐਵਾਰਡੀ ਅਧਿਆਪਕ ਰਾਜਿੰਦਰ ਸਿੰਘ (ਗੋਨਿਆਣਾ ਮੰਡੀ) ਦੀ ਚੋਣ ਪੂਰੇ ਭਾਰਤ ’ਚੋਂ ਸਰਵੋਤਮ ਅਧਿਆਪਕ ਵਜੋਂ ਕੀਤੀ ਗਈ ਹੈ। ਇਸ ਉਪਲੱਬਧੀ ਕਾਰਨ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਧਿਆਪਕ ਰਾਜਿੰਦਰ ਸਿੰਘ ਨੂੰ ‘ਰੂਰਲ ਚੇਂਜ ਮੇਕਰ ਅਵਾਰਡ’ ਨਾਲ ਸਨਮਾਨਿਤ ਕੀਤਾ।
ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਰਾਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਐਕਟੀਵਿਟੀ ਬੇਸਡ ਐਜੂਕੇਸ਼ਨ ਨਾਲ ਜੋੜ ਕੇ ਆਧੁਨਿਕ ਸਿੱਖਿਆ ਦਾ ਮਾਡਲ ਬਣਾਇਆ ਹੈ। ਉਨ੍ਹਾਂ ਦੇ ਯਤਨਾਂ ਸਦਕਾ ਸਕੂਲ ’ਚ ਬੱਚਿਆਂ ਦੇ ਦਾਖਲਿਆਂ ’ਚ ਰਿਕਾਰਡ ਵਾਧਾ ਹੋਇਆ ਅਤੇ ਸਕੂਲ ਨੇ ਪੰਜਾਬ ਪੱਧਰ ’ਤੇ ਵੀ ਵਿਸ਼ੇਸ਼ ਪਹਿਚਾਣ ਬਣਾਈ। ਇਸ ਤੋਂ ਇਲਾਵਾ ਅਧਿਆਪਕ ਰਾਜਿੰਦਰ ਸਿੰਘ ਨੇ ਆਪਣੇ ਨਿੱਜੀ ਯਤਨਾਂ ਨਾਲ ਬਠਿੰਡਾ ਜ਼ਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ ਨੂੰ ਖਸਤਾਹਾਲ ਹਾਲਤ ਤੋਂ ਬਾਹਰ ਕੱਢ ਕੇ ਸਮਾਰਟ ਸਕੂਲਾਂ ਦੀ ਸ਼ਕਲ ਦਿੱਤੀ।
ਇਸ ਤੋਂ ਇਲਾਵਾ ਉਹ ਸਿੱਖਿਆ ਦੇ ਖੇਤਰ ’ਚ ਵਿਸ਼ਵ ਪ੍ਰਸਿੱਧ ਦੇਸ਼ ਫਿਨਲੈਂਡ ’ਚ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਵੀ ਪ੍ਰਾਪਤ ਕਰ ਚੁੱਕੇ ਹਨ। ਆਪਣੇ ਕਰੀਬ 20 ਸਾਲਾਂ ਦੇ ਅਧਿਆਪਨ ਸਫਰ ਦੌਰਾਨ ਉਨ੍ਹਾਂ ਨੇ ਚਾਰ ਵੱਖ-ਵੱਖ ਸਰਕਾਰੀ ਸਕੂਲਾਂ ਨੂੰ ਬਿਨਾਂ ਸਰਕਾਰੀ ਗਰਾਂਟ ਦੇ ਆਪਣੇ ਯਤਨਾਂ ਨਾਲ ਸਮਾਰਟ ਦਿੱਖ ਦੇਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮਹੱਤਵਪੂਰਨ ਉਪਲਬਧੀ ਨਾਲ ਅਧਿਆਪਕ ਰਾਜਿੰਦਰ ਸਿੰਘ ਬਠਿੰਡਾ ਜ਼ਿਲ੍ਹੇ ਦੇ ਅਜਿਹੇ ਪਹਿਲੇ ਅਧਿਆਪਕ ਬਣ ਗਏ ਹਨ, ਜਿਨ੍ਹਾਂ ਨੂੰ ਪੂਰੇ ਦੇਸ਼ ਵਿੱਚੋਂ ਸਰਵੋਤਮ ‘ਰੂਰਲ ਚੇਂਜ ਮੇਕਰ ਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਇਸ ਸਫਲਤਾ ਨਾਲ ਪਿੰਡ ਤੇ ਪੂਰੇ ਜ਼ਿਲ੍ਹੇ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।