ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਸੈਂਟਰਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਸੈਂਟਰਲ ਪਾਰਕ ਮਾਨਸਾ ਵਿਖੇ 29ਵੇਂ ਕਲਾ ਕਿਤਾਬ ਮੇਲੇ ਦੇ ਪ੍ਰੀਫ਼ੈਸਟ ਮੌਕੇ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਾਟਕਕਾਰ ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦੇ ਰੂਪ ਵਿੱਚ ਉਨ੍ਹਾਂ ਦੇ ਜੀਵਨ ਤੇ ਸਿਰਜਣਾਤਮਕਤਾ ਬਾਰੇ 'ਔਲਖ ਸਾਡਾ ਬਾਬਾ ਬੋਹੜ ' ਸਿਰਲੇਖ ਹੇਠ ਸਲਾਈਡ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨੇ ਹਾਜ਼ਰੀਨ ਨੂੰ ਭਾਵੁਕ ਕੀਤਾ। ਇਸ ਮੌਕੇ ਮੇਲੇ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਜਿਹੜੇ ਸਮਾਜ ਵਿੱਚੋਂ ਪੁਸਤਕਾਂ ਅਤੇ ਖੇਡ ਮੈਦਾਨ ਮਨਫੀ਼ ਹੋ ਜਾਣ ਉਸ ਵਿੱਚ ਨਸ਼ੇ, ਗੈਂਗਸਟਰ ਅਤੇ ਅਸ਼ਲੀਲ ਸਭਿਆਚਾਰ ਵਧਣ-ਫੁੱਲਣ ਲੱਗਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਪਰਿਵਾਰਾਂ ਵਿੱਚ ਕਲਾ ਤੇ ਪੁਸਤਕਾਂ ਨੂੰ ਥਾਂ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ ਪਿਛਲੇ ਅਠਾਈ ਸਾਲਾਂ ਨੂੰ ਸਮਾਜ ਵਿੱਚ ਚੇਤਨਤਾ ਅਤੇ ਚੰਗੇਰੀ ਸੋਚ ਦਾ ਹੋਕਾ ਦੇ ਰਿਹਾ ਹੈ ਤੇ ਇਸ ਵਾਰ ਵੀ ਵਿਸ਼ਵ ਪੱਧਰ 'ਤੇ ਮੰਡਰਾ ਰਹੇ ਸੰਸਾਰ ਜੰਗ ਦੇ ਬੱਦਲਾਂ ਦੀ ਆਹਟ ਨੂੰ ਮਹਿਸੂਸ ਕਰਦਿਆਂ 'ਜੰਗ ਨਹੀਂ ਅਮਨ' ਥੀਮ ਹੇਠ 22 ਤੋਂ 24 ਮਾਰਚ ਨੂੰ 29ਵਾਂ ਮੇਲਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਸਾਹਿਤਕ, ਸੱਭਿਆਚਾਰਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਹਾਜ਼ਰ ਨੁੰਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਤਿੰਨ ਦਿਨਾ ਕਲਾ ਕਿਤਾਬ ਮੇਲੇ ਵਿੱਚ ਬੁੱਧੀਜੀਵੀ, ਲੋਕ ਕਲਾਕਾਰ, ਸਾਹਿਤਕਾਰ ਅਤੇ ਵੱਡੇ ਸਕਾਲਰ ਸ਼ਿਰਕਤ ਕਰ ਰਹੇ ਹਨ ਤਾਂ ਕਿ ਵਰਤਮਾਨ ਅਤੇ ਭਵਿੱਖ ’ਚ ਮਨੁੱਖਤਾ ਨੂੰ ਯੁੱਧ ਦੇ ਸੇਕ ਤੋਂ ਮਹਿਫੂਜ਼ ਰੱਖਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਸ਼ਿਰਕਤ ਕਰਨ ਲਈ ਅਪੀਲ ਵੀ ਕੀਤੀ। ਇਸ ਮੌਕੇ ਮੇਲੇ ਦੇ ਸਰਪ੍ਰਸਤ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਹਰ ਰਾਤ ਪੰਜਾਬ ਦੀਆਂ ਪ੍ਰਸਿੱਧ ਨਾਟ ਮੰਡਲੀਆਂ ਵੱਲੋਂ ਥੀਮ ਨਾਲ਼ ਸੰਬੰਧਿਤ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ ਅਤੇ ਸਭਿਆਚਾਰ,ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮਾਤਾ ਮਨਜੀਤ ਕੌਰ ਔਲਖ, ਸੁਭਾਸ਼ ਬਿੱਟੂ, ਸੈਂਟਰਲ ਪਾਰਕ ਕਮੇਟੀ ਰਾਜਵਿੰਦਰ ਰਾਣਾ, ਵਾਇਸ ਆਫ਼ ਮਾਨਸਾ ਦੇ ਡਾਕਟਰ ਜਨਕ ਰਾਜ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾਕਟਰ ਧੰਨਾ ਮੱਲ ਗੋਇਲ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਬਿੱਕਰ ਸਿੰਘ ਮਘਾਣੀਆਂ ਸੀਨੀਅਰ ਸੀਟੀਜਨ, ਡਾ਼ ਗੁਰਮੇਲ ਕੌਰ ਜੋਸ਼ੀ, ਡਾ਼ ਸੁਪਨਦੀਪ ਕੌਰ, ਸੁਰੇਸ਼ ਨੰਦਗੜ੍ਹੀਆ, ਸਾਬਕਾ ਪ੍ਰਧਾਨ ਮਨਦੀਪ ਗੋਰਾ, ਜਤਿੰਦਰ ਕੁਮਾਰ ਆਗਰਾ, ਭੁਪਿੰਦਰ ਦਾਸ ਭੱਟੀ, ਬਾਜ਼ ਸਿੰਘ, ਪ੍ਰੋਫੈਸਰ ਹਰਜੀਵਨ ਸਰਾਂ, ਲਖਵਿੰਦਰ ਸਿੰਘ ਮੂਸਾ, ਗੁਰਨੈਬ ਮਘਾਣੀਆਂ, ਜਸਵਿੰਦਰ ਮੰਡੇਰ, ਗੁਰਜੰਟ ਸਿੰਘ ਲੱਲੂਆਣਾ, ਜਗਜੀਵਨ ਆਲੀਕੇ, ਸੁਖਜੀਵਨ, ਸੁਰਿੰਦਰ ਸਾਗਰ, ਗੁਲਾਬ ਰਿਉਂਦ, ਗੁਰਦੀਪ ਗਾਮੀਵਾਲਾ, ਅਰਸ਼ਦੀਪ ਚੌਹਾਨ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।